India

ਹੈਂਡਲੂਮ ਦੇ ਵਿਕਾਸ ਲਈ ਨਵੀਂ ਤਕਨਾਲੋਜੀ ਦੀ ਸਹੀ ਵਰਤੋਂ ਜ਼ਰੂਰੀ – ਰਾਸ਼ਟਰਪਤੀ ਮੁਰਮੂ

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ 07 ਅਗਸਤ, 2026 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ 'ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਦਾ ਦੌਰਾ ਕਰਦੇ ਹੋਏ। ਫੋਟੋ: ਪੀਆਈਬੀ।

ਨਵੀਂ ਦਿੱਲੀ – ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੇ ਹੈਂਡਲੂਮ ਸੈਕਟਰ ਦੇ ਟਿਕਾਊ ਅਤੇ ਲੰਬੇ ਸਮੇਂ ਦੇ ਵਿਕਾਸ ਲਈ ਨਵੀਆਂ ਤਕਨਾਲੋਜੀਆਂ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡਿਜ਼ੀਟਲ ਤਕਨਾਲੋਜੀ ਅਤੇ ਈ-ਕਾਮਰਸ ਪਲੇਟਫਾਰਮਾਂ ਦੀ ਮਦਦ ਨਾਲ ਭਾਰਤੀ ਹੱਥ ਕਰਘਾ ਉਤਪਾਦਾਂ ਨੂੰ ਦੁਨੀਆ ਦੇ ਬਾਜ਼ਾਰਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

ਰਾਸ਼ਟਰਪਤੀ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ, ਨਵੀਂ ਦਿੱਲੀ ਵਿੱਚ ਆਯੋਜਿਤ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਸੰਤ ਕਬੀਰ ਹੈਂਡਲੂਮ ਪੁਰਸਕਾਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ–2025 ਜੇਤੂਆਂ ਨੂੰ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਭਾਰਤ ਦੀਆਂ ਅਮੀਰ ਅਤੇ ਵਿਭਿੰਨ ਹੈਂਡਲੂਮ ਪਰੰਪਰਾਵਾਂ ਨੂੰ ਸਮਰਪਿਤ ਚਾਰ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।

ਰਾਸ਼ਟਰਪਤੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੈਂਡਲੂਮ ਸਦੀਆਂ ਤੋਂ ਭਾਰਤੀ ਸਭਿਆਚਾਰ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਰਿਹਾ ਹੈ। ਇਹ ਸਿਰਫ਼ ਦੇਸ਼ ਦੀ ਵਿਭਿੰਨਤਾ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਵੱਖ-ਵੱਖ ਖੇਤਰਾਂ ਦੀ ਵਿਲੱਖਣ ਪਛਾਣ ਨੂੰ ਵੀ ਸੰਭਾਲ ਕੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹੱਥ ਕਰਘਾ ਉਦਯੋਗ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ, ਰਵਾਇਤੀ ਕਲਾ ਨੂੰ ਸੰਭਾਲਣ ਅਤੇ ਕੁਦਰਤ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ 7 ਅਗਸਤ 1905 ਨੂੰ ਸ਼ੁਰੂ ਹੋਏ ਸਵਦੇਸ਼ੀ ਅੰਦੋਲਨ ਨੇ ਦੇਸ਼ ਵਿੱਚ ਸਵਦੇਸ਼ੀ ਵਸਤੂਆਂ ਅਤੇ ਹੈਂਡਲੂਮ ਉਦਯੋਗ ਨੂੰ ਨਵੀਂ ਤਾਕਤ ਦਿੱਤੀ ਸੀ। ਇਸ ਇਤਿਹਾਸਕ ਦਿਨ ਦੀ ਯਾਦ ਵਿੱਚ ਭਾਰਤ ਸਰਕਾਰ ਸਾਲ 2015 ਤੋਂ ਹਰ ਸਾਲ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਵਜੋਂ ਮਨਾ ਰਹੀ ਹੈ। ਉਨ੍ਹਾਂ ਇਸ ਮੌਕੇ ਦੇਸ਼ ਦੇ ਸਾਰੇ ਬੁਣਕਰਾਂ ਅਤੇ ਹੈਂਡਲੂਮ ਖੇਤਰ ਨਾਲ ਜੁੜੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦਿਨ ਭਾਰਤ ਦੀ ਸੱਭਿਆਚਾਰਕ ਏਕਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹੈਂਡਲੂਮ ਸੈਕਟਰ ਵਿੱਚ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਵੱਡੀ ਸਮਰੱਥਾ ਹੈ। ਸਰਕਾਰ ਵੱਲੋਂ ਮਹੱਤਵਪੂਰਨ ਹੈਂਡਲੂਮ ਕਲੱਸਟਰਾਂ ਨੂੰ ਆਧੁਨਿਕ ਤਕਨਾਲੋਜੀ, ਨਵੀਆਂ ਸਿਖਲਾਈ ਵਿਧੀਆਂ ਅਤੇ ਬਿਹਤਰ ਸਹੂਲਤਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਬੁਣਕਰਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਛਾਣ ਮਿਲ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਕਈ ਨੌਜਵਾਨ ਉੱਦਮੀ, ਡਿਜ਼ਾਈਨਰ ਅਤੇ ਸਟਾਰਟਅੱਪ ਨਵੇਂ ਵਿਚਾਰਾਂ ਅਤੇ ਤਕਨਾਲੋਜੀ ਨਾਲ ਇਸ ਖੇਤਰ ਵਿੱਚ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਰਵਾਇਤੀ ਸ਼ਿਲਪਾਂ ਨੂੰ ਆਧੁਨਿਕ ਫੈਸ਼ਨ, ਵੱਡੇ ਬ੍ਰਾਂਡਾਂ ਅਤੇ ਵਿਸ਼ਵ ਬਾਜ਼ਾਰ ਨਾਲ ਜੋੜ ਕੇ ਹੈਂਡਲੂਮ ਖੇਤਰ ਲਈ ਨਵੇਂ ਮੌਕੇ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਸਰਕਾਰੀ ਸੰਸਥਾਵਾਂ ਅਤੇ ਯੋਜਨਾਵਾਂ ਨੂੰ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਖੁਸ਼ੀ ਜਤਾਈ ਕਿ ਇੰਡੀਅਨ ਇੰਸਟੀਚਿਊਟ ਆਫ਼ ਹੈਂਡਲੂਮ ਟੈਕਨਾਲੋਜੀ ਅਤੇ ਬੁਣਕਰ ਸੇਵਾ ਕੇਂਦਰਾਂ ਦੇ ਡਿਜ਼ਾਈਨ ਸਰੋਤ ਕੇਂਦਰ ਨੌਜਵਾਨਾਂ ਨੂੰ ਇਸ ਖੇਤਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਡਿਜ਼ੀਟਲ ਤਕਨਾਲੋਜੀ ਅਤੇ ਈ-ਕਾਮਰਸ ਪਲੇਟਫਾਰਮਾਂ ਦੀ ਵਰਤੋਂ ਨਾਲ ਭਾਰਤੀ ਹੈਂਡਲੂਮ ਉਤਪਾਦਾਂ ਦੀ ਵਿਸ਼ਵ ਬਾਜ਼ਾਰ ਤੱਕ ਪਹੁੰਚ ਹੋਰ ਮਜ਼ਬੂਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਹੈਂਡਲੂਮ ਸੈਕਟਰ ਦੇਸ਼ ਦੇ ਸਮਾਵੇਸ਼ੀ ਵਿਕਾਸ, ਪੇਂਡੂ ਆਰਥਿਕਤਾ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਸਮਾਗਮ ਦੌਰਾਨ ਦੱਸਿਆ ਗਿਆ ਕਿ ਸੰਤ ਕਬੀਰ ਹੈਂਡਲੂਮ ਪੁਰਸਕਾਰ ਹੈਂਡਲੂਮ ਬੁਣਕਰਾਂ ਲਈ ਦੇਸ਼ ਦਾ ਸਰਵੋਚ ਸਨਮਾਨ ਹੈ, ਜੋ ਉਨ੍ਹਾਂ ਦੀ ਬੇਮਿਸਾਲ ਕਾਰੀਗਰੀ ਅਤੇ ਭਾਰਤੀ ਬੁਣਾਈ ਪਰੰਪਰਾ ਨੂੰ ਸੰਭਾਲਣ ਵਿੱਚ ਯੋਗਦਾਨ ਲਈ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਰਾਸ਼ਟਰੀ ਹੈਂਡਲੂਮ ਪੁਰਸਕਾਰ ਉਨ੍ਹਾਂ ਬੁਣਕਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਰਵਾਇਤੀ ਕਲਾ ਨੂੰ ਸੰਭਾਲਦੇ ਹੋਏ ਨਵੀਨਤਾ, ਗੁਣਵੱਤਾ ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਵਿੱਚ ਸ਼ਾਨਦਾਰ ਕੰਮ ਕੀਤਾ ਹੈ। -ਪੀਆਈਬੀ।

Related posts

ਰਾਜ ਸਭਾ ਚੋਣਾਂ ਲਈ ਟਿਕਟਾਂ ਦਾ ਫ਼ੈਸਲਾ ਕਰਨ ‘ਚ ਕਾਂਗਰਸ ਲੀਡਰਸ਼ਿਪ ਨੂੰ ਕਰਨੀ ਪੈ ਰਹੀ ਹੈ ਮਿਹਨਤ, ਇਨ੍ਹਾਂ ਦਿੱਗਜਾਂ ਦੀ ਵਾਪਸੀ ਤੈਅ

Bunty

ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਗੱਲਬਾਤ

admin

7 ਵਜੇ ਸਕੂਲ ਜਾ ਸਕਦੇ ਹਨ ਬੱਚੇ, ਫਿਰ ਜੱਜ 9 ਵਜੇ ਅਦਾਲਤ ਕਿਉਂ ਨਹੀਂ ਆ ਸਕਦੇ – ਜਸਟਿਸ ਯੂ. ਲਲਿਤ

Bunty