ਅੰਮ੍ਰਿਤਸਰ – ਖ਼ਾਲਸਾ ਯੂਨੀਵਰਸਿਟੀ ਦੇ ਧਰਮ ਅਧਿਐਨ ਸਕੂਲ ਅਤੇ ਪੰਜਾਬੀ ਅਧਿਐਨ ਸਕੂਲ ਵੱਲੋਂ ‘ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਖ਼ਾਲਸਾ ‘ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖ ਸਟੱਡੀਜ਼ ਚੇਅਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਪ੍ਰੋਫ਼ੈਸਰ ਅਤੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਖਾਲਸਾ ਯੂਨੀਵਰਸਿਟੀ ਦੇ ਧਰਮ ਅਧਿਐਨ ਸਕੂਲ ਦੇ ਮੁਖੀ ਤੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਗੋਗੋਆਣੀ ਵੱਲੋਂ ਆਏ ਸਮੂਹ ਮਹਿਮਾਨਾਂ ਤੇ ਬੁਲਾਰਿਆਂ ਦਾ ਸਵਾਗਤ ਕਰਨ ਉਪਰੰਤ ਡਾ. ਮਹਿਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਿਕ ਪ੍ਰੰਪਰਾ ਅਤੇ ਇਸ ਦੀ ਉਸਾਰੀ ਨਾਲ ਜੁੜੇ ਪਹਿਲੂਆਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਪੰਜਾਬ ਦੀ ਬੁਨਿਆਦ ਹੈ। ਉਨ੍ਹਾਂ ਨੇ ਰਾਮਸਰ ਸਰੋਵਰ ਦੀ ਨੀਂਹ, ਗੁਰੂ ਕਾਲ, ਮੁਗਲਾਂ ਦੇ ਹਮਲੇ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਅਤੇ ਅੰਗਰੇਜ਼ੀ ਰਾਜ ਦੇ ਦੌਰ ਦੀ ਗੱਲ ਕਰਦਿਆਂ ਹਰਿਮੰਦਰ ਸਾਹਿਬ ਦੀ ਭੂਤਕਾਲੀ ਤੇ ਵਰਤਮਾਨਕ ਮਹਾਨਤਾ ਨੂੰ ਦ੍ਰਿੜਾਇਆ ਅਤੇ ਵਿਦਿਆਰਥੀਆਂ ਨੂੰ ਗਿਆਨ ਗੋਸ਼ਟ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਡਾ. ਚਾਹਲ ਨੇ ਅੰਮ੍ਰਿਤਸਰ ਸ਼ਹਿਰ ਦੇ ਆਰਕੀਟੈਕਚਰਲ ਮਹੱਤਵ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੀ ਬਣਤਰ ’ਚ ਸ਼ਾਮਿਲ ਕਟੜੇ, ਬਾਗ਼ ਅਤੇ ਨਾਨਕਸ਼ਾਹੀ ਇੱਟਾਂ ਨਾਲ ਕੀਤੀ ਗਈ ਸਜਾਵਟ ਬਾਰੇ ਦੱਸਿਆ।ਉਨ੍ਹਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਬੰਦਾ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਸਿੱਖ ਰਾਜ ਦੇ ਖਾਤਮੇ ਉਪਰੰਤ ਮੁਗ਼ਲ ਹਮਲਿਆਂ ਕਾਰਨ ਪ੍ਰਭਾਵਿਤ ਹੋਏ ਸ਼ਹਿਰ ਦੇ ਇਤਿਹਾਸਕ ਅੰਕੜੇ, ਮਿਸਲ ਕਾਲ ਦੌਰਾਨ ਦਰਬਾਰ ਸਾਹਿਬ ਦੀ ਨੁਹਾਰ ’ਚ ਆਏ ਪਰਿਵਰਤਨ ਅਤੇ ਜਲਿਆਂਵਾਲਾ ਬਾਗ਼ ਦੇ ਇਤਿਹਾਸਕ ਪ੍ਰਕਰਨਾਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਏ।
ਸੈਮੀਨਾਰ ’ਚ ਡਾ. ਅਮਰਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਨੂੰ ਸਿੱਖ ਪਛਾਣ ਦਾ ਕੇਂਦਰ ਦੱਸਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਗੁਰੂ ਸਾਹਿਬਾਨ ਨੇ ਇਕ ਅਣਖੀਲੀ ਅਤੇ ਉੱਚੇ ਮਨੋਬਲ ਵਾਲੀ ਕੌਮ ਪੈਦਾ ਕੀਤੀ।ਉਨ੍ਹਾਂ ਸੰਗਤ ਅਤੇ ਪੰਗਤ ਪ੍ਰਥਾ ਦੀ ਮਹਾਨਤਾ ਬਾਰੇ ਬੋਲਦਿਆਂ ਸਮਾਜਿਕ ਵੰਡੀਆਂ ਨੂੰ ਨਕਾਰ ਕੇ ਗੁਰਮਤਿ ਵਿਚਾਰਧਾਰਾ ਅਪਣਾਉਣ ’ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਸੈਮੀਨਾਰ ਦਾ ਆਰੰਭ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਧਰਮ ਅਧਿਐਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।ਇਸ ਮੌਕੇ ਡਾ. ਗੋਗੋਆਣੀ ਨੇ ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ ਤੇ ਰੂਹਾਨੀ ਮਹਿਮਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਸ਼ਹਿਰ ਜਾਤ—ਪਾਤ ਅਤੇ ਵਿਤਕਰਿਆਂ ਤੋਂ ਉੱਚਾ ਉੱਠ ਕੇ ਜਿਉਣ ਦਾ ਸੁਨੇਹਾ ਦਿੰਦਾ ਹੈ।ਉਨ੍ਹਾਂ ਨੇ ਗਿਆਨੀ ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼’ ਦੇ ਹਵਾਲੇ ਨਾਲ ਅੰਮ੍ਰਿਤਸਰ ਨੂੰ ਸਮੁੱਚੀ ਮਾਨਵਤਾ ਅਤੇ ਰੂਹਾਨੀਅਤ ਦਾ ਕੇਂਦਰ ਦੱਸਿਆ।ਇਸ ਮੌਕੇ ਮੁਖੀ ਅਤੇ ਡੀਨ ਭਾਸ਼ਾਵਾਂ ਡਾ. ਰਮਿੰਦਰ ਕੌਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਨੂੰ ਸੈਮੀਨਾਰ ਦੀ ਸਫ਼ਲਤਾ ਲਈ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ’ਚ ਸਹਾਈ ਹੁੰਦੇ ਹਨ।ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
