ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਧਰਤੀ ਸ਼ਹਿਰ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਪੁਰਬ ਅਥਾਹ ਸ਼ਰਧਾ ਨਾਲ ਪਾਕਿਸਤਾਨੀ ਸਿੱਖ ਸੰਗਤਾਂ ਵਲੋਂ ਮਨਾਇਆ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਮਨਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਗੁਰਦੁਆਰਾ ਪੱਟੀ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਡ ਅਸਥਾਨ ਗੁਰਦੁਆਰਾ ਬਾਲ ਲੀਲਾ ਸਾਹਿਬ, ਗੁ: ਤੰਬੂ ਸਾਹਿਬ, ਗੁ: ਛਾਉਣੀ ਨਿਹੰਗ ਸਿੰਘਾ ਤੋਂ ਹੁੰਦਾ ਹੋਇਆ ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ‘ਚ ਸ੍ਰੀ ਨਨਕਾਣਾ ਸਾਹਿਬ ਦੇ ਨੌਜਵਾਨਾਂ ਨੇ ਗੁਰੂ ਜੀ ਦੀ ਸਵਾਰੀ ਅੱਗੇ ਗੱਤਕੇ ਦੇ ਜੌਹਰ ਵਿਖਾ ਕੇ ਸਿੱਖ ਸੰਗਤ ਅਤੇ ਮੁਸਲਮਾਨ ਵੀਰਾਂ ਨੇ ਵੀ ਸੰਗਤ ਦੇ ਰੂਪ ‘ਚ ਹਾਜ਼ਰੀ ਭਰੀ।
ਇਸ ਮੌਕੇ ਸੂਬਾ ਸਿੰਧ, ਸੂਬਾ ਬਲੋਚਿਸਤਾਨ, ਪਿਸ਼ਾਵਰ ਆਦਿ ਤੋਂ ਸੰਗਤਾਂ ਸਮੇਤ ਗੁਰਧਾਮਾਂ ਦੇ ਗ੍ਰੰਥੀ ਸਿੰਘ ਭਾਈ ਹਰਭਜਨ ਸਿੰਘ ਪੱਟੀ, ਭਾਈ ਪ੍ਰੇਮ ਸਿੰਘ, ਭਾਈ ਦਿਆ ਸਿੰਘ, ਭਾਈ ਬਲਵੰਤ ਸਿੰਘ, ਭਾਈ ਭਗਵਾਨ ਸਿੰਘ, ਭਾਈ ਰਣਜੀਤ ਸਿੰਘ ਸਹਿਬਾਨ ਵੱਡੀ ਵਿਣਤੀ ਵਿੱਚ ਹਾਜ਼ਰ ਹੋਏ। ਪ੍ਰੋਗਰਾਮ ਜੰਗ ਸਿੰਘ ਸੇਵਾ ਸੋਸਾਇੰਟੀ ਸ੍ਰੀ ਨਨਕਾਣਾ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪਾਕਿਸਤਾਨ ਪੰਜਾਬ ਸਰਕਾਰ ਵਿੱਚ ਮੰਤਰੀ ਮਹਿੰਦਪਾਲ ਸਿੰਘ, ਮੈਂਬਰ ਰਵਿੰਦਰ ਸਿੰਘ, ਮਨਿੰਦਰ ਸਿੰਘ, ਤਰਨ ਸਿੰਘ, ਸ ਗੌਪਾਲ ਸਿੰਘ ਚਾਵਲਾ ਸਮੇਂਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰ ਹਾਜ਼ਰ ਸਨ।