ਅੰਮ੍ਰਿਤਸਰ -¸ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਕੁੱਤਿਆਂ ਦੀ ਸਹੀ ਸਾਂਭ-ਸੰਭਾਲ ਸਬੰਧੀ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਵੈਟਰਨਰੀ ਮੈਡੀਸਨ ਵਿਭਾਗ ਦੇ ਡਾ. ਦਿਵਯਮ ਚੌਧਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਨਾਲ ਮਹੱਤਵਪੂਰਨ ਸਲਾਹ-ਮਸ਼ਵਰੇ ਸਾਂਝੇ ਕੀਤੇ ਗਏ।
ਇਸ ਦੌਰਾਨ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਦਾ ਮੌਸਮ ਖ਼ਾਸ ਕਰਕੇ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ, ਕੁੱਤਿਆਂ ਅਤੇ ਬਿੱਲੀਆਂ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਵਾਂਗ ਕੁੱਤੇ ਪਸੀਨਾ ਨਹੀਂ ਕੱਢ ਸਕਦੇ, ਇਸ ਲਈ ਉਹ ਮੁੱਖ ਤੌਰ ’ਤੇ ਹਾਂਫਣ ਰਾਹੀਂ ਆਪਣੇ ਸਰੀਰ ਦੀ ਗਰਮੀ ਘਟਾਉਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਜਾਨਵਰਾਂ ’ਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ), ਪੰਜਿਆਂ ਦਾ ਸੜ ਜਾਣਾ, ਥਕਾਵਟ ਅਤੇ ਹੀਟ ਸਟਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ।
ਇਸ ਦੌਰਾਨ ਡਾ. ਵਰਮਾ ਨੇ ਕਿਹਾ ਕਿ ਦੁਪਹਿਰ ਦੀ ਤਿੱਖੀ ਧੁੱਪ ’ਚ ਕਸਰਤ ਤੋਂ ਬਚਾਅ ਕਰਦੇ ਹੋਏ ਕੁੱਤਿਆਂ ਨੂੰ ਸੈਰ ਜਾਂ ਕਸਰਤ ਲਈ ਸਿਰਫ਼ ਸਵੇਰੇ ਜਲਦੀ ਜਾਂ ਸ਼ਾਮ ਦੇ ਠੰਢੇ ਸਮੇਂ ’ਚ ਹੀ ਲੈ ਕੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁੱਤਿਆਂ ਲਈ ਹਮੇਸ਼ਾ ਛਾਂਦਾਰ, ਠੰਢੀ ਅਤੇ ਹਵਾ-ਦਾਰ ਥਾਂ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ’ਚ ਉਨ੍ਹਾਂ ਨੂੰ ਪੱਖੇ, ਕੂਲਰ ਜਾਂ ਏਅਰ ਕੰਡੀਸ਼ਨਰ ਵਾਲੇ ਕਮਰਿਆਂ ’ਚ ਰੱਖਣਾ ਬਿਹਤਰ ਹੈ ਅਤੇ ਸਾਫ਼, ਤਾਜ਼ਾ ਅਤੇ ਠੰਢਾ ਪੀਣ ਵਾਲਾ ਪਾਣੀ ਹਰ ਵੇਲੇ ਉਪਲਬਧ ਹੋਣਾ ਚਾਹੀਦਾ ਹੈ। ਬਾਹਰ ਜਾਣ ਸਮੇਂ ਵੀ ਸਮੇਂ-ਸਮੇਂ ’ਤੇ ਪਾਣੀ ਪਿਲਾਇਆ ਜਾਵੇ। ਉਨ੍ਹਾਂ ਕਿਹਾ ਕਿ ਗਰਮ ਸੜਕਾਂ ਅਤੇ ਪੱਕੇ ਫਰਸ਼ ਕੁੱਤਿਆਂ ਦੇ ਪੰਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ’ਚ ਆਪਣੇ ਪਾਲਤੂ ਜਾਨਵਰ ਨੂੰ ਖੜ੍ਹੀ ਕਾਰ ਦੇ ਅੰਦਰ ਇਕੱਲਾ ਨਾ ਛੱਡੋ, ਕਿਉਂਕਿ ਕਾਰ ਦੇ ਅੰਦਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਖਤਰਨਾਕ ਪੱਧਰ ਤੱਕ ਵੱਧ ਸਕਦਾ ਹੈ। ਉਨ੍ਹਾਂ ਖੁਰਾਕ ਸਬੰਧੀ ਦੱਸਦਿਆਂ ਕਿਹਾ ਕਿ ਉਬਲੇ ਚਾਵਲ, ਚਿਕਨ, ਦਹੀਂ, ਓਟਸ, ਪਪੀਤਾ ਅਤੇ ਹੋਰ ਫਲ ਹਲਕੀ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲੀ ਖੁਰਾਕ ਹਨ। ਇਸ ਤੋਂ ਇਲਾਵਾ ਖੀਰਾ ਅਤੇ ਤਰਬੂਜ਼ ਵਰਗੀਆਂ ਪਾਣੀ ਵਾਲੀਆਂ ਚੀਜ਼ਾਂ ਵੀ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਪੱਗ, ਬੁਲਡਾਗ ਵਰਗੀਆਂ ਚਪਟੇ ਮੂੰਹ ਵਾਲੀਆਂ ਨਸਲਾਂ, ਛੋਟੇ ਬੱਚੇ, ਬਜ਼ੁਰਗ, ਮੋਟੇ ਕੁੱਤੇ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਵਾਲੇ ਜਾਨਵਰ ਹੀਟ ਸਟਰੈੱਸ ਦੇ ਵਧੇਰੇ ਖਤਰੇ ਹੇਠ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਵਿਸ਼ੇਸ਼ ਦੇਖਭਾਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੀਟ ਸਟਰੋਕ ਦੇ ਲੱਛਣਾਂ ’ਚ ਬਹੁਤ ਜ਼ਿਆਦਾ ਹਾਂਫਣਾ, ਲਾਰ ਟਪਕਣਾ, ਕਮਜ਼ੋਰੀ, ਉਲਟੀਆਂ, ਮਸੂੜਿਆਂ ਦਾ ਗੂੜ੍ਹਾ ਲਾਲ ਹੋ ਜਾਣਾ ਅਤੇ ਬੇਹੋਸ਼ ਹੋ ਜਾਣਾ ਸ਼ਾਮਿਲ ਹਨ। ਅਜਿਹੀ ਸਥਿਤੀ ’ਚ ਜਾਨਵਰ ਨੂੰ ਤੁਰੰਤ ਠੰਢੀ ਥਾਂ ’ਤੇ ਲਿਜਾਇਆ ਜਾਵੇ, ਠੰਢੇ ਪਾਣੀ ਨਾਲ ਸਪਾਂਜ ਕੀਤਾ ਜਾਵੇ ਅਤੇ ਫੌਰੀ ਤੌਰ ’ਤੇ ਵੈਟਰਨਰੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਕਾਲਜ ਦਾ ਵੈਟਰਨਰੀ ਹਸਪਤਾਲ 24 ਘੰਟੇ ਅਤੇ ਹਫ਼ਤੇ ਦੇ ਸੱਤੋਂ ਦਿਨ ਸੇਵਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਐਮਰਜੈਂਸੀ ਸਹਾਇਤਾ ਲਈ 0183-2994595 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਲਜ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ।
