ArticlesAustralia & New Zealand

18 ਪੰਜਾਬੀ-ਹਿੰਦੀ ਟੀਚਰਾਂ ਦੇ ਪਹਿਲੇ ਬੈਚ ਨੇ ਖਾਸ ਭਾਸ਼ਾ ਅਧਿਆਪਨ ਕੋਰਸ ਪੂਰਾ ਕੀਤਾ

ਵਿਕਟੋਰੀਆ ਦੇ ਉਪ-ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਬੈਨ ਕੈਰੋਲ, ਮੋਨਾਸ਼ ਯੂਨੀਵਰਸਿਟੀ ਤੋਂ ਸਿਖਲਾਈ ਪੂਰੀ ਕਰਨ ਵਾਲੇ ਪਹਿਲੇ 18 ਗ੍ਰੈਜੂਏਟ ਪੰਜਾਬੀ ਅਤੇ ਹਿੰਦੀ ਟੀਚਰਾਂ ਦੇ ਨਾਲ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਧ ਭਾਰਤੀ ਵਸਦੇ ਹਨ ਅਤੇ ਇਹਨਾਂ ਵਿੱਚ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਹਨ। ਆਸਟ੍ਰੇਲੀਆ ਦੀ 2021 ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਦੇ ਨਤੀਜਿਆਂ ਦੇ ਮੁਤਾਬਿਕ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ ‘ਤੇ ਭਾਰਤ ਵਿੱਚ ਜਨਮੇ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਹੁਣ ਆਸਟ੍ਰੇਲੀਆ ਵਿੱਚ ਭਾਰਤੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਅਤੇ ਪੰਜਾਬੀ ਹੁਣ ਘਰ ਵਿੱਚ 5ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

ਭਾਰਤੀਆਂ ਦੀ ਵਧ ਰਹੀ ਜਨਸੰਖਿਆਂ ਨੂੰ ਦੇਖਦਿਆਂ ਵਿਕਟੋਰੀਆਂ ਦੀ ਸਰਕਾਰ ਦੇ ਵਲੋਂ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਭਾਸ਼ਾ ਅਤੇ ਸਭਿਆਚਾਰ ਨਾਲ ਜੋੜੇ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਵਿਕਟੋਰੀਅਨ ਸਰਕਾਰ ਦੀ ਬਦੌਲਤ ਜਿਥੇ ਵਿਕਟੋਰੀਅਨ ਸਕੂਲਾਂ ਦੇ ਵਿਦਿਆਰਥੀ ਹੁਣ ਸਕੂਲਾਂ ਦੇ ਵਿੱਚ ਪੰਜਾਬੀ ਅਤੇ ਹਿੰਦੀ ਸਿੱਖ ਸਕਦੇ ਹਨ, ਉਥੇ ਹੀ ਹਿੰਦੀ ਅਤੇ ਪੰਜਾਬੀ ਸਿਖਾਉਣ ਦੇ ਲਈ ਭਾਸ਼ਾ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿਵਾਈ ਜਾ ਰਹੀ ਹੈ। ਇਸ ਸਬੰਧੀ ਮੋਨਾਸ਼ ਯੂਨੀਵਰਸਿਟੀ ਤੋਂ 18 ਗ੍ਰੈਜੂਏਟ ਸਭ ਤੋਂ ਪਹਿਲੇ ਹਨ ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਲਈ ਖਾਸ ਭਾਸ਼ਾ ਅਧਿਆਪਨ ਕੋਰਸ ਪੂਰਾ ਕੀਤਾ ਹੈ। ਇਸ ਟਰਮ ਵਿੱਚ 18 ਪੰਜਾਬੀ ਅਤੇ ਹਿੰਦੀ ਦੇ ਅਧਿਆਪਕ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਸ਼ੁਰੂ ਕਰ ਰਹੇ ਹਨ।

ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਸਿੱਖਣ ਨਾਲ ਬਹੁ-ਸੰਸਕ੍ਰਿਤਿਕ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਵਿੱਚ ਮਦਦ ਮਿਲਦੀ ਹੈ ਅਤੇ ਪੜ੍ਹਨ-ਲਿਖਣ ਅਤੇ ਗੱਲਬਾਤ ਕਰਨ ਦੀ ਕਾਬਲੀਅਤ ਵਧਦੀ ਹੈ। ਇਹ ਇੱਕ ਸਾਲ ਦਾ ਕੋਰਸ ਅਧਿਆਪਕਾਂ ਨੂੰ ਉੱਚ ਗੁਣਵੱਤਾ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ਾ ਪ੍ਰੋਗਰਾਮ ਪੜ੍ਹਾਉਣ ਲਈ ਤਿਆਰ ਕਰਦਾ ਹੈ। ਇਹਨਾਂ 18 ਅਧਿਆਪਕਾਂ ਨੂੰ ਇਹ ਕੋਰਸ ਕਰਨ ਲਈ ਲੇਬਰ ਸਰਕਾਰ ਵੱਲੋਂ 150,000 ਡਾਲਰ ਦੀ ਸਕਾਲਰਸ਼ਿਪ ਮਿਲੀ ਸੀ।

ਇਸ ਤੋਂ ਇਲਾਵਾ ਵਿਕਟੋਰੀਆ ਸਰਕਾਰ ਵੱਲੋਂ 3.5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਤਾਂ ਜੋ ਤਿੰਨ ਖਾਸ ਸਕੂਲਾਂ ਵਿੱਚ ਵੀਸੀਈ ਲੈਵਲ ’ਤੇ ਪੰਜਾਬੀ ਅਤੇ ਹਿੰਦੀ ਪੜ੍ਹਾਈ ਜਾ ਸਕੇ। ਕ੍ਰੈਨਬਰਨ ਨੌਰਥ ਦਾ ਅਲਕੀਰਾ ਸੈਕੰਡਰੀ ਕਾਲਜ ਅਤੇ ਵੈਰਿਬੀ ਦਾ ਵਿੰਡਹਮ ਸੈਂਟਰਲ ਕਾਲਜ ਹਿੰਦੀ ਪੜ੍ਹਾਉਂਦੇ ਹਨ ਅਤੇ ਕ੍ਰੇਗੀਬਰਨ ਦਾ ਮਾਊਂਟ ਰਿਡਲੀ ਪੀ-12 ਕਾਲਜ ਪੰਜਾਬੀ ਪੜ੍ਹਾਉਂਦਾ ਹੈ। ਇਹ ਤਿੰਨ ਸਕੂਲ ਹੋਰਨਾਂ ਸਕੂਲਾਂ ਦੇ ਪੰਜਾਬੀ ਅਤੇ ਹਿੰਦੀ ਅਧਿਆਪਕਾਂ ਨੂੰ ਵੀ ਸਹਾਇਤਾ ਅਤੇ ਸਾਧਨ ਮੁਹੱਈਆ ਕਰਦੇ ਹਨ। ਇਹ ਨਵੇਂ ਪ੍ਰੋਗਰਾਮ ਹੋਰਨਾਂ ਵਿਦਿਆਰਥੀਆਂ ਨੂੰ ਵੀਸੀਈ ਲੈਵਲ ’ਤੇ ਇਹ ਦੋਨੋਂ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕਰਨਗੇ।

ਪੰਜਾਬੀ ਅਤੇ ਹਿੰਦੀ ਤੇਜ਼ੀ ਨਾਲ ਵਧ ਰਹੀਆਂ ਭਾਸ਼ਾਵਾਂ ਹਨ ਅਤੇ ਸਕੂਲਾਂ ਵਿੱਚ ਇਨ੍ਹਾਂ ਦੀ ਬਹੁਤ ਜਿਆਦਾ ਮੰਗ ਹੈ। ਵਿਕਟੋਰੀਆ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਭਾਰਤੀ ਆਬਾਦੀ ਹੈ ਅਤੇ ਆਸਟ੍ਰੇਲੀਆ ਦੀ 2021 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ 170,000 ਤੋਂ ਵੱਧ ਲੋਕ ਹਿੰਦੀ ਅਤੇ ਪੰਜਾਬੀ ਬੋਲਦੇ ਹਨ।

ਇਸ ਸਾਲ ਦੂਜਾ ਸੈਮੇਸਟਰ ਸ਼ੁਰੂ ਹੋਵੇਗਾ ਅਤੇ ਵਿਕਟੋਰੀਆ ਦੀ ਸਰਕਾਰ ਇੱਕ ਨਵੇਂ ਚਾਰ ਸਾਲਾ ਭਾਸ਼ਾ ਅਧਿਆਪਨ ਸਕਾਲਰਸ਼ਿਪ ਪ੍ਰੋਗਰਾਮ ਰਾਹੀਂ ਹੋਰ ਅਧਿਆਪਕਾਂ ਨੂੰ ਆਪਣੀ ਯੋਗਤਾ ਵਧਾਉਣ ਅਤੇ ਭਾਸ਼ਾ ਅਧਿਆਪਨ ਵਿੱਚ ਮਾਹਰ ਬਣਨ ਦਾ ਮੌਕਾ ਦੇ ਰਹੀ ਹੈ। ਵਿਕਟੋਰੀਆ ਦੀ ਸਰਕਾਰ ਸਿੱਖਿਆ ਵਿੱਚ ਨਿਵੇਸ਼ ਕਰ ਰਹੀ ਹੈ, ਜਿਸ ਨੇ ਸਰਕਾਰੀ ਸਕੂਲਾਂ ਲਈ 38.6 ਬਿਲੀਅਨ ਡਾਲਰ ਦਾ ਰਿਕਾਰਡ ਨਿਵੇਸ਼ ਕੀਤਾ ਹੈ।

ਵਿਕਟੋਰੀਆ ਦੇ ਉਪ-ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਬੈਨ ਕੈਰੋਲ ਨੇ ਇਸ ਸਬੰਧੀ ਦੱਸਿਆ ਹੈ ਕਿ, “ਇਨ੍ਹਾਂ ਹੁਨਰਮੰਦ ਅਧਿਆਪਕਾਂ ਦੀ ਮਿਹਨਤ ਨਾਲ ਸਾਡੇ ਸਕੂਲਾਂ ਵਿੱਚ ਵੱਖ-ਵੱਖ ਸਭਿਆਚਾਰਾਂ ਵਿਚਕਾਰ ਸਬੰਧ ਮਜ਼ਬੂਤ ਹੋਣਗੇ। ਅਸੀਂ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਕੋਲ ਕਾਫ਼ੀ ਅਧਿਆਪਕ ਹੋਣ ਜੋ ਵਿਕਟੋਰੀਆ ਦੇ ਸਕੂਲਾਂ ਵਿੱਚ ਹਿੰਦੀ ਅਤੇ ਪੰਜਾਬੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰ ਸਕਣ।”

Related posts

ਆਸਟ੍ਰੇਲੀਆ ਦੇ ਸਿਹਤ ਮੰਤਰੀ ‘ਨੈਸ਼ਨਲ ਡਾਇਬੀਟੀਜ਼ ਸਮਿੱਟ’ ਵਿੱਚ ਮੁੱਖ-ਭਾਸ਼ਣ ਦੇਣਗੇ !

admin

ਨਵਾਂ ਵਪਾਰ ਸਮਝੌਤਾ ਆਸਟ੍ਰੇਲੀਆ ਅਤੇ 27 ਯੂਰਪੀ ਦੇਸ਼ਾਂ ਲਈ ਨਵੇਂ ਮੌਕੇ ਲੈ ਕੇ ਆਇਆ !

admin

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin