ਚੰਡੀਗੜ੍ਹ – ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਨੇ ਪਾਰਟੀ ਦੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਗ਼ਾਵਤ ਵਰਗਾ ਹਮਲਾਵਰ ਰੁਖ਼ ਅਪਣਾਉਣ ਵਾਲੇ ਮੰਤਰੀ ਅਤੇ ਵਿਧਾਇਕ ਹੁਣ ਵੇਟ ਐਂਡ ਵਾਚ ਦੀ ਸਥਿਤੀ ਵਿਚ ਆ ਗਏ ਹਨ। ਉਹ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਤਾਂ ਖੜ੍ਹੇ ਹਨ ਪਰ ਏਨਾ ਤੈਅ ਹੈ ਕਿ ਹੁਣ ਉਹ ਆਪਣਾ ਅਗਲਾ ਕਦਮ ਫੂਕ-ਫੂਕ ਕੇ ਹੀ ਰੱਖਣਗੇ। ਪਹਿਲੀ ਵਾਰ ਚੁਣੇ ਗਏ ਅਤੇ ਹੋਰ ਬਾਗ਼ੀ ਵਿਧਾਇਕਾਂ ਨੂੰ ਲੱਗਣ ਲੱਗਾ ਹੈ ਕਿ ਸਿੱਧੂ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਦੀ ਉਨ੍ਹਾਂ ਦੀ ਰਣਨੀਤੀ ਉਨ੍ਹਾਂ ਨੂੰ ਅਗਲੀਆਂ ਚੋਣਾਂ ਵਿਚ ਟਿਕਟ ਤੋਂ ਵਾਂਝਾ ਕਰ ਸਕਦੀ ਹੈ। ਵਾਂਝਾ ਨਾ ਵੀ ਕਰੇ ਤਾਂ ਉਨ੍ਹਾਂ ਨੂੰ ਇਸ ਲਈ ਕਾਫੀ ਮੁਸ਼ੱਕਤ ਕਰਨੀ ਪੈ ਸਕਦੀ ਹੈ। ਇਹੀ ਵਜ੍ਹਾ ਹੈ ਕਿ ਲਗਪਗ ਦਸ ਵਿਧਾਇਕਾਂ ਨੇ ਆਪਣੇ ਸਟੈਂਡ ਤੋਂ ਯੂ-ਟਰਨ ਲੈ ਲਿਆ ਹੈ। ਇਨ੍ਹਾਂ ਵਿਧਾਇਕਾਂ ਵਿਚ ਹੁਣ ਖ਼ਾਸੀ ਬੇਚੈਨੀ ਹੈ।
ਇਸ ਦੇ ਨਾਲ ਹੀ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਵਹਾਰ ਨੇ ਉਨ੍ਹਾਂ ਲੋਕਾਂ ਨੂੰ ਵੀ ਮੂੰਹ ਖੋਲ੍ਹਣ ਦਾ ਮੌਕਾ ਦੇ ਦਿੱਤਾ ਹੈ, ਜੋ ਰਾਹੁਲ ਗਾਂਧੀ ਦੀ ਅਗਵਾਈ ਸਮਰੱਥਾ ਅਤੇ ਉਨ੍ਹਾਂ ਦੇ ਫ਼ੈਸਲਿਆਂ ’ਤੇ ਸਵਾਲ ਚੁੱਕਦੇ ਰਹੇ ਹਨ। ਇਸ ਪੂਰੇ ਮਾਮਲੇ ਵਿਚ ਹਾਈਕਮਾਨ ਦੀ ਕਮਜ਼ੋਰੀ ਤਾਂ ਸਾਹਮਣੇ ਆਈ ਹੀ ਹੈ, ਪਾਰਟੀ ਨੂੰ ਨੁਕਸਾਨ ਵੀ ਹੋਇਆ ਹੈ।
ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਟਵੀਟ ਵੀ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ। ਤਿਵਾੜੀ ਨੇ ਸਿੱਧੂ ਦੇ ਇੱਟ ਨਾਲ ਇੱਟ ਵਜਾਉਣ ਵਾਲੇ ਬਿਆਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ, ‘ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈਂ ਬਦਨਾਮ, ਵੋ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ।’ ਮਤਲਬ ਸਾਫ਼ ਹੈ ਕਿ ਹੁਣ ਕੁਝ ਹੋਰ ਨੇਤਾ ਵੀ ਹਾਈਕਮਾਨ ਨੂੰ ਅਜਿਹੇ ਹੀ ਸ਼ਬਦਾਂ ਵਿਚ ਸ਼ੀਸ਼ਾ ਦਿਖਾ ਸਕਦੇ ਹਨ। ਮਨੀਸ਼ ਤਿਵਾੜੀ ਉਨ੍ਹਾਂ ਸੰਸਦ ਮੈਂਬਰਾਂ ਵਿਚੋਂ ਹਨ, ਜੋ ਖੁੱਲ੍ਹ ਕੇ ਕੈਪਟਨ ਦੇ ਨਾਲ ਚੱਲ ਰਹੇ ਹਨ।
ਦੂਜੇ ਪਾਸੇ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਕੈਬਨਿਟ ਮੰਤਰੀ ਦਿੱਲੀ ਤੋਂ ਪਰਤਣ ਪਿੱਛੋਂ ਖਾਮੋਸ਼ ਹੀ ਹਨ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜਦੋਂ ਪੁੱਛਿਆ ਗਿਆ ਕਿ ਅੱਗੋਂ ਦੀ ਕੀ ਰਣਨੀਤੀ ਰਹੇਗੀ ਤਾਂ ਉਨ੍ਹਾਂ ਕਿਹਾ, ‘ਦੇਖਦੇ ਹਾਂ’, ‘ਕੀ ਬਣਦਾ ਹੈ।’ ‘ਫ਼ਿਲਹਾਲ ਅਸੀਂ ਆਪਣੇ ਸਟੈਂਡ ’ਤੇ ਕਾਇਮ ਹਾਂ।’ ਥੋਡ਼ਾ ਹੋਰ ਕੁਰੇਦਣ ’ਤੇ ਉਨ੍ਹਾਂ ਏਨਾ ਹੀ ਕਿਹਾ ‘ਅਸੀਂ ਕੇਹੜਾ ਡਾਂਗ ਚੱਕੀ ਬੈਠੇ ਆ।’ ਜਾਹਿਰ ਹੈ ਕਿ ਉਨ੍ਹਾਂ ਦਾ ਰੁਖ਼ ਕੁਝ ਨਰਮ ਹੋਇਆ ਹੈ। ਦੂਜੇ ਪਾਸੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਰੁਖ਼ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਨਾ ਹੋਣ ਦਾ ਦਾਅਵਾ ਕਰ ਕੇ ਸ਼ੁਰੂ ਕੀਤੀ ਗਈ ਬਗ਼ਾਵਤ ਨੂੰ ਕਾਂਗਰਸ ਹਾਈਕਮਾਨ ਨੇ ਮਾਨਤਾ ਨਹੀਂ ਦਿੱਤੀ ਹੈ। ਸਿੱਧੂ ਤੇ ਉਨ੍ਹਾਂ ਦੇ ਗੁੱਟ ਦੇ ਨੰਬਰ ਇਸ ਘਟਨਾਕ੍ਰਮ ਤੋਂ ਘੱਟ ਹੀ ਹੋਏ ਹਨ ਕਿਉਂਕਿ ਹਾਈਕਮਾਨ ਨੇ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨੀ ਵੀ ਸਹੀ ਨਹੀਂ ਸਮਝੀ। ਇਹ ਸਿੱਧੂ ਲਈ ਵੀ ਝਟਕਾ ਹੈ। ਕਾਂਗਰਸ ਦਾ ਇਕ ਵਰਗ ਸਿੱਧੂ ਨੂੰ ਨਾ ਸਿਰਫ਼ ਕੈਪਟਨ ਦੇ ਬਦਲ ਦੇ ਰੂਪ ਵਿਚ ਦੇਖ ਰਿਹਾ ਸੀ ਬਲਕਿ ਉਨ੍ਹਾਂ ’ਤੇ ਭਰੋਸਾ ਸੀ ਕਿ ਹਾਈਕਮਾਨ ਸਿੱਧੂ ਦੇ ਨਾਲ ਹੈ। ਹਾਈਕਮਾਨ ਨੇ ਲਗਾਤਾਰ ਦੋ ਵਾਰ ਝਟਕਾ ਦੇ ਕੇ ਸਿੱਧੂ ਕੈਂਪ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਗਲਤ ਵਿਵਹਾਰ ਨੂੰ ਉਹ ਉਤਸ਼ਾਹਤ ਨਹੀਂ ਕਰਨ ਵਾਲੇ।
ਹਰੀਸ਼ ਰਾਵਤ ਦੀ ਸਖ਼ਤ ਪ੍ਰਤੀਕਿਰਿਆ ਤੋਂ ਬਾਅਦ ਕੈਪਟਨ ਕੈਂਪ ਆਪਣੀ ਸਥਿਤੀ ਮਜ਼ਬੂਤ ਮੰਨ ਰਿਹਾ ਹੈ। ਕੈਪਟਨ ਤੇ ਸਿੱਧੂ ਦੇ ਧੜੇ ਹੁਣ ਰਾਵਤ ਦੇ ਪੰਜਾਬ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਰਾਵਤ ਨੇ ਅਗਲੇ ਹਫ਼ਤੇ ਪੰਜਾਬ ਆਉਣ ਦੀ ਗੱਲ ਕਹੀ ਹੈ। ਕੈਪਟਨ ਧੜਾ ਰਾਵਤ ਦੇ ਪੰਜਾਬ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਦਿੱਲੀ ਦੀ ਬਜਾਏ ਪੰਜਾਬ ਆ ਕੇ ਸਖ਼ਤ ਰੁਖ਼ ਅਪਣਾਉਂਦੇ ਹਨ ਤਾਂ ਪਾਰਟੀ ਵਿਚ ਹੇਠਾਂ ਤਕ ਸੰਦੇਸ਼ ਜਾਵੇਗਾ।