ਡਾਰਵਿਨ – ਨੌਰਦਰਨ ਟੈਰੀਟਰੀ ਦੇ ਕੈਥਰੀਨ ਇਲਾਕੇ ਵਿੱਚ 2023 ਦੌਰਾਨ ਹੋਏ ਭਿਆਨਕ ਰੇਲ ਹਾਦਸੇ ਦੇ ਮਾਮਲੇ ਵਿੱਚ ਟਰੱਕ ਡਰਾਈਵਰ ਨੂੰ 150 ਘੰਟੇ ਕਮਿਊਨਿਟੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਹੈ।
37 ਸਾਲਾ ਕ੍ਰਿਸਟੋਫਰ ਬਰਟੋ ਨੇ ਪਿਛਲੇ ਮਹੀਨੇ ਡਾਰਵਿਨ ਦੀ ਅਦਾਲਤ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਪਹੁੰਚਾਉਣ ਦੇ ਦੋਸ਼ ਕਬੂਲ ਕੀਤੇ ਸਨ। ਇਹ ਹਾਦਸਾ ਜੂਨ 2023 ਵਿੱਚ ਰੇਲਵੇ ਕਰਾਸਿੰਗ ਉੱਤੇ ਵਾਪਰਿਆ ਸੀ। ਉਸ ਸਮੇਂ ਬਰਟੋ ਆਪਣੇ ਟਰੱਕ ਵਿੱਚ 22 ਟਨ ਬੱਜਰੀ ਲੈ ਕੇ ਜਾ ਰਿਹਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਟਰੱਕ ਨੇ ਰੇਲ ਗੱਡੀ ਨੂੰ ਟੱਕਰ ਮਾਰੀ, ਜਿਸ ਕਾਰਨ ਰੇਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਜੱਜ ਸਟੀਵਨ ਲੇਡੇਕ ਨੇ ਕਿਹਾ ਕਿ ਡਰਾਈਵਰ ਨੇ ਰੇਲਵੇ ਕਰਾਸਿੰਗ ਉੱਤੇ ਲੱਗੀਆਂ ਚੇਤਾਵਨੀ ਲਾਈਟਾਂ, ਘੰਟੀਆਂ ਅਤੇ ਰੇਲ ਗੱਡੀ ਦੇ ਹਾਰਨ ਵੱਲ ਧਿਆਨ ਨਹੀਂ ਦਿੱਤਾ। ਜਦੋਂ ਉਸ ਨੂੰ ਰੇਲ ਗੱਡੀ ਦਿਖਾਈ ਦਿੱਤੀ ਤਾਂ ਉਸ ਨੇ ਬ੍ਰੇਕ ਲਗਾਈ, ਪਰ ਟਰੱਕ ਰੁਕਣ ਦੀ ਬਜਾਏ ਕਰਾਸਿੰਗ ਦੇ ਬੈਰੀਅਰ ਤੋੜਦਾ ਹੋਇਆ ਰੇਲ ਗੱਡੀ ਨਾਲ ਟਕਰਾ ਗਿਆ। ਹਾਦਸੇ ਵਿੱਚ ਦੋ ਰੇਲ ਡਰਾਈਵਰ ਜ਼ਖ਼ਮੀ ਹੋਏ ਸਨ। ਇੱਕ ਵਿਅਕਤੀ ਦੀ ਕਲਾਈ ਦਾ ਆਪਰੇਸ਼ਨ ਕਰਨਾ ਪਿਆ, ਜਦਕਿ ਦੂਜੇ ਨੂੰ ਪਿੱਠ ਦੀ ਸਮੱਸਿਆ ਕਾਰਨ ਆਪਣੀ ਨੌਕਰੀ ਛੱਡਣੀ ਪਈ।
ਜੱਜ ਨੇ ਹਾਦਸੇ ਨੂੰ ਬਹੁਤ ਗੰਭੀਰ ਦੱਸਿਆ, ਪਰ ਡਰਾਈਵਰ ਦੇ ਚੰਗੇ ਪੁਰਾਣੇ ਰਿਕਾਰਡ ਅਤੇ ਦੁਬਾਰਾ ਅਜਿਹੀ ਗਲਤੀ ਕਰਨ ਦੀ ਘੱਟ ਸੰਭਾਵਨਾ ਨੂੰ ਦੇਖਦਿਆਂ ਉਸ ਨੂੰ ਜੇਲ੍ਹ ਦੀ ਬਜਾਏ ਕਮਿਊਨਿਟੀ ਸੇਵਾ ਦੀ ਸਜ਼ਾ ਦਿੱਤੀ।
