India

ਰੁਜ਼ਗਾਰ ਦੇ ਮੋਰਚੇ ’ਤੇ ਸਾਡੀ ਸਰਕਾਰ ਦਾ ‘ਟਰੈਕ ਰਿਕਾਰਡ’ ਸਭ ਤੋਂ ਵਧੀਆ: ਮੋਦੀ

ਭੁਵਨੇਸ਼ਵਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨੌਜੁਆਨਾਂ ਲਈ ਰੁਜ਼ਗਾਰ ਪੈਦਾ ਕਰਨ ’ਚ ਉਨ੍ਹਾਂ ਦੀ ਸਰਕਾਰ ਦਾ ‘ਟਰੈਕ ਰਿਕਾਰਡ’ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸੱਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਪੁਲਾੜ, ਸੈਮੀਕੰਡਕਟਰ ਨਿਰਮਾਣ ਅਤੇ ਇਲੈਕਟਿ੍ਰਕ ਗੱਡੀਆਂ ਵਰਗੇ ਉੱਭਰ ਰਹੇ ਖੇਤਰਾਂ ਨੂੰ ਸਮਰਥਨ ਦੇ ਨਾਲ-ਨਾਲ ਸਟਾਰਟਅੱਪਸ ਨੂੰ ਸਹਾਇਤਾ, ਬੁਨਿਆਦੀ ਢਾਂਚੇ ਅਤੇ ਪੀ.ਐਲ.ਆਈ. ਯੋਜਨਾਵਾਂ ’ਤੇ ਉਚਿਤ ਖਰਚ ਨੇ ਵਧੇਰੇ ਨੌਕਰੀਆਂ ਪੈਦਾ ਕਰਨ ’ਚ ਸਹਾਇਤਾ ਕੀਤੀ।
ਅਰਥਵਿਵਸਥਾ ’ਚ ਲੋੜੀਂਦੀਆਂ ਨੌਕਰੀਆਂ ਪੈਦਾ ਨਾ ਕਰਨ ਦੀ ਆਲੋਚਨਾ ’ਤੇ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਦੇ ਦਰਵਾਜ਼ੇ ’ਤੇ ਦੁਨੀਆਂ ਦੇ ਬਿਹਤਰੀਨ ਮੌਕਿਆਂ ਨੂੰ ਪਹੁੰਚਾਉਣ ਲਈ ‘ਵਿਆਪਕ, ਬਹੁ-ਖੇਤਰੀ ਦਿ੍ਰਸ਼ਟੀਕੋਣ’ ਨਾਲ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਨੌਜੁਆਨਾਂ ਲਈ ਵਧੇਰੇ ਮੌਕੇ ਪੈਦਾ ਕਰਨ ’ਚ ਸਾਡਾ ਟਰੈਕ ਰੀਕਾਰਡ ਪਿਛਲੀਆਂ ਸਰਕਾਰਾਂ ਮੁਕਾਬਲੇ ਸੱਭ ਤੋਂ ਵਧੀਆ ਰਿਹਾ ਹੈ।’’ ਵੱਧ ਰੁਜ਼ਗਾਰ ਪੈਦਾ ਕਰਨ ਦੀਆਂ ਹੋਰ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ’ਚ ਵੱਡੀ ਗਿਣਤੀ ’ਚ ਭਰਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਪਿਛਲੇ ਇਕ ਸਾਲ ’ਚ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਭਰਤੀ ਲਈ ਲੱਖਾਂ ਨਿਯੁਕਤੀ ਪੱਤਰ ਦਿਤੇ ਗਏ ਹਨ।’’ ਉਨ੍ਹਾਂ ਕਿਹਾ ਕਿ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਨਿੱਜੀ ਖੇਤਰ ਦੇ ਵਿਕਾਸ ਲਈ ਅਨੁਕੂਲ ਮਾਹੌਲ ਬਣਾਇਆ ਹੈ, ਜਿਸ ਨਾਲ ਨੌਕਰੀਆਂ ਵੀ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ, ‘‘10 ਸਾਲਾਂ ਦੇ ਅੰਦਰ ਅਸੀਂ ਅਪਣੀ ਵਪਾਰ ਕਰਨ ’ਚ ਆਸਾਨੀ ਦਰਜਾਬੰਦ 2014 ਦੇ 134ਵੇਂ ਸਥਾਨ ਤੋਂ 2024 ’ਚ 63ਵੇਂ ਸਥਾਨ ’ਤੇ ਪਹੁੰਚ ਗਏ ਹਾਂ।’’ ਉਨ੍ਹਾਂ ਸੰਕੇਤ ਦਿਤਾ ਕਿ ਨਿੱਜੀ ਖੇਤਰ ਲਈ ਭਾਰਤ ’ਚ ਕਾਰੋਬਾਰ ਕਰਨਾ ਜਿੰਨਾ ਸੌਖਾ ਹੋਵੇਗਾ, ਓਨਾ ਹੀ ਇਸ ਨਾਲ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ’ਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਨਿਰਮਾਣ ਕੇਂਦਰ ਬਣਾਉਣ ਲਈ ਵੱਖ-ਵੱਖ ਖੇਤਰਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀ.ਐਲ.ਆਈ.) ਯੋਜਨਾ ਲੈ ਕੇ ਆਈ ਹੈ।

Related posts

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

admin

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin