ਅੰਮ੍ਰਿਤਸਰ – ਲੀਡਰਸ਼ਿਪ ਸਿਰਫ਼ ਕਿਸੇ ਅਹੁੱਦੇ ਨੂੰ ਹਾਸਲ ਕਰਨ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਜ਼ਿੰਮੇਵਾਰੀ ਸਵੀਕਾਰ ਕਰਨ, ਦੂਜਿਆਂ ਦਾ ਸਤਿਕਾਰ ਕਰਨ ਅਤੇ ਸੰਸਥਾ ਦੀ ਬੇਹਤਰੀ ਲਈ ਉਸਾਰੂ ਯੋਗਦਾਨ ਪਾਉਣ ਦਾ ਨਾਮ ਹੈ। ਇਨ੍ਹਾਂ ਸ਼ਬਦਾਂ ਦਾ ਇਜ਼ਹਾਰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਬਣਾਈ ਰੱਖਣ, ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗੀ ਅਕਾਦਮਿਕ ਮਾਹੌਲ ਸਿਰਜਣ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਨਵ—ਨਿਯੁਕਤ ਕੌਂਸਲ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਆਚਰਨ ਰਾਹੀਂ ਦੂਜਿਆਂ ਲਈ ਮਿਸਾਲ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਆਰਟਸ ਐਂਡ ਸੋਸ਼ਲ ਸਾਇੰਸਿਜ਼ ਵੱਲੋਂ ਅਕਾਦਮਿਕ ਸੈਸ਼ਨ 2026—27 ਲਈ ਵਿਦਿਆਰਥੀ ਕੌਂਸਲ ਦੇ ਰਸਮੀ ਗਠਨ ਸਬੰਧੀ ਸਹੁੰ ਚੁੱਕ ਸਮਾਗਮ ਦੌਰਾਨ ਨਵਗਠਿਤ ਵਿਦਿਆਰਥੀ ਕੌਂਸਲ ’ਚ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸੱਭਿਆਚਾਰਕ ਸਕੱਤਰ, ਖੇਡ ਸਕੱਤਰ, ਮੁੱਖ ਜਮਾਤ ਪ੍ਰਤੀਨਿਧ (ਲੜਕੇ ਅਤੇ ਲੜਕੀਆਂ), ਅਨੁਸ਼ਾਸਨ ਕਮੇਟੀ ਦੇ ਮੁਖੀ (ਲੜਕੇ ਅਤੇ ਲੜਕੀਆਂ), ਜਮਾਤ ਪ੍ਰਤੀਨਿਧਾਂ ਅਤੇ ਵੱਖ—ਵੱਖ ਵਿਦਿਆਰਥੀ ਕਮੇਟੀਆਂ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਗਠਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ, ਖੇਡਾਂ ਅਤੇ ਹੋਰ ਸੰਸਥਾਗਤ ਗਤੀਵਿਧੀਆਂ ’ਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ’ਚ ਲੀਡਰਸ਼ਿਪ ਦੇ ਗੁਣਾਂ ਦੇ ਨਾਲ—ਨਾਲ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਹੈ।
ਇਹ ਸਮਾਗਮ ਕੋਆਰਡੀਨੇਟਰ ਅਤੇ ਇੰਚਾਰਜ ਡਾ. ਦੀਪਿਕਾ ਕੋਹਲੀ ਦੇ ਯਤਨਾਂ ਨਾਲ ਕਰਵਾਇਆ ਗਿਆ, ਜਿਸ ’ਚ ਸਮਾਜਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਅਤੇ ਫੈਸ਼ਨ ਡਿਜ਼ਾਈਨਿੰਗ ਐਂਡ ਕਾਸਮੈਟੋਲੋਜੀ ਵਿਭਾਗ ਦੀ ਮੁਖੀ ਡਾ. ਸ਼ਰੀਨਾ ਨੇ ਵੀ ਸਹਿਯੋਗ ਦਿੱਤਾ। ਸਮਾਗਮ ਦੀ ਸ਼ੁਰੂਆਤ ’ਚ ਨਵ—ਨਿਯੁਕਤ ਕੌਂਸਲ ਮੈਂਬਰਾਂ ਵੱਲੋਂ ਸਹੁੰ ਚੁੱਕਦਿਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ, ਸਮਰਪਣ ਅਤੇ ਨਿਸ਼ਠਾ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਨੁਸ਼ਾਸਨ, ਟੀਮ ਭਾਵਨਾ, ਆਪਸੀ ਸਤਿਕਾਰ ਅਤੇ ਸਹਿਯੋਗ ਦੇ ਸਿਧਾਂਤਾਂ ਨੂੰ ਕਾਇਮ ਰੱਖਦਿਆਂ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਕੀਤਾ। ਇਸ ਮੌਕੇ ਡੀਨ ਅਤੇ ਫੈਕਲਟੀ ਕੋਆਰਡੀਨੇਟਰਾਂ ਦਰਮਿਆਨ ਵਿਚਾਰ—ਵਟਾਂਦਰਾ ਸੈਸ਼ਨ ਵੀ ਕਰਵਾਇਆ ਗਿਆ।
ਇਸ ਮੌਕੇ ਡਾ. ਕੋਹਲੀ ਨੇ ਵਿਦਿਆਰਥੀਆਂ ਨੂੰ ਸੌਂਪੀਆਂ ਗਈਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੌਂਸਲ ਮੈਂਬਰਾਂ ਨੂੰ ਟੀਮ ਵਜੋਂ ਕੰਮ ਕਰਨ, ਆਪਣੇ ਸਹਿਪਾਠੀਆਂ ਨਾਲ ਪ੍ਰਭਾਵਸ਼ਾਲੀ ਸੰਚਾਰ ਬਣਾਈ ਰੱਖਣ ਅਤੇ ਅਕਾਦਮਿਕ ਤੇ ਸਹਿ—ਪਾਠਕ੍ਰਮ ਗਤੀਵਿਧੀਆਂ ਦੇ ਸੁਚਾਰੂ ਪ੍ਰਬੰਧ ’ਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਇਕ ਮਜ਼ਬੂਤ ਕੜੀ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਜ਼ਿੰਮੇਵਾਰੀ ਨਾਲ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਜਸਵਿੰਦਰ ਸਿੰਘ ਅਤੇ ਡਾ. ਸ਼ਰੀਨਾ ਨੇ ਵੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਵੱਖ—ਵੱਖ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲੈਣ ਅਤੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਤੇ ਸਹਿਯੋਗ ਦੀ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
