News Breaking News Latest News Sport

ਸਭ ਤੋਂ ਜ਼ਿਆਦਾ ਆਈਸੀਸੀ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਰਹਿਣ ਵਾਲੇ ਗੇਂਦਬਾਜ਼ ਨੇ ਲਿਆ ਸੰਨਿਆਸ

ਨਵੀਂ ਦਿੱਲੀ – ਦੱਖਣੀ ਅਫਰੀਕਾ ਦੇ ਇਕ ਹੋਰ ਤਜਰਬੇਕਾਰ ਕਿ੍ਕਟਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਸੱਟ ਨਾਲ ਪਰੇਸ਼ਾਨ ਰਹਿਣ ਕਾਰਨ ਡੇਲ ਸਟੇਨ ਨੇ ਆਖ਼ਰ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰ ਲਿਆ। ਟੈਸਟ ਕ੍ਰਿਕਟ ਛੱਡਣ ਤੋਂ ਬਾਅਦ ਇਸ ਦਿੱਗਜ ਗੇਂਦਬਾਜ਼ ਨੇ ਟੀ-20 ਵਿਚ ਵਾਪਸੀ ਕੀਤੀ ਸੀ ਪਰ ਸੱਟ ਕਾਰਨ ਉਹ ਲੰਬੇ ਸਮੇਂ ਤਕ ਟੀਮ ਵਿਚ ਬਣੇ ਨਹੀਂ ਰਹਿ ਸਕੇ। ਦੁਨੀਆ ਵਿਚ ਆਪਣੀ ਤੇਜ਼ ਰਫ਼ਤਾਰ ਤੇ ਸਵਿੰਗ ਕਰਦੀਆਂ ਗੇਂਦਾਂ ਨਾਲ ਪ੍ਰਸਿੱਧੀ ਕਮਾਉਣ ਵਾਲੇ ਸਟੇਨ ਨੇ ਆਸਟ੍ਰੇਲੀਆ ਦੀ ਟੀਮ ਖ਼ਿਲਾਫ਼ ਆਖ਼ਰੀ ਵਾਰ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਘਰੇਲੂ ਟੀ-20 ਸੀਰੀਜ਼ ਵਿਚ ਆਸਟ੍ਰੇਲੀਆ ਖ਼ਿਲਾਫ਼ 21 ਫਰਵਰੀ 2020 ਵਿਚ ਉਹ ਆਖ਼ਰੀ ਵਾਰ ਮੈਚ ਖੇਡਣ ਉਤਰੇ ਸਨ। 2019 ਵਿਚ ਖੇਡੇ ਗਏ ਆਈਸੀਸੀ ਵਨ ਡੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ‘ਚੋਂ ਬਾਹਰ ਹੋਣਾ ਪਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਟੈਸਟ ਤੇ ਵਨ ਡੇ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਸਾਲ 2010 ਤੋਂ ਲੈ ਕੇ 2013 ਤਕ ਉਨ੍ਹਾਂ ਨੇ ਨੰਬਰ ਇਕ ‘ਤੇ ਰਹਿੰਦੇ ਹੋਏ ਸਾਲ ਦੀ ਸ਼ੁਰੂਆਤ ਕੀਤੀ ਸੀ। ਫਿਰ 2015 ਵਿਚ ਵੀ ਉਹ ਪਹਿਲੇ ਸਥਾਨ ‘ਤੇ ਪੁੱਜੇ ਸਨ। ਮੰਗਲਵਾਰ 31 ਅਗਸਤ ਨੂੰ ਸਟੇਨ ਨੇ ਟਵਿੱਟਰ ‘ਤੇ ਆਪਣੇ ਸੰਨਿਆਸ ਦੀ ਜਾਣਕਾਰੀ ਸਾਰੇ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਨੇ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਚਾਰ ਤਸਵੀਰਾਂ ਵਿਚੋਂ ਪਹਿਲੀ ਉਹ ਚਿੱਠੀ ਹੈ ਜਿਸ ਵਿਚ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਦਿਲ ਦੀ ਗੱਲ ਲਿਖੀ ਹੈ। ਇਸ ਤੋਂ ਇਲਾਵਾ ਟੈਸਟ ਵਿਚ ਉਨ੍ਹਾਂ ਦੀਆਂ ਵਿਕਟਾਂ ਦਾ ਜਸ਼ਨ ਮਨਾਉਂਦੇ ਹੋਏ ਇਕ ਤਸਵੀਰ ਹੈ। ਵਨ ਡੇ ਵਿਚ ਬੱਲੇਬਾਜ਼ੀ ਕਰਦੇ ਹੋਏ ਇਕ ਤਸਵੀਰ ਹੈ ਤੇ ਆਖ਼ਰੀ ਤਸਵੀਰ ਟੈਸਟ ਤੋਂ ਵਿਦਾਈ ਦੀ ਹੈ। ਦਸੰਬਰ 2004 ਵਿਚ ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੇ ਪੋਰਟ ਏਲਿਜ਼ਾਬੈੱਥ ਟੈਸਟ ਨਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਮਾਲ ਦੀ ਗੱਲ ਇਹ ਰਹੀ ਕਿ ਇਸ ਮੈਦਾਨ ‘ਤੇ ਉਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ ਫਰਵਰੀ 2019 ਵਿਚ ਆਪਣੇ ਕਰੀਅਰ ਦਾ ਆਖ਼ਰੀ ਟੈਸਟ ਮੈਚ ਵੀ ਖੇਡਿਆ। ਸਾਲ 2005 ਵਿਚ ਉਨ੍ਹਾਂ ਨੇ ਏਸ਼ੀਆ ਇਲੈਵਨ ਖ਼ਿਲਾਫ਼ ਪਹਿਲਾ ਅੰਤਰਰਾਸ਼ਟਰੀ ਵਨ ਡੇ ਮੈਚ ਖੇਡਿਆ ਸੀ। ਸ੍ਰੀਲੰਕਾ ਖ਼ਿਲਾਫ਼ 2019 ਵਿਚ ਖੇਡਿਆ ਗਿਆ ਵਨ ਡੇ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਵਨ ਡੇ ਮੁਕਾਬਲਾ ਸੀ। 93 ਟੈਸਟ ਮੈਚ ਖੇਡ ਕੇ ਸਟੇਨ ਨੇ ਕੁੱਲ 439 ਵਿਕਟਾਂ ਹਾਸਲ ਕੀਤੀਆਂ ਜਦਕਿ 125 ਵਨ ਡੇ ਵਿਚ 126 ਵਿਕਟਾਂ ਆਪਣੇ ਨਾਂ ਕੀਤੀਆਂ। ਟੀ-20 ਦੀ ਗੱਲ ਕਰੀਏ ਤਾਂ 47 ਮੁਕਾਬਲਿਆਂ ਵਿਚ ਉਨ੍ਹਾਂ ਦੇ ਨਾਂ ਕੁੱਲ 64 ਵਿਕਟਾਂ ਰਹੀਆਂ। ਟੈਸਟ ਵਿਚ ਸਟੇਨ ਨੇ ਬੱਲੇਬਾਜ਼ੀ ਵਿਚ ਹੱਥ ਦਿਖਾਉਂਦੇ ਹੋਏ ਦੋ ਅਰਧ ਸੈਂਕੜੇ ਬਣਾਉਂਦੇ ਹੋਏ ਕੁੱਲ 1251 ਦੌੜਾਂ ਬਣਾਈਆਂ। ਵਨ ਡੇ ਵਿਚ ਵੀ ਉਨ੍ਹਾਂ ਦੇ ਨਾਂ ਇਕ ਅਰਧ ਸੈਂਕੜਾ ਹੈ। ਉਨ੍ਹਾਂ ਨੇ ਇਸ ਫਾਰਮੈਟ ਵਿਚ ਕੁੱਲ 365 ਦੌੜਾਂ ਬਣਾਈਆਂ। ਟੀ-20 ਵਿਚ ਉਹ 21 ਦੌੜਾਂ ਹੀ ਬਣਾ ਸਕੇ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin