India

ਵਿਦੇਸ਼ ਬੈਠੇ ਗੈਂਗਸਟਰਾਂ ਦੀਆਂ ਕਾਲਾਂ ਕਾਰਨ ਦਿੱਲੀ ਦੇ ਕਾਰੋਬਾਰੀਆਂ ਦੀ ਉੱਡੀ ਨੀਂਦ

ਨਵੀਂ ਦਿੱਲੀ – ਵਿਦੇਸ਼ਾਂ ’ਚ ਬੈਠੇ ਗੈਂਗਸਟਰ ਜ਼ਬਰਨ ਵਸੂਲੀ ਕਰਨ ਲਈ ਦਿੱਲੀ ਦੇ ਕਾਰੋਬਾਰੀਆਂ ਨੂੰ ਕਾਲ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ’ਚ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਖੇਤਰਾਂ ਤੋਂ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ ਦੱਸਿਆ ਕਿ ਇਹ ਕਾਲਾਂ ਭਗੌੜੇ ਅਨਮੋਲ ਬਿਸ਼ਨੋਈ ਅਤੇ ਹਿਮਾਂਸ਼ੂ ਭਾਊ ਦੇ ਨਾਮ ’ਤੇ ਸ਼ਾਹਦਰਾ ਦੇ ਇਕ ਸਰਾਫਾ ਕਾਰੋਬਾਰੀ, ਬਾਹਰੀ ਦਿੱਲੀ ਦੇ ਇਕ ਵਪਾਰੀ ਤੇ ਦੁਵਾਰਕਾ ਦੇ ਇਕ ਪ੍ਰਾਪਰਟੀ ਡੀਲਰ ਨੂੰ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਅਨਮੋਲ ਬਿਸ਼ਨੋਈ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਅਨਮੋਲ ਬਿਸ਼ਨੋਈ ਦੇ ਅਮਰੀਕਾ ਵਿਚ ਲੁੱਕੇ ਹੋਣ ਦਾ ਸ਼ੱਕ ਹੈ, ਜਦਕਿ ਭਾਊ ਦੇ ਸਪੇਨ ਅਤੇ ਪੁਰਤਗਾਲ ਵਿਚ ਲੁੱਕੇ ਹੋਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਨੇ ਦੱਸਿਆ ਕਿ ਇਕ ਫੋਨ ਕਾਲ ਦੇ ਦੌਰਾਨ ਗੈਂਗਸਟਰ ਨੇ ਕਾਰੋਬਾਰੀ ਨੂੰ ਰਾਜੌਰੀ ਗਾਰਡਨ ਬਰਗਰ ਕਿੰਗ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ‘ਹਵਾ ਵਿਚ ਗੋਲੀ ਨਹੀਂ ਚਲੇਗੀ’। ਨਾਮ ਨਾ ਦੱਸਣ ਦੀ ਸੂਰਤ ਵਿਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲੇ ਸਥਾਨਕ ਪੁਲਿਸ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਅਤੇ ਇਸ ਦੀ ਜਾਂਚ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾਵੇਗੀ। ਸ਼ਾਹਦਰਾ ਦੇ ਸਰਾਫ਼ਾ ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਅਨਮੋਲ ਬਿਸ਼ਨੋਈ ਗੈਂਗ ਦੇ ਇਕ ਵਿਅਕਤੀ ਨੇ ਉਸ ਨੂੰ ਫੋਨ ਕਰਕੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੰਜ ਦਿਨਾਂ ’ਚ ਪੈਸੇ ਦਾ
ਇੰਤਜ਼ਾਮ ਕਰਨ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਇਹ ਫੋਨ ਕਾਲ ਵੀਰਵਾਰ ਨੂੰ ਆਈ ਸੀ। ਦਵਾਰਕਾ ਦੇ ਪ੍ਰਾਪਰਟੀ ਡੀਲਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ 15 ਅਗਸਤ ਨੂੰ ਭਾਊ ਦਾ ਫੋਨ ਆਇਆ ਸੀ। ਸੂਤਰਾਂ ਨੇ ਦੱਸਿਆ ਕਿ 14 ਅਗਸਤ ਨੂੰ ਬਾਹਰੀ ਦਿੱਲੀ ਦੇ ਇਕ ਕਾਰੋਬਾਰੀ ਨੂੰ ਵੀ ਭਾਊ ਦਾ ਫੋਨ ਆਇਆ ਸੀ। ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ, ਇਸ ਸਾਲ 15 ਅਗਸਤ ਤਕ ਰਾਸ਼ਟਰੀ ਰਾਜਧਾਨੀ ਵਿੱਚ ਫਿਰੌਤੀ ਦੇ ਕੁੱਲ 133 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੇ ਕੁੱਲ 141 ਮਾਮਲੇ ਸਾਹਮਣੇ ਆਏ ਸਨ। ਅੰਕੜਿਆਂ ਮੁਤਾਬਕ 2022 ਦੀ ਇਸੇ ਮਿਆਦ ’ਚ ਫਿਰੌਤੀ ਦੇ ਘੱਟੋ-ਘੱਟ 110 ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਪੂਰੇ 2023 ਵਿੱਚ ਘੱਟੋ-ਘੱਟ 204 ਅਤੇ 2022 ਵਿੱਚ 187 ਮਾਮਲੇ ਜਬਰੀ ਵਸੂਲੀ ਦੇ ਦਰਜ ਕੀਤੇ ਗਏ ਸਨ। ਅਕਸਰ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਕਾਲਾਂ ਇੰਟਰਨੈੱਟ ਜਾਂ ਫਰਜ਼ੀ ਸਿਮ ਕਾਰਡਾਂ ਵਾਲੇ ਵਟਸਐਪ ਨੰਬਰਾਂ ਤੋਂ ਆਉਂਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ’ਚ ਰਾਸ਼ਟਰੀ ਰਾਜਧਾਨੀ ਖੇਤਰ ’ਚ ਫਿਰੌਤੀ, ਵਪਾਰੀਆਂ ਨੂੰ ਧਮਕਾਉਣ, ਗੋਲੀਬਾਰੀ ਅਤੇ ਕਤਲ ਦੇ ਅਪਰਾਧਾਂ ’ਚ ਸ਼ਾਮਲ 11 ਗਰੋਹਾਂ ਦੀ ਪਛਾਣ ਕੀਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਪੁਲਿਸ ਹੈੱਡਕੁਆਰਟਰ ਵਿੱਚ ਹੋਈ ਅੰਤਰ-ਰਾਜੀ ਮੀਟਿੰਗ ਵਿੱਚ ਇਨ੍ਹਾਂ ਗੈਂਗਾਂ ਦੇ ਵਧਦੇ ਖ਼ਤਰੇ ਦਾ ਮੁੱਦਾ ਉਠਾਇਆ ਗਿਆ ਸੀ। ਮੀਟਿੰਗ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਤੇ ਹੋਰ ਸਖ਼ਤ ਸਥਾਨਕ ਕਾਨੂੰਨਾਂ ਨੂੰ ਲਾਗੂ ਕਰਕੇ ਇਨ੍ਹਾਂ ਗਰੋਹਾਂ ’ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ। ਦਿੱਲੀ ਵਿੱਚ ਵੀ ਮਕੋਕਾ ਲਾਗੂ ਹੈ।

Related posts

ਭਾਰਤ 2025 ਤੱਕ ਬਣ ਜਾਵੇਗਾ 5,000 ਅਰਬ ਡਾਲਰ ਦੀ ਅਰਥਵਿਵਸਥਾ : ਸ਼ਾਹ

Bunty

ਲਿਵਰਪੂਲ ਯੂਨੀਵਰਸਿਟੀ ਭਾਰਤ ‘ਚ ਕੈਂਪਸ ਸਥਾਪਤ ਕਰਨ ਵਾਲੀ ਦੂਜੀ ਬ੍ਰਿਟਿਸ਼ ਯੂਨੀਵਰਸਿਟੀ ਬਣੀ !

admin

ਵਿਰੋਧੀ ਆਗੂਆਂ ਦੀ ਜਾਸੂਸੀ ਕਰਵਾ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀ

Bunty