ਢਾਕਾ – ਸ਼ੇਖ ਹਸੀਨਾ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕਣ ਲਈ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਮੁਹੰਮਦ ਯੂਨਸ ਪੈਰਿਸ ਤੋਂ ਬੰਗਲਾਦੇਸ਼ ਪਰਤ ਆਏ ਹਨ। ਯੂਨਸ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਸ਼ੇਖ ਹਸੀਨਾ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਮਾਈਕ੍ਰੋ-ਕ੍ਰੈਡਿਟ ’ਤੇ ਮਹੱਤਵਪੂਰਨ ਕੰਮ ਲਈ 2006 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਯੂਨਸ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੁਆਰਾ ਸੰਸਦ ਨੂੰ ਭੰਗ ਕਰਨ ਤੋਂ ਬਾਅਦ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੇ ਵਿਆਪਕ ਵਿਰੋਧ ਵਿਚਕਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਦਿੱਤਾ ਸੀ। ਓਲੰਪਿਕ ਖੇਡਾਂ ਲਈ ਪੈਰਿਸ ਗਏ ਯੂਨਸ ਦੁਬਈ ਦੇ ਰਸਤੇ ਘਰ ਪਰਤ ਆਏ ਹਨ।
ਯੂਨਸ ਨੂੰ ਲੈ ਕੇ ਅਮੀਰਾਤ ਦੀ ਉਡਾਣ (ਈਕੇ-582) ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀ। ਹਵਾਈ ਅੱਡੇ ’ਤੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ, ਸੀਨੀਅਰ ਅਧਿਕਾਰੀਆਂ, ਵਿਦਿਆਰਥੀ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ’ਤੇ ਪ੍ਰੈੱਸ ਕਾਨਫਰੰਸ ’ਚ ਯੂਨਸ ਨੇ ਹਸੀਨਾ ਖ਼ਿਲਾਫ਼ ਅੰਦੋਲਨ ਨੂੰ ਸਫਲ ਬਣਾਉਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ’’ਸਾਨੂੰ ਦੂਜੀ ਵਾਰ ਆਜ਼ਾਦੀ ਮਿਲੀ ਹੈ। ਸਾਨੂੰ ਇਸ ਆਜ਼ਾਦੀ ਦੀ ਰਾਖੀ ਕਰਨੀ ਪਵੇਗੀ।” ਯੂਨਸ ਨੇ ਕਿਹਾ, “ਦੇਸ਼ ਹੁਣ ਤੁਹਾਡੇ ਹੱਥਾਂ ਵਿੱਚ ਹੈ। ਹੁਣ ਤੁਹਾਨੂੰ ਇਸ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਦੁਬਾਰਾ ਬਣਾਉਣਾ ਪਵੇਗਾ। ਦੇਸ਼ ਦੇ ਨਿਰਮਾਣ ਲਈ ਤੁਹਾਨੂੰ ਆਪਣੀ ਰਚਨਾਤਮਕਤਾ ਦੀ ਵਰਤੋਂ ਕਰਨੀ ਪਵੇਗੀ। ਤੁਸੀਂ ਦੇਸ਼ ਲਈ ਆਜ਼ਾਦੀ ਹਾਸਲ ਕੀਤੀ ਹੈ।’’
ਉਨ੍ਹਾਂ ਕਿਹਾ, ’ਅਸੀਂ ਜੋ ਸਰਕਾਰ ਬਣਾਵਾਂਗੇ, ਉਹ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏਗੀ।’ ਯੂਨਸ ਨੇ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਦੌਰਾਨ ਪੈਦਾ ਹੋਈ ਅਰਾਜਕਤਾ ਤੋਂ ਦੇਸ਼ ਨੂੰ ਬਚਾਉਣ ਲਈ ਕਿਹਾ। “ਬੰਗਲਾਦੇਸ਼ ਇੱਕ ਬਹੁਤ ਸੁੰਦਰ ਦੇਸ਼ ਹੋ ਸਕਦਾ ਹੈ ਅਤੇ ਅਸੀਂ ਇਸਨੂੰ ਬਣਾ ਸਕਦੇ ਹਾਂ।” ਉਸਨੇ ਅਬੂ ਸਈਦ ਨੂੰ ਵੀ ਸ਼ਰਧਾਂਜਲੀ ਦਿੱਤੀ, ਜੋ ਵਿਤਕਰੇ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਪੁਲਸ ਗੋਲੀਬਾਰੀ ਵਿੱਚ ਮਾਰੇ ਗਏ ਪਹਿਲੇ ਲੋਕਾਂ ਵਿੱਚੋਂ ਇੱਕ ਸੀ। ਯੂਨਸ ਸਿੱਧੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਬੰਗਾ ਭਵਨ ਜਾਣਗੇ। ਬੰਗਲਾਦੇਸ਼ ਵਿੱਚ ਇੱਕ ਚੁਣੀ ਹੋਈ ਸਰਕਾਰ ਬਣਨ ਤੱਕ ਅੰਤਰਿਮ ਸਰਕਾਰ ਦੇਸ਼ ਦੀ ਕਮਾਨ ਸੰਭਾਲੇਗੀ।
ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਅੰਤਰਿਮ ਸਰਕਾਰ ਦੀ ਸਹੁੰ ਚੁੱਕਣਗੇ। ਬੰਗਲਾਦੇਸ਼ ਦੇ ਥਲ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਕੱਲ੍ਹ ਕਿਹਾ ਸੀ ਕਿ ਅੰਤ੍ਰਿਮ ਸਰਕਾਰ ਦਾ ਸਹੁੰ ਚੁੱਕ ਸਮਾਗਮ ਸ਼ਾਮ ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 400 ਪਤਵੰਤੇ ਮੌਜੂਦ ਹੋਣਗੇ।
previous post
next post
