ਦਿੱਲੀ – ਭੋਪਾਲ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪ ਵਾਪਸ ਲਿਆਉਣ ਲਈ ਧੰਨਵਾਦ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੁੱਧਗ੍ਰਸਤ ਦੇਸ਼ ਤੋਂ ਸਿੱਖ ਅਤੇ ਹਿੰਦੂ ਪਰਿਵਾਰਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।
ਭੋਪਾਲ ਦੀ ਅਰੇਰਾ ਕਲੋਨੀ ਵਿਚ ਗੁਰਦੁਆਰਾ ਸਿੰਘ ਸਭਾ ਦੇ ਮੈਂਬਰ ਨੇ ਏਐਨਆਈ ਨਾਲ ਗੱਲ ਕਰਦਿਆਂ ਕਿਹਾ, ‘ਸਮੁੱਚੇ ਸਿੱਖ ਭਾਈਚਾਰੇ ਨੇ ਸਿੱਖ ਅਤੇ ਹਿੰਦੂ ਪਰਿਵਾਰਾਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਫਸੇ ਬਾਕੀ ਸਿੱਖ ਅਤੇ ਹਿੰਦੂ ਪਰਿਵਾਰਾਂ ਦੀ ਸੁਰੱਖਿਅਤ ਵਾਪਸੀ ਲਈ ਜੰਮੂ, ਕਾਨਪੁਰ, ਸ਼ਿਮਲਾ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਵਿਚ ਸ਼ੁਕਰਾਨਾ ਕੀ ਅਰਦਾਸ ਵੀ ਕੀਤੀ ਗਈ।
ਦੱਸ ਦੇਈਏ ਕਿ ਅਫ਼ਗਾਨਿਸਤਾਨ ਦੇ ਕਾਬੁਲ ਵਿੱਚੋਂ ਇਕ ਅਤੇ ਜਲਾਲਾਬਾਦ ਦੇ ਦੋ ਗੁਰਦੁਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਮੰਗਲਵਾਰ ਨੂੰ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਅਫ਼ਗਾਨਿਸਤਾਨ ਤੋਂ ਵਾਪਸ ਲਿਆਂਦੇ ਗਏ ਸਨ। ਜਹਾਜ਼ ਵਿਚ 75 ਲੋਕ ਸਵਾਰ ਸਨ। ਤਿੰਨ ਪਵਿੱਤਰ ਸਰੂਪਾਂ ਨੂੰ ਪਹਿਲਾਂ ਕਾਬੁਲ ਤੋਂ ਦੁਸ਼ਾਂਬੇ ਲਿਆਂਦਾ ਗਿਆ ਅਤੇ ਫਿਰ ਉੱਥੋਂ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ।
ਜਹਾਜ਼ ਦੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਪੂਰੀ ਸ਼ਰਧਾ ਨਾਲ ਹਵਾਈ ਅੱਡੇ ਦੇ ਵੀਆਈਪੀ ਲੌਂਜ ਵਿਚ ਜਹਾਜ਼ ਤੋਂ ਪਵਿੱਤਰ ਸਰੂਪ ਲੈ ਕੇ ਆਏ। ਪਵਿੱਤਰ ਸਰੂਪ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਇੱਥੇ ਵੀਆਈਪੀ ਲੌਂਜ ਦੇ ਬਾਹਰ ਇਕੱਠੇ ਹੋਏ। ਇੱਥੋਂ ਫੁੱਲਾਂ ਦੀ ਵਰਖਾ ਦੇ ਵਿਚ ਪਵਿੱਤਰ ਸਰੂਪ ਪਾਲਕੀ ਸਾਹਿਬ ਵਿਚ ਰੱਖੇ ਗਏ। ਫਿਰ ਪਵਿੱਤਰ ਸਰੂਪਾਂ ਨੂੰ ਪਾਲਕੀ ਸਾਹਿਬ ਉੱਤੇ ਦਿੱਲੀ ਦੇ ਗੁਰੂ ਅਰਜੁਨ ਦੇਵ ਗੁਰਦੁਆਰੇ ਵਿਚ ਲਿਆ ਕੇ ਸੰਪੂਰਨ ਰਸਮਾਂ ਨਾਲ ਸਥਾਪਤ ਕੀਤਾ ਗਿਆ।