India

ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀਸਦੀ ਵੋਟਿੰਗ

ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਖ਼ਤਮ ਹੋਣ ਨਾਲ ਹੀ ਦੇਸ਼ ’ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ ਪੂਰਾ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ।
ਸੱਤਵੇਂ ਅਤੇ ਆਖਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ ਹੋਈ। ਪਛਮੀ ਬੰਗਾਲ ਦੇ ਸੰਦੇਸ਼ਖਾਲੀ ਇਲਾਕੇ ’ਚ ਤਿ੍ਰਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹਮਾਇਤੀਆਂ ਦੇ ਵਿਚਕਾਰ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਅਤੇ ਕੁੱਝ ਵੋਟਿੰਗ ਕੇਂਦਰਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ’ਚ ਗੜਬੜੀ ਅਤੇ ਧਾਂਦਲੀ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
ਸਖ਼ਤ ਗਰਮੀ ਦੇ ਵਿਚਕਾਰ ਵਾਰਾਣਸੀ ਸੰਸਦੀ ਹਲਕੇ ’ਚ ਵੀ ਵੋਟਾਂ ਪਈਆਂ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ, ਪੰਜਾਬ ਦੀਆਂ ਸਾਰੀਆਂ 13 ਅਤੇ ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਪਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ਸਮੇਤ 57 ਸੀਟਾਂ ’ਤੇ ਵੋਟਾਂ ਪਈਆਂ। ਓਡੀਸ਼ਾ ਦੀਆਂ ਬਾਕੀ 42 ਵਿਧਾਨ ਸਭਾ ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਛੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਵੀ ਵੋਟਾਂ ਪਈਆਂ।
ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀ ਵਿਧਾਨ ਸਭਾ ਲਈ ਵੀ ਵੋਟਿੰਗ ਹੋਈ। ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਲੋਕ ਸਭਾ ਚੋਣਾਂ ’ਚ ਲਗਾਤਾਰ ਤੀਜੀ ਵਾਰ ਜਿੱਤ ਕੇ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਰੋਧੀ ‘ਇੰਡੀਆ’ ਗੱਠਜੋੜ ਕੁੱਝ ਸੂਬਿਆਂ ’ਚ ਸਾਂਝੀ ਲੜਾਈ ਲੜ ਕੇ ਐਨ.ਡੀ.ਏ. ਦਾ ਮੁਕਾਬਲਾ ਕਰ ਰਿਹਾ ਹੈ। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ, ਜਦਕਿ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 2 ਜੂਨ ਨੂੰ ਹੋਵੇਗੀ।
ਵੋਟਾਂ ਦਾ ਫ਼ੀ ਸਦੀ ਦਸਣ ਵਾਲੇ ਚੋਣ ਕਮਿਸ਼ਨ ਦੀ ਇਕ ‘ਐਪ’ ’ਤੇ ਰਾਤ 8 ਵਜੇ ਤਕ ਜਾਰੀ ਅੰਕੜਿਆਂ ਅਨੁਸਾਰ ਆਖ਼ਰੀ ਪੜਾਅ ’ਚ ਵੋਟਿੰਗ ਫ਼ੀ ਸਦੀ 59.15 ਰਿਹਾ। ਪੰਜਾਬ ’ਚ 55.69 ਫ਼ੀ ਸਦੀ, ਜਦਕਿ ਚੰਡੀਗੜ੍ਹ ’ਚ 62.80 ਫ਼ੀ ਸਦੀ ਵੋਟਾਂ ਪਈਆਂ। ਓਡੀਸ਼ਾ ’ਚ ਲਗਭਗ 63.21 ਫ਼ੀ ਸਦੀ ਵੋਟਾਂ ਪਈਆਂ। ਝਾਰਖੰਡ ’ਚ ਕਰੀਬ 69.03 ਫ਼ੀ ਸਦੀ ਵੋਟਾਂ ਪਈਆਂ। ਉੱਤਰ ਪ੍ਰਦੇਸ਼ ’ਚ 55.60 ਫ਼ੀ ਸਦੀ, ਪਛਮੀ ਬੰਗਾਲ ’ਚ 69.89 ਫ਼ੀ ਸੀਦ, ਬਿਹਾਰ ’ਚ 49.58 ਅਤੇ ਹਿਮਾਚਲ ਪ੍ਰਦੇਸ਼ ’ਚ 67.39 ਫ਼ੀ ਸਦੀ ਵੋਟਾਂ ਪਈਆਂ।
ਆਮ ਚੋਣਾਂ ਦੇ ਪਹਿਲੇ ਛੇ ਪੜਾਵਾਂ ’ਚ ਕ੍ਰਮਵਾਰ 66.14 ਫੀ ਸਦੀ, 66.71 ਫੀ ਸਦੀ, 65.68 ਫੀ ਸਦੀ , 69.16 ਫੀ ਸਦੀ , 62.2 ਫੀ ਸਦੀ ਅਤੇ 63.36 ਫੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਅਤੇ ਜ਼ਿੰਮੇਵਾਰੀ ਅਤੇ ਮਾਣ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin