ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰਵੀ ਰਵਿੰਦਰਨ ਨੂੰ ਵਪਾਰੀ ਤੇ ਆਈਪੀਐੱਲ ਦੇ ਸਾਬਕਾ ਮੁਖੀ ਲਲਿਤ ਮੋਦੀ ਤੇ ਉਸਦੀ ਮਾਂ ਬੀਨਾ ਮੋਦੀ ਨਾਲ ਜੁੜੇ ਪਰਿਵਾਰਕ ਜਾਇਦਾਦ ਵਿਵਾਦ ਨੂੰ ਨਿਪਟਾਉਣ ਲਈ ਵਿਚੋਲਾ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਦੋਵਾਂ ਪੱਖਾਂ ਦੇ ਵਕੀਲ ਇਸ ਗੱਲ ’ਤੇ ਸਹਿਮਤ ਸਨ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਤੇ ਖੁੱਲ੍ਹੇ ਦਿਮਾਗ ਨਾਲ ਵਿਚੋਲਗੀ ਜ਼ਰੀਏ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।
ਪ੍ਰਧਾਨ ਜੱਜ ਐੱਨਵੀ ਰਮਣਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ, ‘ਸਾਡਾ ਵੀ ਮੰਨਣਾ ਹੈ ਕਿ ਮਾਮਲੇ ਦਾ ਹੱਲ ਵਿਚੋਲਗੀ ਨਾਲ ਹੋ ਸਕਦਾ ਹੈ। ਇਸ ਨੂੰ ਵੇਖਦੇ ਹੋਏ ਅਸੀਂ ਇਸ ਅਦਾਲਤ ਦੇ ਸੇਵਾ ਮੁਕਤ ਜੱਜ ਆਰਵੀ ਰਵਿੰਦਰਨ ਨੂੰ ਵਿਚੋਲਗੀ ਤੇ ਵਿਵਾਦ ਦੇ ਹੱਲ ਲਈ ਨਿਯੁਕਤ ਕਰਦੇ ਹਾਂ।’ ਬੈਂਚ ਨੇ ਪ੍ਰਧਾਨ ਜੱਜ ਤੋਂ ਇਲਾਵਾ ਜੱਜ ਕ੍ਰਿਸ਼ਨ ਮੁਰਾਰੀ ਤੇ ਜੱਜ ਹਿਮਾ ਕੋਹਲੀ ਵੀ ਸ਼ਾਮਲ ਹਨ। ਬੈਂਚ ਨੇ ਦੋਵਾਂ ਪੱਖਾਂ ਨੂੰ ਵਿਚੋਲਗੀ ਦੌਰਾਨ ਸਭ ਗੁਪਤ ਰੱਖਣ ਲਈ ਵੀ ਕਿਹਾ। ਲਲਿਤ ਮੋਦੀ ਤੇ ਉਸਦੀ ਮਾਂ ਨੇ 28 ਜੁਲਾਈ ਨੂੰ ਬੈਂਚ ਨੂੰ ਦੱਸਿਆ ਸੀ ਕਿ ਪਰਿਵਾਰ ’ਚ ਲੰਮੇ ਸਮੇਂ ਤੋਂ ਚੱਲ ਰਹੇ ਜਾਇਦਾਦ ਵਿਵਾਦ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵੱਲੋਂ ਦਰਸਾਈ ਗਈ ਵਿਚੋਲਗੀ ਦੀ ਕੋਸ਼ਿਸ਼ ਨਾਕਾਮ ਰਹੀ ਹੈ। ਅਦਾਲਤ ਨੇ ਪਿਛਲੇ ਸਾਲ 16 ਦਸੰਬਰ ਨੂੰ ਪਰਿਵਾਰਕ ਜਾਇਦਾਦ ਵਿਵਾਦ ’ਚ ਦੋਵਾਂ ਪੱਖਾਂ ਦੀ ਸਹਿਮਤੀ ਲਈ ਸੀ ਤੇ ਅਦਾਲਤ ਦੇ ਸਾਬਕਾ ਜੱਜਾਂ ਵਿਕਰਮਜੀਤ ਸੇਨ ਤੇ ਕੁਰੀਅਨ ਜੋਸੇਫ ਨੂੰ ਵਿਚੋਲਗੀ ਕਰਨ ਤੇ ਇਕ ਢੁੱਕਵਾਂ ਹੱਲ ਲੱਭਣ ’ਚ ਮਦਦ ਕਰਨ ਲਈ ਨਿਯੁਕਤ ਕੀਤਾ ਸੀ।ਸੁਪਰੀਮ ਕਰੋਟ ਦਿੱਲੀ ਹਾਈ ਕੋਰਟ ਦੀ ਇਕ ਉਪ ਬੈਂਚ ਦੇ ਉਸ ਫੈਸਲੇ ਖਿਲਾਫ ਲਲਿਤ ਮੋਦੀ ਦੀ ਅਪੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਕਿਹਾ ਕਿ ਵਿਚੋਲਗੀ ਵਿਰੋਧੀ ਪਟੀਸ਼ਨ ਵਿਚਾਰ ਕਰਨਯੋਗ ਹੈ
