Sport

ਸਾਇਨਾ ਨੇਹਵਾਲ, ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਕੁਆਰਟਰ ਫਾਈਨਲ ‘ਚ

ਸਿੰਗਾਪੁਰ – ਓਲੰਪਿਕ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਨੇ ਲੈਅ ਵਿਚ ਵਾਪਸੀ ਦੇ ਸੰਕੇਤ ਦਿੰਦੇ ਹੋਏ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਚੀਨ ਦੀ ਬਿੰਗ ਜਿਆਓ ਨੂੰ ਹਰਾ ਕੇ ਸਿੰਗਾਪੁਰ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਲੈਅ ਵਿਚ ਚੱਲ ਰਹੇ ਐੱਚਐੱਸ ਪ੍ਰਣਯ ਨੇ ਵੀ ਆਖ਼ਰੀ-ਅੱਠ ਵਿਚ ਥਾਂ ਬਣਾਈ। ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇ ਪੰਜਵਾਂ ਦਰਜਾ ਹਾਸਲ ਚੀਨੀ ਖਿਡਾਰਨ ਨੂੰ 21-19, 11-21, 21-17 ਨਾਲ ਮਾਤ ਦਿੱਤੀ।

ਪਿਛਲੇ ਕੁਝ ਸਾਲਾਂ ਤੋਂ ਸੱਟਾਂ ਤੇ ਖ਼ਰਾਬ ਲੈਅ ਨਾਲ ਜੂਝ ਰਹੀ ਸਾਇਨਾ ਨੇ ਅਪ੍ਰਰੈਲ ਵਿਚ ਰਾਸ਼ਟਰਮੰਡਲ ਖੇਡਾਂ ਦੇ ਚੋਣ ਟਰਾਇਲ ਵਿਚ ਹਿੱਸਾ ਨਹੀਂ ਲਿਆ ਸੀ। ਪਿਛਲੇ ਤਿੰਨ ਸਾਲਾਂ ਵਿਚ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਪਿਛਲੇ ਸਾਲ ਓਰਲਿਅੰਸ ਮਾਸਟਰਜ਼ ਸੁਪਰ 100 ਵਿਚ ਸੈਮੀਫਾਈਨਲ ਵਿਚ ਪੁੱਜਣਾ ਰਿਹਾ। ਉਹ ਮਲੇਸ਼ੀਆ ਮਾਸਟਰਜ਼ ਤੇ ਬਾਰਸੀਲੋਨਾ ਸਪੇਨ ਮਾਸਟਰਜ਼ 2020 ਦੇ ਕੁਆਰਟਰ ਫਾਈਨਲ ਵਿਚ ਵੀ ਪੁੱਜੀ ਸੀ। ਤੀਜਾ ਦਰਜਾ ਹਾਸਲ ਸਿੰਧੂ ਨੇ ਦੁਨੀਆ ਦੀ 59ਵੇਂ ਨੰਬਰ ਦੀ ਖਿਡਾਰਨ ਵਿਅਤਨਾਮ ਦੀ ਹੁਈ ਲਿਨ ਏਂਗੁਯੇਨ ਨੂੰ 19-21, 21-19, 21-18 ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਚੀਨ ਦੀ ਹਾਨ ਯੀ ਨਾਲ ਹੋਵੇਗਾ।

ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚੋਉ ਤਿਏਨ ਚੇਨ ਖ਼ਿਲਾਫ਼ ਤਿੰਨ ਹਫ਼ਤੇ ਵਿਚ ਦੂਜੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਇਕ ਘੰਟੇ ਤੇ ਨੌਂ ਮਿੰਟ ਤਕ ਚੱਲੇ ਮੈਚ ਵਿਚ 14-21, 22-20, 21-18 ਨਾਲ ਮੈਚ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਹੋਵੇਗਾ। ਮਰਦ ਡਬਲਜ਼ ਵਿਚ ਐੱਮਆਰ ਅਰਜੁਨ ਤੇ ਧਰੁਵ ਕਪਿਲਾ ਨੇ ਛੇਵਾਂ ਦਰਜਾ ਹਾਸਲ ਮਲੇਸ਼ੀਆ ਦੇ ਗੋਹ ਜੇ ਫੇਊ ਤੇ ਨੂਰ ਇਜੂਦੀਨ ਨੂੰ 18-21, 24-22, 21-18 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

ਉਥੇ ਕਿਦਾਂਬੀ ਸ਼੍ਰੀਕਾਂਤ ਨੂੰ ਹਰਾਉਣ ਵਾਲੇ ਮਿਥੁਨ ਮੰਜੂਨਾਥ ਆਇਰਲੈਂਡ ਦੇ ਐੱਨ ਏਂਗੁਯੇਨ ਹੱਥੋਂ 10-21, 21-18, 16-21 ਨਾਲ ਹਾਰ ਕੇ ਬਾਹਰ ਹੋ ਗਏ। ਥਾਈਲੈਂਡ ਦੀ ਬੁਸਾਨਨ ਓਂਗਬਾਂਰੂੰਗਫਨ ਨੂੰ ਹਰਾਉਣ ਵਾਲੀ ਅਸ਼ਮਿਤਾ ਚਾਲਿਹਾ ਨੂੰ ਚੀਨ ਦੀ ਹਾਨ ਯੀ ਨੇ 21-9, 21-13 ਨਾਲ ਹਰਾਇਆ। ਮਹਿਲਾ ਡਬਲਜ਼ ਵਿਚ ਪੂਜਾ ਡਾਂਡੂ ਤੇ ਆਰਤੀ ਸਾਰਾ ਸੁਨੀਲ ਨੂੰ ਚੀਨ ਦੀ ਛੇਵਾਂ ਦਰਜਾ ਹਾਸਲ ਲੀ ਵੇਨ ਮੇਈ ਤੇ ਡੂ ਯੂ ਦੀ ਜੋੜੀ ਨੇ 21-12, 21-16 ਨਾਲ ਮਾਤ ਦਿੱਤੀ।

Related posts

ਭਾਰਤ-ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਵੀ ਖੋਲ੍ਹਣ ਦੀ ਪਹਿਲਕਦਮੀ ਕਰਨ – ਜਥੇਦਾਰ ਗੜਗੱਜ

admin

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

admin

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin