ਸ੍ਰੀਨਗਰ – ਉੱਤਰੀ ਕਸ਼ਮੀਰ ਦੇ ਸੋਪੋਰ ‘ਚ ਸੋਮਵਾਰ ਰਾਤ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਦੁਪਹਿਰ ਨੂੰ 14 ਘੰਟਿਆਂ ਬਾਅਦ ਟੀਆਰਐੱਫ (ਦ ਰਜ਼ਿਸਟੈਸ ਫਰੰਟ, ਜੰਮੂ ਕਸ਼ਮੀਰ) ਦੇ ਤਿੰਨ ਅੱਤਵਾਦੀਆਂ ਦੀ ਮੌਤ ਦੇ ਨਾਲ ਖ਼ਤਮ ਹੋ ਗਿਆ। ਮੁਕਾਬਲੇ ਦੌਰਾਨ ਅੱਤਵਾਦੀ ਟਿਕਾਣਾ ਬਣਾ ਕੇ ਰੱਖਿਆ ਮਕਾਨ ਵੀ ਨੁਕਸਾਨਿਆ ਗਿਆ। ਦੋ ਦਿਨਾਂ ‘ਚ ਟੀਆਰਐੱਫ ਲਈ ਇਹ ਦੂਜਾ ਵੱਡਾ ਝਟਕਾ ਹੈ। ਪਿਛਲੇ ਸੋਮਵਾਰ ਨੂੰ ਸੁਰੱਖਿਆ ਦਸਤਿਆਂ ਨੇ ਸ੍ਰੀਨਗਰ ‘ਚ ਟੀਆਰਐੱਫ ਦੇ ਚੀਫ ਕਮਾਂਡਰ ਅੱਬਾਸ ਸ਼ੇਖ ਤੇ ਉਸਦੇ ਡਿਪਟੀ ਸਾਕਿਬ ਨੂੰ ਮਾਰ ਸੁੱਟਿਆ ਸੀ।
ਸੋਪੋਰ ‘ਚ ਮੁਕਾਬਲੇ ਦੌਰਾਨ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਨੂੰ ਵੀ ਸਾਰਾ ਦਿਨ ਬੰਦ ਰੱਖਿਆ। ਬਨਿਹਾਲ-ਬਾਰਾਮੁਲਾ ਰੇਲ ਸੇਵਾ ਵੀ ਇਹਤਿਆਤ ਵਜੋਂ ਬੰਦ ਰਹੀ ਤੇ ਇਹ ਸਿਰਫ਼ ਬਨਿਹਾਲ ਤੋਂ ਬੜਗਾਮ ਤਕ ਸੀਮਤ ਰਹੀ।
ਸੁਰੱਖਿਆ ਦਸਤਿਆਂ ਨੇ ਸੋਮਵਾਰ ਰਾਤ ਕਰੀਬ 11 ਵਜੇ ਸੋਪੋਰ ਦੇ ਪੇਠ-ਸੀਰ ‘ਚ ਇਕ ਮਕਾਨ ‘ਚ ਲੁਕੇ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਸੀ। ਇਸ ਤੋਂ ਬਾਅਦ ਉੱਥੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਦਸਤਿਆਂ ਨੇ ਕਈ ਵਾਰੀ ਅੱਤਵਾਦੀਆਂ ਨੂੰ ਆਤਮਸਮਰਪਣ ਲਈ ਕਿਹਾ, ਪਰ ਅੱਤਵਾਦੀ ਨਹੀਂ ਮੰਨੇ।
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਇਕ ਅੱਤਵਾਦੀ ਸਵੇਰੇ ਕਰੀਬ ਸੱਤ ਵਜੇ ਮਾਰਿਆ ਗਿਆ, ਜਦਕਿ ਦੂਜਾ ਅੱਤਵਾਦੀ 11.45 ਵਜੇ ਤੇ ਤੀਜਾ ਅੱਤਵਾਦੀ ਦੁਪਹਿਰ ਇਕ ਵਜੇ ਮਾਰਿਆ ਗਿਆ। ਇਸਦੇ ਨਾਲ ਮੁਕਾਬਲਾ ਖ਼ਤਮ ਹੋ ਗਿਆ। ਹਾਲਾਂਕਿ ਉਨ੍ਹਾਂ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ, ਪਰ ਸਥਾਨਕ ਸੂੁਤਰਾਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ‘ਚ ਦੋ ਫੈਜ਼ਲ ਫੈਆਜ਼ ਤੇ ਰਮੀਜ਼ ਅਹਿਮਦ ਗਨਈ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਦੇ ਰਹਿਣ ਵਾਲੇ ਸਨ। ਤੀਜਾ ਅੱਤਵਾਦੀ ਗੁਲਾਮ ਮੁਸਤਫਾ ਸ਼ੇਖ ਉੱਤਰੀ ਕਸ਼ਮੀਰ ਦੇ ਟੇਕੀਪੋਰਾ ਕੁਪਵਾੜਾ ਦਾ ਰਹਿਣ ਵਾਲਾ ਸੀ।