ArticlesSport

ਵਿਅੰਗ : ‘ਸ਼ੁਕਰ ਐ ! ‘ਫੂਫਾ’ ਮੁੱਕਿਆ’

ਫੀਫਾ ਵਰਲਡ ਕੱਪ 2026।
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਐਤਵਾਰ ਦੇਰ ਰਾਤ ਜਦ ਫੀਫਾ ਵਿਸ਼ਵ ਕੱਪ ਦਾ ਫਾਈਨਲ ਖਤਮ ਹੋਇਆ ਤਾਂ ਮੇਰੀ ਘਰਵਾਲੀ ਨੇ ਘਿਉ ਦੇ ਦੀਵੇ ਬਾਲੇ, ਖੁਬ ਕੱਛਾਂ ਵਜਾਈਆਂ ਤੇ ਚੜ੍ਹੇ ਦਿਨ ਮਾਹਲ-ਪੂੜੇ ਤੇ ਖੀਰ ਬਣਾ ਕੇ ਸਾਵਣੀ ਜਸ਼ਨ ਮਨਾਇਆ! ਇਸ ਲਈ ਨਹੀਂ ਕਿ ਮੈਸੀ ਦੇ ਅਰਜਨਟੀਨਾ ਨੂੰ ਹਰਾ ਕੇ ਸਪੇਨ ਫੀਫਾ ਵਿਸ਼ਵ ਚੈਂਪੀਅਨ ਬਣ ਗਿਆ ਸੀ। ਬਲਕਿ ਇਸ ਲਈ ਕਿ ਸਾਡੇ ਵਲੋਂ 5 ਹਫਤਿਆਂ ਦੇ ਕੁਵੇਲੇ ਵੇਲੇ ਲਗਾਏ ਗਏ ਟੀਵੀ ਕਾਰਨ ਜੋ ਉਸ ਦੀ ਨੀਂਦ ‘ਚ ਖਲਲ ਪੈਂਦਾ ਰਿਹੈ, ਉਹ ਹੁਣ ਖਤਮ ਹੋ ਜਾਣਾ ਸੀ। ਬੇਸ਼ਕ ਅਸੀਂ ਦੇਰ ਰਾਤ ਦੇ ਮੈਚਾਂ ਦੇ ਟੈਲੀਕਾਸਟ ਸਮੇਂ ਕੁਮੈਂਟਰੀ ਦੀ ਆਵਾਜ਼ ਲਗਭਗ ਬੰਦ (‘ਮਿਯੂਟ’) ਕਰ ਦਿੰਦੇ ਸਾਂ ਪਰ ਟੀਵੀ ਸਕਰੀਨ ਦੀ ਲਾਈਟ ਦੇ ਲਿਸ਼ਕਾਰੇ ਕਾਰਨ ਸਾਡੀ ਬੇਗਮ ਦੀ ਨੀਂਦ ‘ਡਿਸਟਰਬ’ ਹੋ ਜਾਂਦੀ ਸੀ ਤੇ ਉਹ ਸਾਡੀ ਖੁੰਬ ਠੱਪਣ ਦੇ ਨਾਲ-ਨਾਲ ਫੀਫਾ ਵਾਲਿਆਂ ਨੂੰ ਵੀ ਰੱਜ ਕੇ ਬੁਰਾ ਭਲਾ ਕਹਿੰਦੀ। ਅਖੇ “ਜੈ ਖਾਣਿਆਂ ਨੂੰ ਪੈਰਾਂ ਨਾਲ ਇਸ ਨਿਗੋੜੀ ਠੱਪ-ਠੱਪ ਜਿਹੀ ਕਰਨ ਤੋਂ ਸਿਵਾ ਹੋਰ ਕੋਈ ਕੰੰਮ ਈ ਨਹੀਂ”!

ਹਾਂ, ਇਹ ਮੈਂ ਮੰਨਦਾਂ ਕਿ ਜਦ ਕੋਈ ਰੁਮਾਂਚਿਕ ਗੋਲ ਹੋ ਜਾਂਦਾ ਤਾਂ ਮੈਂ ਆਪਣੇ ਦੋਵੇਂ ਹੱਥ ਉਤਾਂਹ ਨੂੰ ਕਰਕੇ ਬਹੁਤ ਜ਼ੋਰ ਨਾਲ ‘ਗੋਅਅਅਅਲ’ ਚਿਲਾਉਂਦਾ, ਬਰੂ ਖਾਧੇ ਝੋਟੇ ਵਾਂਗ ਅੜਾਟ ਪਾਉਂਦਾ ਤੇ ਸੁੱਤੀਆਂ ਕਲਾ ਜਗਾਉਂਦਾ। ਸਾਡੀ ਭਾਗਵਾਨ ਤ੍ਰਬਕ ਕੇ ਉੱਠ ਬਹਿੰਦੀ, ਏਧਰ-ਓਧਰ ਦੇਖਦੀ ਤੇ ਫਿਰ ਸਾਨੂੰ ਘੂਰ ਕੇ ਬੁੜ-ਬੁੜ ਕਰਦੀ ਸੌਂ ਜਾਂਦੀ। ਗੋਲ ਦੇ ਜੋਸ਼ ‘ਚ ਸਾਨੂੰ ਸੁਧ ਹੀ ਨਾ ਰਹਿੰਦੀ ਕਿ ਕਮਰੇ ‘ਚ ਕੋਈ ਸੁੱਤਾ ਵੀ ਪਿਐ। ਅੱਵਲ ਦਰਜੇ ਦੇ ਭੁਲੱਕੜਾਂ ਵਾਂਗ ਅਸੀਂ ਭੁੱਲ ਈ ਜਾਂਦੇ ਕਿ ਟੀਵੀ ‘ਮਿਯੂਟ’ ਕਰਨ ਦੇ ਨਾਲ-ਨਾਲ ਅਸੀਂ ਆਪਣੇ ਆਪ ਨੂੰ ਵੀ ‘ਮਿਯੂਟ’ ਕਰਨਾਂ ਸੀ। ਸਾਡੇ ਅੱਧੀ ਰਾਤ ਨੂੰ ਚੀਕਨੁਮਾ ਬੋਲੇ ਗੋਲ ਦੀ ਚਾਂਗਰ ਕਾਰਨ ਅਗਲੀ ਸੁਭਾ ਗੁਆਂਡੀ ਸਾਨੂੰ ਪੁੱਛਦੇ ਕਿ ਕੀ ‘ਸਭ ਕੁਸ਼ਲ-ਮੰਗਲ ਹੈ? ਰਾਤੀਂ ਬੜਾ ਚੀਕ-ਚਿਹਾੜਾ ਜਿਹਾ ਪੈ ਰਿਹਾ ਸੀ”। ਅਸੀਂ ਖਿਸਿਆਣੀ ਜਿਹੀ ਮੁਸਕਾਨ ਨਾਲ ਹਕੀਕਤ ਬਿਆਨ ਕਰਦੇ।

ਫੁੱਟਬਾਲ ਦੇ ‘ਆਈਕੌਨਿਕ’ ਖਿਡਾਰੀ ਲਿਓਨਲ ਮੈਸੀ ਦੇ ਸਾਡੇ ਪ੍ਰਸ਼ੰਸਕ ਹੋਣ ਦਾ ਵੀ ਸਾਡੀ ਸ਼ਰੀਕੇ-ਹਯਾਤ ਇਹ ਕਹਿ ਕੇ ਮਜ਼ਾਕ ਉਡਾਉਂਦੀ ਕਿ ‘ਲੈ,ਆ ਗਿਐ ਤੇਰਾ ‘ਮੇਸੀ’! ਉਸ ਦੇ ਇਸ ਵਿਗੜੇ ਹੋਏ ਅੰਗਰੇਜ਼ੀ ਸ਼ਬਦ ਦਾ ਅਰਥ ਗੜਬੜੀ, ਘੜਮੱਸ ਜਾਂ ਬੇਤਰਤੀਬੀ ਤੋਂ ਹੁੰਦੈ। ਉਹ ਆਪ ਸਲੀਕਾ-ਸੁਥਰੀ ਹੈ ਤੇ ਸਾਡੇ ਬੇਤਰਤੀਬੇ ਹੋਣ ਕਾਰਨ ਸਾਨੂੰ ‘ਖਿਲਾਰਾ ਸਿੰਹੁੰ’ ਸੱਦਦੀ ਹੈ!

ਅਸੀਂ ਫੁੱਟਬਾਲ ਜਾਂ ਹੋਰ ਕੋਈ ਗੇਮ ਤਾਂ ਕਦੀ ਨਹੀਂ ਖੇਡੇ ਪਰ ਫੀਫਾ ਵਿਸ਼ਵ ਕੱਪ ਪਿਛਲੇ 50 ਸਾਲ ਤੋਂ ਨਿਯਮਤ ਦੇਖਦੇ ਆ ਰਹੇ ਹਾਂ। ਕਦੀ ਕਦਾਈਂ ਹਾਕੀ ਦਾ ਮੈਚ ਦੇਖ ਲਈਦੈ ਪਰ ਹੋਰ ਖੇਡਾਂ, ਸਮੇਤ ਕ੍ਰਿਕਟ, ਅਸੀਂ ਕਦੀ ਨਹੀਂ ਦੇਖਦੇ।

ਹਾਂ, ਦੱਖਣੀ ਅਫਰੀਕਾ ਦੇ ਦੇਸ਼ ਜ਼ਿੰਬਾਵਵੇ ਦੀ ਰਾਜਧਾਨੀ ਹਾਰਾਰੇ ਵਿੱਚ ਇਹਨੀ ਦਿਨੀ ਭਾਰਤੀ ਟੀਮ ਦੇ ਹੋਏ ਟੀ-20 ਕ੍ਰਿਕਟ ਮੁਕਾਬਲੇ ਬਾਰੇ ਇੱਕ ਨਿੱਜੀ ਟੀਵੀ ਚੈਨਲ ‘ਤੇ ਦਿਲਚਸਪ ਇਸ਼ਤਿਹਾਰ ਜ਼ਰੂਰ ਦੇਖਿਐ। ਇਸ ਵਿੱਚ ਇੱਕ ਖੇਡ-ਪ੍ਰੇਮੀ ਬੋਲਣ ਵਾਲੀ ਟੈਕ ਮਸ਼ੀਨ (‘ਬੌਟ’) ਨੂੰ ਪੁੱਛਦੈ ਕਿ ਅਗਲਾ ਕ੍ਰਿਕਟ ਮੁਕਾਬਲਾ ਕਿਥੇ ਹੋਵੇਗਾ ਤਾਂ ਜਵਾਬ ਮਿਲਦੈ ‘ਹਾਰਾਰੇ’ ‘ਚ। ਇਹ ਸੁਣ ਕੇ ਘਰ ਦਾ ਨੌਕਰ ਹੈਰਾਨੀ ਪ੍ਰਗਟਾਉਂਦਿਆਂ ਪੁੱਛਦੈ, ‘ਗੇਮ ਤਾਂ ਅਜੇ ਖੇਡੀ ਨਹੀਂ, ਕੋਈ ਹਾਰ ਕਿਵੇਂ ਸਕਦੇ’? ਉਹ ਹਾਰਾਰੇ ਸ਼ਹਿਰ ਦਾ ਅਰਥ ‘ਹਾਰਾ ਰੇ’ ਸਮਝ ਬੈਠਦੈ!

ਇਸ ‘ਅੇਡ’ ਤੋਂ ਸਾਨੂੰ ਵੀ ਆਪਣੀ ਕੰਮ ਕਰਨ ਵਾਲੀ ਦੀ ਇੱਕ ਦਿਲਚਸਪ ਗੱਲ ਚੇਤੇ ਆ ਗਈ। ਜਦ ਦਿਨ ਵੇਲੇ ਮੈਂ ਕਈ ਵਾਰ ਫੀਫਾ ਮੁਕਾਬਲਿਆਂ ਦੇ ਮੁੱਖ ਅੰਸ਼ (‘ਹਾਈਲਾਈਟਜ਼’) ਦੇਖਦਾ ਤਾਂ ਉਹ ਪੁੱਛਦੀ, “ਅੰਕਲ ਜੀ, ਕੀ ਦੇਖ ਰਹੇ ਹੋ”? ਜਦ ਮੈਂ ਦੱਸਦਾ ਕਿ ਫੀਫਾ ਫੁੱਟਬਾਲ ਮੈਚ ਦੇਖ ਰਿਹਾਂ ਤਾਂ ਉਹ ਚੁੱਪ ਕਰਕੇ ਆਪਣਾ ਕੰਮ ਕਰਨ ਲੱਗੀ ਰਹਿੰਦੀ।

ਐਤਵਾਰ ਕਰੀਬ ਸਾਰੀ ਰਾਤ ਮੈਚ ਅਤੇ ਇਨਾਮ ਦਿਤੇ ਜਾਣ ਦਾ ਸਮਾਗਮ ਦੇਖਣ ਉਪਰੰਤ ਤੜਕਾ ਹੀ ਹੋ ਗਿਆ ਸੀ ਤੇ ਫਿਰ ਨੀਂਦ ਉਖੜਨ ਕਾਰਨ ਮੈਂ ਸੌਂ ਨਾ ਸਕਿਆ।

ਸੋ, ਦਿਨ ਵੇਲੇ ਟੀਵੀ ਨਾ ਤਾਂ ਲਗਾਉਣ ਦੀ ਲੋੜ ਹੀ ਸੀ ਤੇ ਨਾ ਹੀ ਉਨੀਂਦਰੇ ਕਾਰਨ ਦਿਲ ਹੀ ਕੀਤਾ। ਕੰਮਵਾਲੀ ਆਈ ਤਾਂ ਬੰਦ ਪਿਆ ਟੀਵੀ ਤੇ ਮੈਂਨੂੰ ਲੇਟੇ ਪਏ ਨੂੰ ਦੇਖ ਕੇ ਪੁੱਛਣ ਲੱਗੀ, “ਅੰਕਲ ਜੀ, ਫੂਫਾ ਮੁੱਕ ਗਿਆ? ਅੰਟੀ ਜੀ ਤਾਂ ਖੁਸ਼ ਹੋ ਕਹਿੰਦੇ ਸਨ ਕਿ ‘ਸ਼ੁਕਰ ਐ! ਫੂਫਾ ਮੁੱਕਿਆ”!

ਮੈਂ ਉਸ ਦਾ ਮਤਲਬ ਤਾਂ ਸਮਝ ਗਿਆ ਸੀ ਪਰ ਮੈਂ ਮਖੌਲੀਆਂ ਲਹਿਜੇ ‘ਚ ਉਸ ਨੂੰ ਜਵਾਬ ਦਿਤਾ ਕਿ ‘ਮੇਰਾ ਫੂਫਾ ਮੁੱਕੇ ਨੂੰ ਤਾਂ ਦਹਾਕੇ ਬੀਤ ਗਏ ਹਨ’। ਉਸ ਨੇ ਅੱਗੋਂ ਆਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਉਹ ‘ਫੂਫੀ’ ਵਾਲੇ ‘ਫੂਫਾ’ ਦੀ ਗੱਲ ਨਹੀਂ ਕਰ ਰਹੀ ਸਗੋਂ ਮੈਚਾਂ ਵਾਲੇ “ਫੂਫਾ” ਬਾਰੇ ਪੁੱਛ ਰਹੀ ਹੈ।

ਉਸ ਦਾ ਭਾਵ ‘ਫੀਫਾ’ ਤੋਂ ਸੀ!

(ਉਰਦੂ ਵਿਚ ਭੂਆ ਨੂੰ ਫੂਫੀ ਅਤੇ ਫੁੱਫੜ ਨੂੰ ਫੂਫਾ ਸੱਦਦੇ ਹਨ। ਜਿਵੇਂ ਮਾਸੀ ਨੂੰ ‘ਖਾਲਾ’ ਤੇ ਮਾਸੜ ਨੂੰ ਖਾਲੂ। ਯਾਦ ਹੈ ਨਾ ਬੜਾ ਹੀ ਪ੍ਰਚੱਲਿਤ ਮੁਹਾਵਰਾ-‘ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ’)!

ਕਰੀਬ 200 ਮੁਲਕਾਂ ਵਿੱਚ ਖੇਡੀ ਜਾਣ ਵਾਲੀ ਫੁੱਟਬਾਲ ਖੇਡ ਦੇ ਸੰਸਾਰ ‘ਚ ਕਰੋੜਾਂ ਪ੍ਰਸ਼ੰਸਕ ਹਨ। ਇਸ ਖੇਡ ਬਾਰੇ ਅਨੇਕਾਂ ਸੰਜੀਦਾ ਤੇ ਮਜ਼ਾਹੀਆ ਕੁਟੇਸ਼ਨਾਂ ਹਨ। ਇਥੇ ਸਿਰਫ ਦੋ ਕੋਟ ਕਰਾਂਗੇ-

“ਜੋ ਕੁੱਝ ਵੀ ਮੈਂ ਨੈਤਿਕਤਾ ਅਤੇ ਫਰਜ਼ਾਂ/ਜ਼ਿੰਮੇਵਾਰੀਆਂ ਬਾਰੇ ਨਿਸਚਿਤ ਤੌਰ ਤੇ ਜਾਣਦਾ ਹਾਂ, ਉਸ ਦਾ ਸਿਹਰਾ ਫੁੱਟਬਾਲ ਸਿਰ ਹੈ”-ਅੈਲਬਰਟ ਕਾਮੂ, ਫਰਾਂਸਿਸੀ ਦਾਰਸ਼ਨਿਕ ਤੇ ਨਾਵਲਕਾਰ

“ਸੰਸਾਰ ਵਿੱਚ ਘੱਟ ਮਹੱਤਵਸ਼ਾਲੀ ਸ਼ੈਆਂ ‘ਚ ਫੁੱਟਬਾਲ ਸਭ ਤੋਂ ਵੱਧ ਮਹੱਤਵਸ਼ਾਲੀ ਹੈ”-ਕਾਰਲੋ ਅੈਨਸੀਲੋਟੀ, ਮਸ਼ਹੂਰ ਇਟੈਲੀਅਨ ਫੁੱਟਬਾਲਰ ਤੇ ਮੈਨੇਜਰ

ਹਾਂ, ਕਈ ਇਸ ਨੂੰ ਬਸ ਠੱਪਕ-ਠੱਪਕ ਕਰਨ ਵਾਲੀ ਖੇਡ ਕਹਿ ਕੇ ਭੰਡਦੇ ਵੀ ਹਨ। ਕਈਆਂ ਨੇ ਤਾਂ ਇਥੋਂ ਤੱਕ ਕਿਹਾ ਕਿ ਇਸ ਵਾਰ ਦੇ ਫੀਫਾ ਮੈਚਾਂ ਦੌਰਾਨ ਕੁੱਝ ਟੀਮਾਂ ਦੇ ਕਈ ਖਿਡਾਰੀਆਂ ਨੇ ਤਾਂ ਆਪਣੀ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਜੱਫੇ ਪਾ-ਪਾ ਇਵੇਂ ਹੇਠਾਂ ਪਟਕਾ-ਪਟਕਾ ਕੇ ਡੇਗਿਆ ਜਿਵੇਂ ਫੁੱਟਬਾਲ ਦੇ ਮੈਚ ਨਹੀਂ ਸਗੋਂ ਕੁਸ਼ਤੀ ਮੁਕਾਬਲੇ ਹੋ ਰਹੇ ਹੋਣ। ਪੈਰਾਗੁਏ ਅਤੇ ਫਰਾਂਸ ਦਰਮਿਆਨ ਮੈਚ ਵੇਲੇ ਅਜਿਹੀ ‘ਰੈਸਲਿੰਗ’ ਬੜੀ ਦੇਖਣ ਨੂੰ ਮਿਲੀ। ਹੋਰਨਾਂ ਮੈਚਾਂ ‘ਚ ਵੀ ਅਜਿਹੇ ‘ਫਾਊਲ’ ਕੀਤੇ ਗਏ ਤੇ ‘ਭਲਵਾਨੀ ਪੈਂਤੜੇ’ ਵਰਤੇ ਗਏ। ਠਿੱਬੀਆਂ-ਠੁੱਡੇ, ਧੌਲ-ਧੱਫੇ, ਧੱਕੇ-ਮੁੱਕੀਆਂ ਦੀ ਭਰਮਾਰ ਰਹੀ।

ਸਪੇਨ ਤੇ ਅਰਜਨਟੀਨਾ ਦੇ ਫਾਈਨਲ ਮੈਚ ਮਗਰੋਂ ਵੀ ਅਹਿਜੇ ਦ੍ਰਿਸ਼ ਦੇਖਣ ਨੂੰ ਮਿਲੇ।ਮੈਚ ਸਮਾਪਤ ਹੁੰਦੇ ਸਾਰ ਹੀ ਕੁੱਝ ਖਿਡਾਰੀ ਸਟੇਡੀਅਮ ਵਿੱਚ ਹੀ ਆਪਸ ‘ਚ ਭਿੜ ਪਏ। ਅਰਜਨਟੀਨਾ ਦੇ ਇੱਕ ਖਿਡਾਰੀ ਨੇ ਤਾਂ ਸਪੇਨ ਦੇ ਇੱਕ ਖਿਡਾਰੀ ਨੂੰ ਐੇਸਾ ਧੋਬੀ-ਪਟੜਾ ਮਾਰਿਆ ਕਿ ਉਸ ਨੂੰ ਭੁੰਆਂ ਕੇ ਭੁੰਜੇ ਸੁੱਟ ਦਿਤਾ! ਹਾਰਨ ਉਪਰੰਤ ਅਰਜਨਟੀਨਾ ਦੁਆਰਾ ਵਿਜੇਤਾ ਟੀਮ ਸਪੇਨ ਵਲੋਂ ਜੇਤੂ ਅੈਵਾਰਡ ਲੈਣ ਵੇਲੇ ਉਸ ਵਲ ਪਿੱਠ ਕਰਕੇ ਖੜਨਾ ਵੀ ਇਸ ਟੀਮ ਦਾ ਛੋਟਾਪਨ ਲੱਗਿਆ।

ਮੈਚਾਂ ਵੇਲੇ ਕਈ ਵਾਰ ਖਿਡਾਰੀਆਂ ‘ਚ ਖੇਡਭਾਵਨਾਂ (‘ਸਪੋਰਟਸਮੈਨਸ਼ਿੱਪ’) ਮਨਫੀ ਲੱਗੀ ਤੇ ਦਾਅ-ਪੇਚ/ਰੋਲ-ਮਾਰੀ (ਗੇਮਮੈਨਸ਼ਿੱਪ) ਮੋਹਰੀ। ਸਾਨੂੰ ਬਰਤਾਨਵੀ ਹਾਸ-ਲੇਖਕ ਸਟੀਫਨ ਪੋਟਰ ਯਾਦ ਆ ਗਿਆ, ਜਿਸ ਨੇ ਇਹ ‘ਗੇਮਮੈਨਸ਼ਿੱਪ’ ਟਰਮ ਵਰਤੀ ਸੀ।

ਆਖਿਰ ‘ਚ ਇੱਕ ਮਜ਼ਾਹੀਆ ਟੋਟਕੇ ਨਾਲ ਗੱਲ ਮੁਕਾਉਂਦੇ ਹਾਂ।

ਇੱਕ ਮੰਤਰੀ, ਜੋ ਫੁੱਟਬਾਲ ਦੀ ਖੇਡ ਬਾਰੇ ਇੱਲ ਦਾ ਨਾਮ ਕੋਕੋ ਵੀ ਨਹੀਂ ਸੀ ਜਾਣਦਾ, ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ-ਵੰਡ ਸਮਾਗਮ ‘ਚ ਪੁੱਜਾ। ਜ਼ਾਹਿਰ ਹੈ, ਫਾਈਨਲ ਮੈਚ ਮੰਤਰੀ ਜੀ ਦੀ ਸੁਭਾਗੀ ਹਾਜ਼ਰੀ ‘ਚ ਹੀ ਹੋਣਾ ਸੀ, ਸੋ ਹੋਇਆ। ਆਪਣੇ ਵਿਦਵਤਾ ਭਰਪੂਰ ਪ੍ਰਧਾਨਗੀ ਭਾਸ਼ਨ ਵਿਚ ਮੰਤਰੀ ਜੀ ਨੇ ਫੁਰਮਾਇਆ, “ਬੜਾ ਆਨੰਦ ਆਇਆ ਮੈਚ ਦੇਖ ਕੇ। ਪਰ ਬੜਾ ਦੁੱਖ ਵੀ ਹੋਇਆ ਕਿ ਵਿਚਾਰੇ ਖਿਡਾਰੀਆਂ ਕੋਲ ਇੱਕ ਹੀ ਗੇਂਦ ਹੈ ਤੇ ਸਾਰੇ 22 ਦੇ 22 ਜਣੇ ਉਸ ਇੱਕ ਗੇਂਦ ਦੇ ਪਿੱਛੇ ਹੀ ਪਏ ਰਹਿੰਦੇ ਹਨ। ਮੈਂ ਆਪਣੀ ਗਰਾਂਟ ਵਿਚੋਂ ਮਾਇਆ ਦੇ ਖੁੱਲ੍ਹੇ ਗੱਫੇ ਦਿੰਦਾ ਹਾਂ ਤਾਂ ਕਿ ਵਿਚਾਰੇ ਸਾਰੇ ਖਿਡਾਰੀ ਆਪਣੀ ਆਪਣੀ ਇੱਕ ਇੱਕ ਗੇਂਦ ਖ੍ਰੀਦ ਸਕਣ ਤੇ ਸੌਖੇ ਹੋ ਕੇ ਖੇਲ ਸਕਣ”!

ਪ੍ਰਬੰਧਕਾਂ ਤੇ ਦਰਸ਼ਕਾਂ ਨੂੰ ਸਮਝ ਨਾ ਆਵੇ ਕਿ ਉਹ ਮੰਤਰੀ ਜੀ ਦੀ ਫੁੱਟਬਾਲ ਖੇਡ ਵਾਰੇ ਇਸ ਬਾ-ਕਮਾਲ ਖੋਜ ਭਰਪੂਰ ਜਾਣਕਾਰੀ ਉਪਰ ਤਾੜੀਆਂ ਮਾਰਨ ਜਾਂ ਦੁਹੱਥੜੀਂ ਪਿੱਟਦੇ ਆਪਣੇ ਮੱਥੇ ‘ਤੇ ਹੱਥ ਮਾਰਨ!

Related posts

77ਵੇਂ ਗਣਤੰਤਰ ਦਿਵਸ ਪਹਿਲੀ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਦੇਸ਼ ਨੂੰ ਸੰਬੋਧਨ

admin

ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਇੱਕ ਕੈਦੀ ਨੇ ਬਣਾਇਆ ਸੀ ਦੁਨੀਆਂ ਦਾ ਪਹਿਲਾ ਟੁੱਥਬਰੱਸ਼ !

admin

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ !

admin