Breaking NewsInternationalLatest NewsPunjab

25 ਸਾਲ ਦੀ ਸਜ਼ਾ ਕੱਟ ਰਹੇ ਬ੍ਰਿਟਿਸ਼ ਸਿੱਖ ਨੌਜਵਾਨ ਵਲੋਂ ਅਪੀਲ ਦਾਇਰ

ਲੰਡਨ।

ਲੰਡਨ – ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ 25 ਸਾਲ ਦੀ ਘੱਟੋ-ਘੱਟ ਕੈਦ ਦੀ ਸਜ਼ਾ ਕੱਟ ਰਹੇ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਵਾ ਨੇ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਲਈ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ।

23 ਸਾਲਾ ਵਿਕਰਮ ਸਿੰਘ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਜਾਣਕਾਰੀ ਅਨੁਸਾਰ ਇਹ ਘਟਨਾ ਇੰਗਲੈਂਡ ਦੇ ਪੋਰਟਸਵੁੱਡ ਇਲਾਕੇ ਵਿੱਚ ਵਾਪਰੀ ਸੀ। ਦਿਗਵਾ ਨੇ ਰਾਤ ਨੂੰ ਬਾਹਰ ਘੁੰਮਣ ਤੋਂ ਬਾਅਦ ਘਰ ਪਰਤ ਰਹੇ ਨੋਵਾਕ ‘ਤੇ ਕਿਰਪਾਨ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਮਹੀਨੇ ਦੇ ਸ਼ੁਰੂ ਵਿੱਚ ਇੰਗਲੈਂਡ ਅਤੇ ਵੇਲਜ਼ ਦੀ ਅਪੀਲ ਅਦਾਲਤ ਨੇ ਦਿਗਵਾ ਦੀ ਘੱਟੋ-ਘੱਟ ਜੇਲ੍ਹ ਦੀ ਸਜ਼ਾ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਸੀ। ਹੁਣ ਉਸ ਦੇ ਵਕੀਲਾਂ ਨੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ। ਵਕੀਲਾਂ ਅਨੁਸਾਰ ਇਹ ਅਪੀਲ ਦੋਸ਼ ਸਾਬਤ ਹੋਣ ਦੀ ਕਾਨੂੰਨੀ ਵਾਜਬੀਅਤ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਜ਼ਾ ਦੀ ਮਿਆਦ ਵਧਾਉਣ ਵਾਲੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਇਜਾਜ਼ਤ ਵੀ ਮੰਗੀ ਹੈ।

ਇਸ ਮਾਮਲੇ ਵਿੱਚ ਅਦਾਲਤ ਨੇ ਕਿਹਾ ਸੀ ਕਿ ਕਿਰਪਾਨ ਨੂੰ ਧਾਰਮਿਕ ਕਾਰਨਾਂ ਕਰਕੇ ਆਪਣੇ ਕੋਲ ਰੱਖਣ ਦੀ ਕਾਨੂੰਨੀ ਇਜਾਜ਼ਤ ਹੋਣ ਨਾਲ ਉਸ ਦੀ ਗ਼ੈਰਕਾਨੂੰਨੀ ਵਰਤੋਂ ਦੀ ਗੰਭੀਰਤਾ ਘੱਟ ਨਹੀਂ ਹੁੰਦੀ। ਇਸ ਮਾਮਲੇ ਨੇ ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਅਤੇ ਧਾਰਮਿਕ ਅਧਿਕਾਰਾਂ ਬਾਰੇ ਵੀ ਚਰਚਾ ਛੇੜ ਦਿੱਤੀ ਸੀ। ਬ੍ਰਿਟੇਨ ਵਿੱਚ ਸਿੱਖਾਂ ਨੂੰ ਧਾਰਮਿਕ ਮਾਨਤਾ ਤਹਿਤ ਕਿਰਪਾਨ ਰੱਖਣ ਦੀ ਕਾਨੂੰਨੀ ਛੋਟ ਹੈ। ਹਾਲਾਂਕਿ ਸਿੱਖ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਸੀ ਕਿ ਕਿਰਪਾਨ ਸਿੱਖ ਧਰਮ ਦਾ ਪਵਿੱਤਰ ਪ੍ਰਤੀਕ ਹੈ ਅਤੇ ਇਸ ਦੀ ਵਰਤੋਂ ਕਿਸੇ ‘ਤੇ ਹਮਲਾ ਕਰਨ ਲਈ ਨਹੀਂ ਕੀਤੀ ਜਾ ਸਕਦੀ। ਇਸ ਮਾਮਲੇ ਵਿੱਚ ਦਿਗਵਾ ਦੀ ਮਾਂ ਕਿਰਨ ਕੌਰ ਨੂੰ ਵੀ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਘਟਨਾ ਵਾਲੀ ਥਾਂ ਤੋਂ ਹਟਾਉਣ ਅਤੇ ਪੁਲੀਸ ਜਾਂਚ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

Related posts

ਸਰਕਾਰੀ ਸਕੂਲਾਂ ਵਿੱਚ ਆਧੁਨਿਕ ਲੀਹਾਂ ਉਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ: ਮੀਤ ਹੇਅਰ

Bunty

ਬਿ੍ਰਟੇਨ ਚਾਰਟਰਡ ਏਅਰਕ੍ਰਾਫਟ ਦੀ ਮਦਦ ਨਾਲ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗਾ ਬਾਹਰ

Bunty

ਇਕਬਾਲ ਸਿੰਘ ਲਾਲਪੁਰਾ ਮੁੜ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

Bunty