ArticlesBreaking NewsLatest NewsPunjab

ਸੰਗਰੂਰ ਵਿੱਚ ਇਨਸਾਫ਼ ਰੈਲੀ : ਮਾਲਵੇ ਵਿੱਚ ਪਕੜ ਬਨਾਉਣ ਲਈ ਕਾਂਗਰਸ ਪੂਰੀ ਵਾਹ ਲਾ ਰਹੀ ਹੈ

ਪਰਗਟ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ।

ਸੰਗਰੂਰ – ਕਾਂਗਰਸ ਵੱਲੋਂ ਅੱਜ ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਸੂਬਾ ਪੱਧਰੀ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ। ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਰੈਲੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਸਮੇਤ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਸ਼ਾਮਲ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਰੈਲੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਪਾਰਟੀ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰੇਗੀ। ਰੈਲੀ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕਰੀਬ 12 ਏਕੜ ਜ਼ਮੀਨ ਵਿੱਚ ਪੰਡਾਲ ਤਿਆਰ ਕੀਤਾ ਗਿਆ ਹੈ। ਇੱਥੇ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ।

ਕਾਂਗਰਸ ਇਸ ਰੈਲੀ ਦੁਆਰਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਰੈਲੀ ਦੁਆਰਾ ਪੰਜਾਬ ਦੇ ਹੱਕਾਂ, ਇਨਸਾਫ਼ ਅਤੇ ਸੂਬੇ ਦੇ ਬਿਹਤਰ ਭਵਿੱਖ ਦੇ ਮੁੱਦੇ ਉਠਾਏ ਜਾਣਗੇ। ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ‘ਮਿਸ਼ਨ 2027’ ਦੀ ਸ਼ੁਰੂਆਤ ਵਾਸਤੇ ਸੰਗਰੂਰ ਨੂੰ ਚੁਣ ਕੇ ਸਿਆਸੀ ਵਿਰੋਧੀਆਂ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਕਾਂਗਰਸ ਪੂਰੀ ਗੰਭੀਰਤਾ ਨਾਲ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ। ਪੰਜਾਬ ਦੀ ਸੱਤਾ ਦਾ ਕੇਂਦਰ ਬਣੇ ਮਾਲਵਾ ਖਿੱਤੇ ਵਿੱਚੋਂ ਮੁਹਿੰਮ ਦਾ ਮੁੱਢ ਬੰਨ੍ਹ ਕੇ ਕਾਂਗਰਸ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ (ਆਪ) ਦੇ ਮਜ਼ਬੂਤ ਕਿਲ੍ਹੇ ਨੂੰ ਸੰਨ੍ਹ ਲਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ, ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਆਉਂਦੇ ਹਨ। ਸੰਗਰੂਰ ਹਾਲ ਹੀ ਦੇ ਦਿਨਾਂ ਦੌਰਾਨ ਕਈ ਤਲਖ਼ ਸਿਆਸੀ ਤੇ ਸਮਾਜਿਕ ਵਿਵਾਦਾਂ ਕਾਰਨ ਸੁਰਖ਼ੀਆਂ ਵਿੱਚ ਰਿਹਾ ਹੈ। ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬਣਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਕਥਿਤ ਖ਼ੁਦਕੁਸ਼ੀ ਦਾ ਮਾਮਲਾ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਨੇ ਆਪਣੇ ਪੁੱਤ ਦੇ ਨਸ਼ੇੜੀ ਹੋਣ ਅਤੇ ਪਿੰਡ ਵਿੱਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਨੂੰ ਲੈ ਕੇ ਕੈਬਨਿਟ ਮੰਤਰੀ ਨੂੰ ਜਨਤਕ ਤੌਰ ’ਤੇ ਸਵਾਲ ਕੀਤੇ ਸਨ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਸਿੱਖ ਨੌਜਵਾਨ ਮੋਹਣਜੀਤ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਕਾਲਾ ਝੰਡਾ ਦਿਖਾ ਕੇ ਸ਼ਾਂਤਮਈ ਰੋਸ ਪ੍ਰਗਟਾਉਣ ਮਗਰੋਂ ਪੁਲੀਸ ਵੱਲੋਂ ਕਥਿਤ ਤਸ਼ੱਦਦ ਢਾਹੁਣ ਦਾ ਮਾਮਲਾ ਵੀ ਖ਼ੂਬ ਭਖਿਆ ਸੀ। ਇਨ੍ਹਾਂ ਦੋਵਾਂ ਘਟਨਾਵਾਂ ਕਾਰਨ ਪੈਦਾ ਹੋਏ ਲੋਕ ਰੋਸ ਨੂੰ ਭਾਂਪਦਿਆਂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਘੇਰਨ ਲਈ ਸੰਗਰੂਰ ਦੀ ਚੋਣ ਕੀਤੀ ਹੈ। ਕਾਂਗਰਸ ਨੇ ਸੱਤਾਧਾਰੀ ਧਿਰ ਨੂੰ ਉਸ ਦੇ ਘਰ ਵਿੱਚ ਹੀ ਵੰਗਾਰ ਕੇ ਆਪਣੀ ਮੁਹਿੰਮ ਦਾ ਆਗਾਜ਼ ਕਰਨ ਦਾ ਵੱਡਾ ਦਾਅ ਖੇਡਿਆ ਹੈ। ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਬਣਾਉਣ ਲਈ 69 ਸੀਟਾਂ ਵਾਲਾ ਮਾਲਵਾ ਬੈਲਟ ਹਮੇਸ਼ਾ ਹੀ ਫ਼ੈਸਲਾਕੁੰਨ ਭੂਮਿਕਾ ਨਿਭਾਉਂਦਾ ਰਿਹਾ ਹੈ। ਕਾਂਗਰਸ ਪਾਰਟੀ ਹੁਣ ਆਪਣੇ ਇਸ ਗੁਆਚੇ ਹੋਏ ਪ੍ਰਭਾਵ ਨੂੰ ਮੁੜ ਹਾਸਲ ਕਰਨ ਲਈ ਪੂਰੀ ਵਾਹ ਲਾ ਰਹੀ ਹੈ।

Related posts

ਪੰਜਾਬ ਸਰਕਾਰ ਬੱਚਿਆਂ ਦੀ ਤੰਦਰੁਸਤੀ ਤੇ ਸਿਹਤ ਪ੍ਰਤੀ ਬਹੁਤ ਗੰਭੀਰ – ਜੌੜਾਮਾਜਰਾ

Bunty

ਰਾਜਾ ਵੜਿੰਗ ਵੱਲੋਂ ਭਗਵੰਤ ਮਾਨ ‘ਤੇ ਸਿਆਸੀ ਹਮਲਾ, ਕਿਹਾ- ਜਦੋਂ ਲੋਕਾਂ ਨੇ ਬਜਟ ਬਣਾਉਣਾ ਹੈ, ਤਾਂ ਸਰਕਾਰ ਕਿਸ ਲਈ

Bunty

ਸੰਯੁਕਤ ਸਮਾਜ ਮੋਰਚੇ ਨੇ 10 ਉਮੀਦਵਾਰ ਐਲਾਨੇ

Bunty