Punjab

ਸੁੰਦਰ ਦਸਤਾਰ ਮੁਕਾਬਲਿਆਂ ਦੇ ਦੌਰਾਨ ਲੜਕਿਆਂ ਨੇ ਦਸਤਾਰਾਂ ਅਤੇ ਲੜਕੀਆਂ ਨੇ ਦੁਮਾਲੇ ਸਜਾਏ !

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਦਰਮਿਆਨ ਡਾ. ਮਹਿਲ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਧਾਰਮਿਕ ਅਧਿਐਨ ਵਿਭਾਗ ਅਤੇ ਗੁਰਮਤਿ ਸਟੱਡੀ ਸੈਂਟਰ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਮੁਕਾਬਲੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ’ਚੋਂ ਲੜਕਿਆਂ ਨੇ ਦਸਤਾਰ (ਪੱਗਾਂ) ਅਤੇ ਲੜਕੀਆਂ ਨੇ ਦੁਮਾਲੇ ਸਜਾਏ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਨਾ ਦਿੰਦਿਆਂ ਸਿੱਖ ਧਰਮ ਅਤੇ ਪੰਜਾਬ ਦੇ ਸੱਭਿਆਚਾਰ ’ਚ ਦਸਤਾਰ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਿੱਖ ਇਤਿਹਾਸ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੂੰ ਦਸਤਾਰ ਦੇ ਇਤਿਹਾਸਕ ਪਿਛੋਕੜ ਤੋਂ ਜਾਣੂ ਕਰਵਾਉਂਦਿਆਂ ਸਿੱਖ ਧਰਮ ਅਤੇ ਇਤਿਹਾਸ ’ਚ ਦਸਤਾਰ ਨਾਲ ਸਬੰਧਿਤ ਵੱਖ-ਵੱਖ ਪੱਖਾਂ ’ਤੇ ਚਾਨਣਾ ਪਾਇਆ।

ਇਸ ਮੌਕੇ ਡਾ. ਮਹਿਲ ਸਿੰਘ ਨੇ ਪ੍ਰਿੰ: ਡਾ. ਰੰਧਾਵਾ ਅਤੇ ਡਾ. ਗੋਗੋਆਣੀ ਨਾਲ ਮਿਲ ਕੇ ਲੜਕਿਆਂ ਦੇ ਦਸਤਾਰ ਸਜਾਉਣ ਮੁਕਾਬਲੇ ’ਚ ਅਭੈਰਾਜ ਸਿੰਘ, ਪ੍ਰੇਮਦੀਪ ਸਿੰਘ, ਗੁਰਸੇਵਕ ਸਿੰਘ ਵੱਲੋਂ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਅਤੇ ਵਿਸ਼ੇਸ਼ ਸਥਾਨ ਹਾਸਲ ਕਰਨ ਵਾਲੇ ਜੋਰਾਵਰ ਸਿੰਘ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਲੜਕੀਆਂ ’ਚੋਂ ਦੁਮਾਲਾ ਸਜਾਉਣ ’ਚ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ, ਰਾਜਬੀਰ ਕੌਰ ਨੇ ਦੂਸਰਾ, ਮਨਜੀਤ ਕੌਰ ਨੇ ਤੀਸਰਾ ਅਤੇ ਪਰਮਵੀਰ ਕੌਰ ਨੇ ਵਿਸ਼ੇਸ਼ ਸਥਾਨ ਸਥਾਨ ਪ੍ਰਾਪਤ ਕੀਤੇ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਸਿੱਖ ਵਿਰਸੇ ਅਤੇ ਵਿਰਾਸਤ ਨਾਲ ਸਿੱਖ ਵਿਦਿਆਰਥੀਆਂ ਨੂੰ ਜੋੜਨ ਲਈ ਕਾਲਜ ਵੱਲੋਂ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਦਿਹਾੜਿਆਂ ਮੌਕੇ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ, ਮੁਕਾਬਲਿਆਂ, ਸੈਮੀਨਾਰਾਂ ਅਤੇ ਵਿਸ਼ੇਸ਼ ਭਾਸ਼ਣਾਂ ਆਦਿ ਗਤੀਵਿਧੀਆਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਗਮਾਂ ’ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਸਮੂਹ ਬੁਲਾਰਿਆਂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਮੁਕਾਬਲੇ ’ਚ ਸ਼ਮੂਲੀਅਤ ਕਰਨ ਵਾਲੇ ਭਾਗੀਦਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ।

ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਭਾਗੀਦਾਰਾਂ ਅਤੇ ਹੋਰ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰੋ. ਰਾਜਬੀਰ ਸਿੰਘ, ਸਿੱਖ ਇਤਿਹਾਸ ਖੋਜ ਕੇਂਦਰ ਦੇ ਇੰਚਾਰਜ ਡਾ. ਹਰਦੇਵ ਸਿੰਘ, ਗੁਰਮਤਿ ਸਟੱਡੀ ਸੈਂਟਰ ਦੇ ਡਾ. ਪਵਨਪ੍ਰੀਤ ਕੌਰ, ਡਾ. ਸ਼ਮਸ਼ੇਰ ਸਿੰਘ ਅਤੇ ਪ੍ਰੀਤਮ ਸਿੰਘ ਹਾਜ਼ਰ ਸਨ।

Related posts

ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਦਹਿਸ਼ਤ ਫੈਲੀ

admin

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਾਏ ਗਏ ਦੋਸ਼ ਬੇਬੁਨਿਆਦ – ਵਕੀਲ ਸੰਧੂ

admin

‘ਗਿਆਨ ਸਰੋਤ’ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ, ਸਗੋਂ ਆਧੁਨਿਕ ਗਿਆਨ ਕੇਂਦਰ – ਛੀਨਾ

admin