ArticlesIndia

80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੁਨੇਹਾ !

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ 14 ਅਗਸਤ, 2026 ਨੂੰ ਨਵੀਂ ਦਿੱਲੀ ਵਿਖੇ 80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਆਈਬੀ।

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੁਨੇਹਾ !

ਮੇਰੇ ਪਿਆਰੇ ਦੇਸ਼ ਵਾਸੀਓ,

ਨਮਸਕਾਰ!

ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਰਾਸ਼ਟਰੀ ਪੁਰਬ ਦੀ ਤਹਿ ਦਿਲੋਂ ਵਧਾਈ ਦਿੰਦੀ ਹਾਂ। ਹੁਣ ਤੋਂ ਕੁਝ ਹੀ ਘੰਟਿਆਂ ਬਾਅਦ, ਸਾਡੇ ਦੇਸ਼ ਦੀ ਆਜ਼ਾਦੀ ਦੇ 80ਵੇਂ ਸਾਲ ਦੀ ਸ਼ੁਭ ਸ਼ੁਰੂਆਤ ਹੋਵੇਗੀ। ਦੇਸ਼-ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਇਸ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ। ਸਾਡਾ ਤਿਰੰਗਾ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ। ਇਸ ਨੂੰ ਅਸੀਂ ਪੂਰੇ ਮਾਣ ਨਾਲ ਫਹਿਰਾਉਂਦੇ ਹਾਂ।

15 ਅਗਸਤ, 1947 ਦੇ ਦਿਨ ਭਾਰਤ ਮਾਤਾ ਗ਼ੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਹੋਈ। ਸਾਰੇ ਦੇਸ਼ਵਾਸੀ, ਆਜ਼ਾਦ ਭਾਰਤ ਦੀ ਕਿਸਮਤ ਦੇ ਨਿਰਮਾਤਾ ਬਣੇ। ਅਸੀਂ ਭਾਰਤ ਦੇ ਲੋਕ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮੌਕਿਆਂ ਨੂੰ ਵਰਤ ਸਕੀਏ ਅਤੇ ਭਾਰਤ ਨੂੰ ਸਰਬੋਤਮ ਰਾਸ਼ਟਰ ਬਣਾਉਣ ਦੀ ਭਾਵਨਾ ਨਾਲ ਕੰਮ ਕਰੀਏ – ਇਸੇ ਵਿੱਚ ਆਜ਼ਾਦੀ ਦੀ ਸਾਰਥਕਤਾ ਹੈ।

ਸਮਰਪਿਤ ਵਿਦਿਆਰਥੀ ਅਤੇ ਅਧਿਆਪਕ, ਵਿਕਾਸ ਲਈ ਤਤਪਰ ਵਿਗਿਆਨੀ ਅਤੇ ਇੰਜੀਨੀਅਰ, ਸਿਹਤ ਸੇਵਾ ਵਿੱਚ ਸਰਗਰਮ ਡਾਕਟਰ ਅਤੇ ਸਿਹਤ ਕਾਮੇ, ਮਿਹਨਤਕਸ਼ ਕਿਰਤੀ ਅਤੇ ਅੰਨਦਾਤਾ ਕਿਸਾਨ, ਆਪਣੇ ਯਤਨਾਂ ਨਾਲ ਰਾਸ਼ਟਰ-ਨਿਰਮਾਣ ਕਰ ਰਹੇ ਹਨ। ਪ੍ਰਤਿਭਾਸ਼ਾਲੀ ਖਿਡਾਰੀ, ਸ਼ਿਲਪਕਾਰ ਅਤੇ ਕਲਾਕਾਰ, ਮਾਰਗ-ਦਰਸ਼ਕ ਬੁੱਧੀਜੀਵੀ, ਨਿੱਜੀ ਅਤੇ ਜਨਤਕ ਖੇਤਰਾਂ ਦੀਆਂ ਟੀਮਾਂ ਦੇ ਮਿਹਨਤੀ ਮੈਂਬਰ, ਲੋਕ-ਹਿਤ ਵਿੱਚ ਸੇਵਾ ਕਰ ਰਹੇ ਲੋਕ ਪ੍ਰਤੀਨਿਧੀ, ਨਿਆਂ-ਪ੍ਰਣਾਲੀ ਨਾਲ ਜੁੜੇ ਨਿਆਂ ਕਾਮੇ, ਕੰਮ ਨੂੰ ਸਮਰਪਿਤ ਸਿਵਲ ਸੇਵਕ, ਅਰਥ-ਵਿਵਸਥਾ ਵਿੱਚ ਯੋਗਦਾਨ ਪਾਉਣ ਵਾਲੇ ਛੋਟੇ-ਵੱਡੇ ਸਾਰੇ ਨਿਵੇਸ਼ਕ, ਨਿਸ਼ਕਾਮ ਸਮਾਜ ਸੇਵੀ ਅਤੇ ਸਵੱਛਤਾ ਅਭਿਆਨ ਦੇ ਮੋਹਰੀ ਕਾਰਕੁਨ – ਸਾਡੇ ਸਾਰੇ ਸਫਾਈ-ਮਿੱਤਰ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਹੋਰ ਖੇਤਰਾਂ ਵਿੱਚ ਸਰਗਰਮ, ਅਣਗਿਣਤ ਦੇਸ਼ਵਾਸੀ, ਅਤੇ ਸੰਵਿਧਾਨ ਵਿੱਚ ਸਮਾਏ, ਮੂਲ ਕਰਤੱਵਾਂ ਦੀ ਪਾਲਣਾ ਕਰਨ ਵਾਲੇ ਸਾਰੇ ਨਾਗਰਿਕ, ਰਾਸ਼ਟਰ-ਨਿਰਮਾਣ ਵਿੱਚ ਮਹੱਤਵਪੂਰਨ ਭਾਗੀਦਾਰ ਹਨ। ਮੈਂ ਉਨ੍ਹਾਂ ਸਾਰਿਆਂ ਦੀ ਦਿਲੋਂ ਸ਼ਲਾਘਾ ਕਰਦੀ ਹਾਂ। ਤਿੰਨਾਂ ਫ਼ੌਜਾਂ ਦੇ ਜਵਾਨਾਂ, ਸਾਰੇ ਹਥਿਆਰਬੰਦ ਪੁਲਿਸ ਬਲਾਂ ਅਤੇ ਪੁਲਿਸਕਰਮੀਆਂ ਦੇ ਫਰਜ਼ ਪ੍ਰਤੀ ਸਮਰਪਣ ਲਈ ਮੈਂ ਉਨ੍ਹਾਂ ਦੀ ਖ਼ਾਸ ਸ਼ਲਾਘਾ ਕਰਦੀ ਹਾਂ। ਵਿਸ਼ਵ-ਪੱਧਰ ’ਤੇ ਭਾਰਤ ਦਾ ਮਾਣ-ਸਨਮਾਨ ਵਧਾਉਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਦੂਤਘਰਾਂ ਵਿੱਚ ਕਾਰਜਸ਼ੀਲ ਦੇਸ਼-ਵਾਸੀਆਂ ਦੀ ਮੈਂ ਸ਼ਲਾਘਾ ਕਰਦੀ ਹਾਂ।

ਪਿਆਰੇ ਦੇਸ਼-ਵਾਸੀਓ,

ਆਜ਼ਾਦੀ ਦੇ ਸ਼ਤਾਬਦੀ ਵਰ੍ਹੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਅਸੀਂ ਅੱਗੇ ਵਧ ਰਹੇ ਹਾਂ। ਅੰਤਯੋਦਯ ਦੀ ਭਾਵਨਾ ਨਾਲ, ਸਾਡਾ ਸੰਕਲਪ ਹੈ ਕਿ ਵਿਕਾਸ ਦਾ ਲਾਭ ਹਰੇਕ ਵਿਅਕਤੀ ਤੱਕ ਪਹੁੰਚੇ। ਆਪਣੀ ਅਮੀਰ ਵਿਰਾਸਤ ਅਤੇ ਆਜ਼ਾਦੀ ਦੀ ਲੜਾਈ ਦੇ ਆਦਰਸ਼ਾਂ ਨੂੰ ਅਪਣਾਉਂਦੇ ਹੋਏ ਅਸੀਂ ਆਧੁਨਿਕ ਵਿਕਾਸ ਦੇ ਮਾਰਗ ’ਤੇ ਅੱਗੇ ਵਧ ਰਹੇ ਹਾਂ। ‘ਵਯੰ ਰਾਸ਼ਟਰੇ ਜਾਗ੍ਰਿਯਾਮ’, ਇਹ ਵੇਦ-ਵਾਕ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਰਾਸ਼ਟਰ ਲਈ ਸਦਾ ਜਾਗਰੂਕ ਰਹੀਏ।

ਸਾਡੀ ਆਜ਼ਾਦੀ ਦੀ ਲੜਾਈ ਵਿੱਚ ਸੰਘਰਸ਼ਸ਼ੀਲ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਦਾ ਟੀਚਾ ਇੱਕੋ ਸੀ – ਭਾਰਤ ਦੀ ਆਜ਼ਾਦੀ। ‘ਸਵਦੇਸ਼ੀ ਅੰਦੋਲਨ’ ਦੌਰਾਨ, ‘ਵੰਦੇ ਮਾਤਰਮ’ ਲੋਕਾਂ ਦਾ ਗੀਤ ਬਣ ਗਿਆ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅਣਗਿਣਤ ਦੇਸ਼ਵਾਸੀ ਆਜ਼ਾਦੀ ਦੀ ਲੜਾਈ ਨਾਲ ਜੁੜ ਗਏ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਸਮਾਜ ਸੁਧਾਰ ਅਤੇ ਰਾਸ਼ਟਰ-ਨਿਸ਼ਠਾ ਦੇ ਉੱਚ ਆਦਰਸ਼ ਪੇਸ਼ ਕੀਤੇ। ਭਾਰਤ ਮਾਤਾ ਦੀਆਂ ਉਨ੍ਹਾਂ ਸਾਰੀਆਂ ਮਹਾਨ ਸੰਤਾਨਾਂ ਨੂੰ ਮੈਂ ਸਾਦਰ ਨਮਨ ਕਰਦੀ ਹਾਂ, ਜਿਨ੍ਹਾਂ ਦੇ ਆਦਰਸ਼ਾਂ ’ਤੇ ਚਲਦਿਆਂ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਅੱਗੇ ਵਧਿਆ।

ਅੱਜ 14 ਅਗਸਤ ਦੇ ਦਿਨ ਨੂੰ ਅਸੀਂ ‘ਵੰਡ ਵਿਭੀਸ਼ਿਕਾ ਯਾਦਗਾਰੀ ਦਿਵਸ’ (ਵੰਡ ਤ੍ਰਾਸਦੀ ਯਾਦਗਰੀ ਦਿਵਸ) ਦੇ ਰੂਪ ਵਿੱਚ ਮਨਾਉਂਦੇ ਹਾਂ। ਅਸੀਂ ਉਨ੍ਹਾਂ ਲੱਖਾਂ ਦੇਸ਼ਵਾਸੀਆਂ ਨੂੰ ਯਾਦ ਕਰਦੇ ਹਾਂ ਜੋ ਉਜਾੜੇ ਨਾਲ ਜੁੜੀ ਹਿੰਸਾ ਵਿੱਚ ਮਾਰੇ ਗਏ ਜਾਂ ਵੰਡ ਦੀ ਤ੍ਰਾਸਦੀ ਝੱਲਣ ਲਈ ਮਜਬੂਰ ਹੋਏ। ਫਿਰਕੂ ਹਿੰਸਾ ਕਾਰਨ ਲੱਖਾਂ ਲੋਕਾਂ ਨੂੰ ਸ਼ਰਨਾਰਥੀ ਬਣਨਾ ਪਿਆ ਅਤੇ ਵੰਡ ਦੀ ਤ੍ਰਾਸਦੀ ਝੱਲਣੀ ਪਈ। ਫਿਰ ਵੀ, ਉਨ੍ਹਾਂ ਨੇ ਆਪਣੀ ਪਛਾਣ ਨਹੀਂ ਛੱਡੀ।

ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਉਸ ਸਮੇਂ ਦੇਸ਼ ਦੀ ਵੰਡ ਦੇ ਗੰਭੀਰ ਨਤੀਜਿਆਂ ਦੇ ਨਾਲ-ਨਾਲ, 550 ਤੋਂ ਵੱਧ ਰਿਆਸਤਾਂ ਨੂੰ ਨਵੇਂ ਆਜ਼ਾਦ ਭਾਰਤ ਨਾਲ ਜੋੜਨਾ ਵੀ ਇੱਕ ਅਸਾਧਾਰਣ ਚੁਣੌਤੀ ਸੀ। ਸਰਦਾਰ ਪਟੇਲ ਨੇ ਰਾਜਸ਼ਾਹੀ ਪ੍ਰਣਾਲੀਆਂ ਨੂੰ ਖ਼ਤਮ ਕਰਕੇ ਸਾਡੇ ਆਜ਼ਾਦ ਲੋਕਤੰਤਰ ਵਿੱਚ ਉਨ੍ਹਾਂ ਦਾ ਰਲੇਵਾਂ ਕੀਤਾ। ਇੱਕ ਸ਼ੁਕਰਗੁਜ਼ਾਰ ਰਾਸ਼ਟਰ ਵੱਲੋਂ, ਆਧੁਨਿਕ ਭਾਰਤ ਦੀ ਏਕਤਾ ਦੇ ਘਾੜੇ, ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਪਾਵਨ ਯਾਦ ਨੂੰ ਮੈਂ ਸਾਦਰ ਨਮਨ ਕਰਦੀ ਹਾਂ।

ਪਿਆਰੇ ਦੇਸ਼-ਵਾਸੀਓ,

‘ਭਾਰਤ ਦੇ ਲੋਕਾਂ’ ਵੱਲੋਂ ਬਣਾਇਆ ਸਾਡਾ ਸੰਵਿਧਾਨ ਨਾਗਰਿਕਾਂ ਦੀ ਭਾਗੀਦਾਰੀ ’ਤੇ ਆਧਾਰਿਤ ਹੈ। ਲੋਕਤੰਤਰ ਦੀ ਜਣਨੀ ਭਾਰਤ-ਭੂਮੀ ਦੇ ਵਾਸੀਆਂ ਵਿੱਚ ਜਨ-ਭਾਗੀਦਾਰੀ ਦੀ ਭਾਵਨਾ ਸਦਾ ਤੋਂ ਮੌਜੂਦ ਰਹੀ ਹੈ। ਉਸ ਭਾਵਨਾ ਨੂੰ, ਨਵੀਂ ਊਰਜਾ ਦੇ ਨਾਲ, ਸਾਡੇ ਦੇਸ਼ਵਾਸੀ ਅੱਗੇ ਵਧਾ ਰਹੇ ਹਨ। ਰਾਸ਼ਟਰੀ ਮੁਹਿੰਮਾਂ ਨੂੰ ਲੋਕ-ਭਾਗੀਦਾਰੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਹ ਸਾਡੇ ਲੋਕਤੰਤਰ ਦੀ ਪ੍ਰੇਰਕ ਪ੍ਰਾਪਤੀ ਹੈ।

ਵੱਕਾਰ ਅਤੇ ਮੌਕਿਆਂ ਦੀ ਬਰਾਬਰੀ ਅਤੇ ਵਿਅਕਤੀ ਦਾ ਮਾਣ-ਸਨਮਾਨ, ਸਾਡੇ ਸੰਵਿਧਾਨ ਦੇ ਪ੍ਰਮੁੱਖ ਆਦਰਸ਼ ਹਨ। ਅੱਜ ਸਧਾਰਣ ਪਿਛੋਕੜ ਵਾਲੇ ਲੋਕ, ਅਨੇਕ ਖੇਤਰਾਂ ਵਿੱਚ, ਅਸਾਧਾਰਣ ਯੋਗਦਾਨ ਦੇ ਰਹੇ ਹਨ। ਇਸ ਨਾਲ, ਮੇਰਾ ਇਹ ਵਿਸ਼ਵਾਸ ਦ੍ਰਿੜ੍ਹ ਹੁੰਦਾ ਹੈ ਕਿ ਅੱਜ ਦੇ ਭਾਰਤ ਵਿੱਚ ਹਰ ਵਿਅਕਤੀ ਵੱਡੇ ਸੁਪਨੇ ਦੇਖ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ।

ਸਾਡੇ ਸੰਵਿਧਾਨ ਵਿੱਚ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਦੀਆਂ ਜ਼ੁੰਮੇਵਾਰੀਆਂ ਦਾ ਸਪਸ਼ਟ ਜ਼ਿਕਰ ਹੈ। ਲੋਕ-ਪ੍ਰਤੀਨਿਧੀਆਂ ਦਾ ਫਰਜ਼ ਹੈ ਕਿ ਉਹ ਵਿਧਾਨਪਾਲਿਕਾ ਵਿੱਚ, ਲੋਕਾਂ ਦੀਆਂ ਆਸਾਂ-ਉਮੀਦਾਂ ਨੂੰ ਪ੍ਰਗਟ ਕਰਨ। ਕਾਰਜਪਾਲਿਕਾ ਦਾ ਫਰਜ਼ ਹੈ ਕਿ ਲੋਕ-ਹਿਤ ਅਤੇ ਰਾਸ਼ਟਰਹਿਤ ਦੀਆਂ ਨੀਤੀਆਂ ਨੂੰ ਅਮਲ ਵਿੱਚ ਲਿਆਵੇ। ਨਿਆਂ-ਪ੍ਰਣਾਲੀ ਨਾਲ ਜੁੜੇ ਹਰੇਕ ਵਿਅਕਤੀ ਦਾ ਇਹ ਫਰਜ਼ ਹੈ ਕਿ ਘਾਟ ਕਾਰਨ ਕੋਈ ਵਿਅਕਤੀ ਨਿਆਂ ਤੋਂ ਵਾਂਝਾ ਨਾ ਰਹੇ। ਹਰ ਨਾਗਰਿਕ ਨੂੰ, ਵਿਸ਼ੇਸ਼ ਤੌਰ ’ਤੇ ਵਾਂਝੇ ਵਰਗਾਂ ਦੇ ਲੋਕਾਂ ਨੂੰ, ਬਰਾਬਰੀ ਦੇ ਆਧਾਰ ’ਤੇ, ਸਨਮਾਨ ਦੇ ਨਾਲ, ਸਮੇਂ ਸਿਰ ਨਿਆਂ ਮਿਲਣਾ ਚਾਹੀਦਾ ਹੈ।

ਪਿਆਰੇ ਦੇਸ਼-ਵਾਸੀਓ,

ਪਿਛਲੇ ਇੱਕ ਦਹਾਕੇ ਤੋਂ ਕੁਝ ਵੱਧ ਸਮੇਂ ਵਿੱਚ ਸਾਡੇ ਦੇਸ਼ ਨੇ ਤੇਜ਼ ਰਫ਼ਤਾਰ ਨਾਲ ਸੰਮਲਿਤ ਵਿਕਾਸ ਕੀਤਾ ਹੈ, ਵਿਰਾਸਤ ਅਤੇ ਵਿਕਾਸ ਦੇ ਤਾਲਮੇਲ ਨੂੰ ਤਰਜੀਹ ਦਿੱਤੀ ਹੈ ਅਤੇ ਵਿਕਾਸ ਵਿੱਚ ਰੁਕਾਵਟ ਬਣੇ ਦਹਾਕਿਆਂ ਪੁਰਾਣੇ ਅਨੇਕ ਅੜਿੱਕਿਆਂ ਨੂੰ ਦੂਰ ਕੀਤਾ ਹੈ।

ਸਾਡੇ ਦੇਸ਼ਵਾਸੀ ਮਹਾਤਮਾ ਜਯੋਤੀਬਾ ਫੁਲੇ ਦੀ 200ਵੀਂ ਜਯੰਤੀ ਮਨਾ ਰਹੇ ਹਨ। ਮਹਾਤਮਾ ਫੁਲੇ ਅਤੇ ਕ੍ਰਾਂਤੀ-ਜੋਤੀ ਸਾਵਿਤ੍ਰੀਬਾਈ ਫੁਲੇ ਨੇ ਸਮਾਜਿਕ ਨਿਆਂ, ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਬਰਾਬਰੀ ਦੇ ਖੇਤਰ ਵਿੱਚ ਇਤਿਹਾਸਕ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਆਦਰਸ਼ਾਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਵਾਂਝੇ ਵਰਗਾਂ ਨੂੰ ਅੱਗੇ ਲਿਜਾਣ ਦੇ ਟੀਚੇ ਨੂੰ ਰਾਸ਼ਟਰੀ ਤਰਜੀਹ ਦਿੱਤੀ ਗਈ ਹੈ। ਮਹਿਲਾਵਾਂ ਦੀ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਦੇ ਨਵੇਂ ਮਿਆਰ ਸਥਾਪਿਤ ਹੋਏ ਹਨ। 25 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਮੁਕਤੀ ਦਿਵਾਉਣ ਵਿੱਚ ਸਫਲਤਾ ਮਿਲੀ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ ਯੋਜਨਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਲਗਭਗ 59 ਕਰੋੜ ਖਾਤਾਧਾਰਕ ਬੈਂਕਿੰਗ ਪ੍ਰਣਾਲੀ ਨਾਲ ਜੁੜ ਚੁੱਕੇ ਹਨ। ਉਨ੍ਹਾਂ ਵਿੱਚ 32 ਕਰੋੜ ਤੋਂ ਵੱਧ ਮਹਿਲਾ ਖਾਤਾਧਾਰਕ ਸ਼ਾਮਲ ਹਨ। 80 ਕਰੋੜ ਲੋਕਾਂ ਲਈ ਮੁਫ਼ਤ ਰਾਸ਼ਨ ਦੀ ਵਿਵਸਥਾ ਰਾਹੀਂ ਉਨ੍ਹਾਂ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਈ ਗਈ ਹੈ। ‘ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ’ ਦੇ ਤਹਿਤ 60 ਕਰੋੜ ਲੋਕਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਸਹੂਲਤ ਉਪਲਬਧ ਕਰਵਾਈ ਗਈ ਹੈ। ਕਿਸਾਨ ਸਨਮਾਨ ਨਿਧੀ ਅਤੇ ਕਿਸਾਨ ਕ੍ਰੈਡਿਟ ਕਾਰਡਾਂ ਨਾਲ ਖੇਤੀਬਾੜੀ, ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਮਧੂ-ਮੱਖੀ ਪਾਲਣ ਵਰਗੀਆਂ ਗਤੀਵਿਧੀਆਂ ਨਾਲ ਜੁੜੇ ਕਿਸਾਨ ਭੈਣ-ਭਰਾਵਾਂ ਨੂੰ ਸਹਾਰਾ ਮਿਲਿਆ ਹੈ।

ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਸੱਭਿਆਚਾਰਕ ਆਤਮ-ਬਲ ’ਤੇ ਆਧਾਰਿਤ ਵਿਕਾਸ ਗਤੀਸ਼ੀਲ ਅਤੇ ਸਥਾਈ ਹੁੰਦਾ ਹੈ। ਅੱਜ ਦੇਸ਼ ਵਿੱਚ ਇਹ ਚੇਤਨਾ ਜ਼ੋਰ ਫੜ ਰਹੀ ਹੈ ਕਿ ਸੱਭਿਆਚਾਰਕ ਮਾਣ-ਸਨਮਾਨ ਦੀ ਭਾਵਨਾ ਦੇਸ਼ ਦੀ ਪ੍ਰਭੂਸੱਤਾ ਨੂੰ ਆਤਮਿਕ ਸ਼ਕਤੀ ਪ੍ਰਦਾਨ ਕਰਦੀ ਹੈ। ਸਾਡੇ ਪੁਰਖਿਆਂ ਨੇ ਗਿਆਨ-ਵਿਗਿਆਨ, ਕਲਾ-ਸੱਭਿਆਚਾਰ, ਅਧਿਆਤਮ ਅਤੇ ਸਦਾਚਾਰ ਦੀ ਅਨਮੋਲ ਵਿਰਾਸਤ ਸੌਂਪੀ ਹੈ। ਅਸੀਂ ਵਿਰਾਸਤ ਅਤੇ ਵਿਕਾਸ ਦੇ ਤਾਲਮੇਲ ਨਾਲ ਅੱਗੇ ਵਧ ਰਹੇ ਹਾਂ।

ਸਾਡੇ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਡਿਜੀਟਲ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ। ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਵਿੱਚ ਅਤੇ ਰੇਹੜੀ-ਫੜ੍ਹੀ ’ਤੇ ਵੀ ਡਿਜੀਟਲ ਭੁਗਤਾਨ ਹੋ ਰਹੇ ਹਨ। ਦੁਨੀਆ ਵਿੱਚ ਅੱਧੇ ਤੋਂ ਵੱਧ ਰੀਅਲ ਟਾਈਮ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੋ ਰਹੇ ਹਨ। ਸਾਡੇ ਦੇਸ਼-ਵਾਸੀਆਂ ਅਤੇ ਸਰਕਾਰ ਨੇ ਮਿਲ ਕੇ, ਡਿਜੀਟਲ ਕ੍ਰਾਂਤੀ ਦੀ ਉਦਾਹਰਨ, ਆਲਮੀ-ਭਾਈਚਾਰੇ ਦੇ ਸਾਹਮਣੇ ਪੇਸ਼ ਕੀਤੀ ਹੈ।ਤਕਨਾਲੋਜੀ ਦੀ ਵਰਤੋਂ ਕਰਕੇ, ਸਰਕਾਰ ਨੇ ਲੋਕ ਭਲਾਈ ਦੀਆਂ ਸਹੂਲਤਾਂ ਨੂੰ, ਪਾਰਦਰਸ਼ੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਹੈ।

ਸਾਡੇ ਦੇਸ਼ ਵਿੱਚ ਰਾਜਮਾਰਗ, ਜਲਮਾਰਗ, ਰੇਲਵੇ ਅਤੇ ਹਵਾਈ ਮਾਰਗਾਂ ਦੇ ਰੂਪ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਬੇਮਿਸਾਲ ਵਿਸਥਾਰ ਹੋਇਆ ਹੈ। ਇਸ ਨਾਲ ਨਵੇਂ ਉੱਦਮਾਂ ਲਈ ਮੌਕੇ ਪੈਦਾ ਹੋ ਰਹੇ ਹਨ, ਨਵੇਂ ਰੁਜ਼ਗਾਰਾਂ ਦੀ ਸਿਰਜਣਾ ਹੋ ਰਹੀ ਹੈ ਅਤੇ ਨਿਵੇਸ਼ਕਾਂ ਦਾ ਭਰੋਸਾ ਵਧ ਰਿਹਾ ਹੈ।

ਪਿਆਰੇ ਦੇਸ਼-ਵਾਸੀਓ,

ਦੁਨੀਆ ਦੇ ਕਈ ਖਿੱਤਿਆਂ ਵਿੱਚ ਜੰਗ ਅਤੇ ਅਸਥਿਰਤਾ ਦਾ ਸਾਰੇ ਦੇਸ਼ਾਂ ’ਤੇ ਪ੍ਰਭਾਵ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵੀ, ਸਾਡੇ ਦੇਸ਼ ਦੀ ਅਰਥ-ਵਿਵਸਥਾ, ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਹੀ ਪ੍ਰਮੁੱਖ ਅਰਥ-ਵਿਵਸਥਾ ਦੇ ਰੂਪ ਵਿੱਚ ਅੱਗੇ ਵਧ ਰਹੀ ਹੈ। ਆਰਥਿਕ ਅੰਦਾਜ਼ਿਆਂ ਦੇ ਅਨੁਸਾਰ ਭਾਰਤ ਦੀ ਵਿਕਾਸ ਦਰ ਦੁਨੀਆ ਦੀ ਔਸਤ ਵਿਕਾਸ ਦਰ ਦੇ ਮੁਕਾਬਲੇ ਦੁੱਗਣੀ ਤੋਂ ਵੱਧ ਰਹੇਗੀ। ‘ਆਤਮ-ਨਿਰਭਰ ਭਾਰਤ’ ਮੁਹਿੰਮ ਨਾਲ, ਸਾਡੀ ਆਰਥਿਕ ਤਰੱਕੀ ਅਤੇ ਰਾਸ਼ਟਰੀ ਸੁਰੱਖਿਆ ਦੀ ਬੁਨਿਆਦ ਮਜ਼ਬੂਤ ਹੋਈ ਹੈ।

ਆਧੁਨਿਕ ਵਿਕਾਸ ਦੇ ਰਾਹ ’ਤੇ ਅੱਗੇ ਵਧਣ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਵਿਸ਼ਵ ਪੱਧਰ ’ਤੇ ਮੋਹਰੀ ਯੋਗਦਾਨ ਪਾ ਰਿਹਾ ਹੈ। ਟਿਕਾਊ ਵਿਕਾਸ ਟੀਚਿਆਂ 2030 ਦੇ ਕੁਝ ਟੀਚੇ ਸਾਡੇ ਦੇਸ਼ ਨੇ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਏ ਹਨ। ਅਖੁੱਟ ਊਰਜਾ ਦੇ ਵਿਕਾਸ ਨੂੰ ਪਿਛਲੇ ਕੁਝ ਸਾਲਾਂ ਵਿੱਚ ਬੇਮਿਸਾਲ ਰਫ਼ਤਾਰ ਮਿਲੀ ਹੈ।

ਸਾਡੀ ਵਿਦੇਸ਼ ਨੀਤੀ, ਦੇਸ਼ਹਿਤ ’ਤੇ ਆਧਾਰਿਤ ਹੈ। ਸ਼ਾਂਤੀ, ਸਹਿਯੋਗ, ਸੰਵਾਦ ਅਤੇ ਵਸੁਧੈਵ ਕੁਟੁੰਬਕਮ ਦੇ ਆਦਰਸ਼ ਸਾਡੀ ਵਿਦੇਸ਼ ਨੀਤੀ ਦੇ ਥੰਮ੍ਹ ਹਨ। ਆਰਥਿਕ ਸਹਿਯੋਗ ਵਧਾਉਣ ਅਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ, ਅਸੀਂ ਅਨੇਕ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ। ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਅਸੀਂ ਮੋਹਰੀ ਭੂਮਿਕਾ ਨਿਭਾ ਰਹੇ ਹਾਂ। ਵਿਸ਼ਵ ਪੱਧਰ ’ਤੇ ਸਾਡੇ ਦੇਸ਼ ਦਾ ਸਨਮਾਨ ਵਧਿਆ ਹੈ। ਅਸੀਂ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡਾ ਯਤਨ ਹੈ ਕਿ ਸੰਯੁਕਤ ਰਾਸ਼ਟਰ ਸੰਘ ਸਮੇਤ, ਬਹੁਪੱਖੀ ਸੰਸਥਾਵਾਂ ਵਿੱਚ ਆਲਮੀ ਭਾਈਚਾਰੇ ਦੀ ਢੁਕਵੀਂ ਨੁਮਾਇੰਦਗੀ ਹੋਵੇ। ਸਾਡੇ ਇਸ ਯਤਨ ਨੂੰ ਅਨੇਕ ਦੇਸ਼ਾਂ ਦਾ ਮਜ਼ਬੂਤ ਸਾਥ ਮਿਲ ਰਿਹਾ ਹੈ।

ਪਿਆਰੇ ਦੇਸ਼-ਵਾਸੀਓ,

ਕੁਦਰਤੀ ਸਰੋਤਾਂ ’ਤੇ ਸਾਡੀਆਂ ਭਵਿੱਖੀ ਪੀੜ੍ਹੀਆਂ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਸਾਡਾ ਹੈ। ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕਿਸੇ ਵੀ ਕੰਮ ਨਾਲ, ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਇਸ ਹੱਕ ਦੀ ਵਰਤੋਂ ‘ਚ ਭੋਰਾ ਵੀ ਕਮੀ ਨਾ ਆਵੇ। ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਹੋਰ ਵੀ ਵਧੇਰੇ ਭਰਪੂਰ ਕੁਦਰਤੀ ਸਰੋਤ ਪ੍ਰਦਾਨ ਕਰੀਏ। ਵਾਤਾਵਰਣ ਸੁਰੱਖਿਆ ਪ੍ਰਤੀ ਸਾਡੀ ਆਸਥਾ ਸਾਡੀ ਪਰੰਪਰਾ ਦਾ ਹਿੱਸਾ ਹੈ। ਸੰਥਾਲੀ ਭਾਸ਼ਾ ਦੇ ਇੱਕ ਸਰਲ ਗੀਤ ਵਿੱਚ ਸਾਨੂੰ ਡੂੰਘਾ ਸੁਨੇਹਾ ਮਿਲਦਾ ਹੈ। ਪੰਡਿਤ ਰਘੁਨਾਥ ਮੁਰਮੂ ਵੱਲੋਂ ਰਚੇ ਉਸ ਗੀਤ ਦੇ ਕੁਝ ਸ਼ਬਦ ਇਸ ਤਰ੍ਹਾਂ ਹਨ:

ਦਾਰੇ ਗੁਜੂਗ ਕਾਨ ਞੇਲ ਤੇ
ਮਿਰੁ ਚੇਣੇਯ ਰਾਗ ਬਯਹਾ ਦਾਯਾ ਹਾਯਾ ਗੇ।
ਗੁਜੂਗ ਕਾਨ ਆਬੋਵਾ ਜਾਤਿ ਧਰਮ ਦਾਰੇ
ਚੇਦਾਗ ਬਾਬੋਨ ਰਾਗ ਬਯਹਾ ਆਬੋ ਅਨਾ ਞੇਲ ਤੇ।

ਇਸ ਗੀਤ ਵਿੱਚ, ਇੱਕ ਰੁੱਖ ਦੇ ਪੂਰੀ ਤਰ੍ਹਾਂ ਸੁੱਕ ਜਾਣ ਕਾਰਨ ਰੋਂਦੇ ਹੋਏ ਇੱਕ ਤੋਤੇ ਦਾ ਵਰਣਨ ਕਰਦੇ ਹੋਏ ਕਵੀ ਆਖ ਰਹੇ ਹਨ – ‘ਹੇ ਮੇਰੇ ਭਰਾਵੋ! ਮਰ ਰਹੇ ਰੁੱਖ ਨੂੰ ਦੇਖ ਕੇ ਤੋਤਾ-ਪੰਛੀ ਦੁਖ ਭਰੀ ਆਵਾਜ਼ ਵਿੱਚ ਰੋ ਰਿਹਾ ਹੈ। ਹੇ ਮੇਰੇ ਭਰਾਵੋ! ਮਨੁੱਖੀ ਸੱਭਿਆਚਾਰ ਰੂਪੀ ਰੁੱਖ ਦਾ ਵਿਨਾਸ਼ ਹੁੰਦਾ ਦੇਖ ਕੇ ਅਸੀਂ, ਮਨੁੱਖੀ ਸਮਾਜ ਦੇ ਲੋਕ, ਵਿਰਲਾਪ ਕਿਉਂ ਨਹੀਂ ਕਰ ਰਹੇ ਹਾਂ?’ ਇਸ ਗੀਤ ਦਾ ਸੁਨੇਹਾ ਇਹ ਹੈ ਕਿ ਸਾਰੇ ਮਨੁੱਖਾਂ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਕੁਦਰਤ ਦੀ ਸੰਭਾਲ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਕ ਹਰਾ-ਭਰਾ ਰੁੱਖ, ਮਨੁੱਖੀ ਸਮਾਜ ਦੇ ਨੈਤਿਕ ਅਤੇ ਸਿਹਤਮੰਦ ਹੋਣ ਦਾ ਪ੍ਰਤੀਕ ਹੈ। ‘ਇੱਕ ਰੁੱਖ ਮਾਂ ਦੇ ਨਾਮ’ ਅਤੇ ‘ਲਾਈਫਸਟਾਈਲ ਫਾਰ ਐਨਵਾਇਰਮੈਂਟ’ ਯਾਨੀ ‘ਲਾਈਫ’ (LiFE) ਵਰਗੀਆਂ ਮੁਹਿੰਮਾਂ ਦੀ ਭਾਵਨਾ ਦੇ ਅਨੁਸਾਰ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਨਿੱਜੀ ਅਤੇ ਸਮੂਹਿਕ ਯਤਨ ਕਰਨੇ ਚਾਹੀਦੇ ਹਨ।

ਮੇਰੇ ਪਿਆਰੇ ਦੇਸ਼-ਵਾਸੀਓ,

ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਸਾਡੀਆਂ ਧੀਆਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਖੇਤੀਬਾੜੀ ਉਤਪਾਦਕਤਾ ਵਧਾਉਣ ਵਿੱਚ ਯੋਗਦਾਨ ਪਾਉਣ ਵਾਲੀ ‘ਡਰੋਨ ਦੀਦੀ’ ਤੋਂ ਲੈ ਕੇ, ਹਵਾਈ ਫੌਜ ਵਿੱਚ ‘ਫਾਈਟਰ ਕੌਮਬੈਟ ਲੀਡਰ’ ਬਣਨ ਤੱਕ, ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ। ਹਾਲ ਹੀ ਵਿੱਚ ਗਲਾਸਗੋ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਕੁੱਲ 13 ਸੋਨ ਤਮਗ਼ਿਆਂ ਵਿੱਚੋਂ 8 ਸੋਨ ਤਮਗ਼ੇ ਧੀਆਂ ਨੇ ਜਿੱਤੇ ਹਨ। ਮਹਿਲਾਵਾਂ ਦੀ ਆਰਥਿਕ ਆਤਮ-ਨਿਰਭਰਤਾ ਵਧ ਰਹੀ ਹੈ। ਸਵੈ-ਸਹਾਇਤਾ ਸਮੂਹਾਂ ਦੀਆਂ 10 ਕਰੋੜ ਤੋਂ ਵੱਧ ਮਹਿਲਾ ਮੈਂਬਰ ਹਨ। 3 ਕਰੋੜ ਮਹਿਲਾਵਾਂ ਨੂੰ ‘ਲਖਪਤੀ ਦੀਦੀ’ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਸੀ। ਇਹ ਟੀਚਾ ਪ੍ਰਾਪਤ ਕੀਤਾ ਜਾ ਚੁੱਕਾ ਹੈ। ਹੁਣ ਸਾਡਾ ਦੇਸ਼ 3 ਕਰੋੜ ਮਹਿਲਾਵਾਂ ਨੂੰ ਨਵੀਂ ‘ਲਖਪਤੀ ਦੀਦੀ’ ਬਣਾਉਣ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ। ‘ਮੁਦਰਾ ਯੋਜਨਾ’ ਦੇ ਤਹਿਤ ਸਹਾਇਤਾ ਪ੍ਰਾਪਤ ਕਰਨ ਵਾਲੇ ਉੱਦਮੀਆਂ ਵਿੱਚ ਲਗਭਗ ਦੋ-ਤਿਹਾਈ ਲਾਭਪਾਤਰੀ ਮਹਿਲਾਵਾਂ ਹਨ।

ਮਹਿਲਾਵਾਂ ਦੀ ਆਰਥਿਕ ਆਤਮ-ਨਿਰਭਰਤਾ ਦੇ ਯਤਨਾਂ ਦੇ ਨਾਲ-ਨਾਲ, ਅਸੀਂ ਦੇਖ ਰਹੇ ਹਾਂ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਅਗਵਾਈ ਪ੍ਰਦਾਨ ਕਰ ਰਹੀਆਂ ਹਨ। ਵੋਟ ਪਾਉਣ ਵਿੱਚ ਮਹਿਲਾਵਾਂ ਦੀ ਵਧ ਰਹੀ ਭਾਗੀਦਾਰੀ ਸਾਡੇ ਗਣਤੰਤਰ ਦੀ ਵਿਸ਼ੇਸ਼ ਸਫਲਤਾ ਹੈ। ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33 ਪ੍ਰਤੀਸ਼ਤ ਪ੍ਰਤੀਨਿਧਤਾ ਰਾਖਵੀਂ ਕਰਨ ਲਈ, ਸਾਲ 2023 ਵਿੱਚ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਪਾਸ ਕੀਤਾ ਜਾ ਚੁੱਕਾ ਹੈ। ਇਸ ਐਕਟ ਦੇ ਟੀਚੇ ਨੂੰ ਪ੍ਰਾਪਤ ਕਰਨ ਨਾਲ ਮਹਿਲਾਵਾਂ ਦੀ ਅਗਵਾਈ ਵਧੇਗੀ ਅਤੇ ਸਾਡਾ ਲੋਕਤੰਤਰ ਹੋਰ ਵੀ ਸੰਮਲਿਤ ਬਣੇਗਾ।

ਦੇਸ਼ ਦੀ ਕੁੱਲ ਆਬਾਦੀ ਵਿੱਚ 65 ਪ੍ਰਤੀਸ਼ਤ ਲੋਕਾਂ ਦੀ ਉਮਰ 35 ਸਾਲ ਤੋਂ ਘੱਟ ਹੈ। ਇਹ ਨੌਜਵਾਨ ਆਬਾਦੀ ਸਭ ਤੋਂ ਕੀਮਤੀ ਅਸਾਸਾ ਹੈ। ਸਾਡੇ ਦੇਸ਼ ਦੇ ਨੌਜਵਾਨ ਪ੍ਰਤਿਭਾਸ਼ਾਲੀ, ਦ੍ਰਿੜ੍ਹ ਅਤੇ ਹੁਨਰਮੰਦ ਹਨ। ਜ਼ਮੀਨੀ ਪੱਧਰ ’ਤੇ, ਨੌਜਵਾਨਾਂ ਵੱਲੋਂ ਵੱਖ-ਵੱਖ ਸਮੱਸਿਆਵਾਂ ਦੇ ਕੀਤੇ ਗਏ ਨਵੀਨਤਾਕਾਰੀ ਅਤੇ ਵਿਹਾਰਕ ਹੱਲਾਂ ਨੂੰ ਦੇਖ ਕੇ ਮੈਨੂੰ ਸਮਾਜ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਝਲਕ ਮਿਲਦੀ ਹੈ। ਸਿਰਫ਼ 28 ਸਾਲ ਦੀ ਔਸਤ ਉਮਰ ਵਾਲੀ ਨੌਜਵਾਨ ਟੀਮ ਵੱਲੋਂ ਹਾਲ ਹੀ ਵਿੱਚ ਰਾਕੇਟ ਨੂੰ ਸਫਲਤਾ ਨਾਲ ਦਾਗ ਕੇ ਪੁਲਾੜ ਖੋਜ ਦੇ ਇੱਕ ਨਵੇਂ ਪੜਾਅ ਦੀ ਸ਼ੁਭ ਸ਼ੁਰੂਆਤ ਕੀਤੀ ਗਈ ਹੈ।

ਸਾਡੇ ਅਨੇਕ ਨੌਜਵਾਨ ਸਵੈ-ਰੁਜ਼ਗਾਰ ਦੇ ਰਾਹ ’ਤੇ ਚੱਲਦੇ ਹੋਏ ਰੁਜ਼ਗਾਰ ਪ੍ਰਦਾਨ ਕਰਨ ਦੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਨ। ਨੌਜਵਾਨ ਉੱਦਮੀਆਂ ਦੀ ਭਾਗੀਦਾਰੀ ਨਾਲ ਸਾਡੇ ਦੇਸ਼ ਵਿੱਚ ਇੱਕ ਮਜ਼ਬੂਤ ਸਟਾਰਟ-ਅੱਪ ਇਕੋਸਿਸਟਮ ਵਿਕਸਿਤ ਹੋਇਆ ਹੈ। ਦੁਨੀਆ ਦੇ ਵੱਡੇ-ਵੱਡੇ ਉੱਦਮ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਲਗਨ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਮੋਹਰੀ ਭੂਮਿਕਾਵਾਂ ਵਿੱਚ ਨਿਯੁਕਤ ਕਰਦੇ ਹਨ। ਅਜਿਹੇ ਨੌਜਵਾਨਾਂ ਨੇ ਆਲਮੀ ਭਾਈਚਾਰੇ ਵਿੱਚ ਭਾਰਤ ਦੀ ਨੌਜਵਾਨ ਸ਼ਕਤੀ ਦੀ ਸਾਖ਼ ਵਧਾਈ ਹੈ। ਸਾਡੀ ਨੌਜਵਾਨ ਪੀੜ੍ਹੀ ਭਾਰਤ ਦੇ ਸੁਨਹਿਰੇ ਭਵਿੱਖ ਪ੍ਰਤੀ ਮੇਰੇ ਭਰੋਸੇ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਸਾਡੇ ਵਿਦਿਆਰਥੀ, ਭਾਰਤ ਦੇ ਭਵਿੱਖ ਦੇ ਨਿਰਮਾਤਾ ਹਨ। ਜਿਸ ਤਰ੍ਹਾਂ ਰਾਸ਼ਟਰੀ ਸੁਰੱਖਿਆ ਲਈ ਸਰਕਾਰ ਅਤੇ ਸਮਾਜ ਦਾ ਇਕਜੁੱਟ ਰਹਿਣਾ ਜ਼ਰੂਰੀ ਹੈ, ਉਸੇ ਤਰ੍ਹਾਂ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਦੀ ਸੁਰੱਖਿਆ ਲਈ ਵੀ ਸਾਰਿਆਂ ਦੇ ਸਾਂਝੇ ਯਤਨ ਜ਼ਰੂਰੀ ਹਨ। ਜਨਤਕ ਪ੍ਰੀਖਿਆਵਾਂ, ਵਿਦਿਆਰਥੀਆਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹਦੀਆਂ ਹਨ। ਇਸ ਲਈ, ਸਰਕਾਰ ਇਨ੍ਹਾਂ ਪ੍ਰੀਖਿਆਵਾਂ ਵਿੱਚ ਸੁਧਾਰ ਲਈ ਵਿਆਪਕ ਕਦਮ ਚੁੱਕ ਰਹੀ ਹੈ। ਇਨ੍ਹਾਂ ਸੁਧਾਰਾਂ ਦਾ ਮੰਤਵ ਹੈ ਕਿ ਜਨਤਕ ਪ੍ਰੀਖਿਆਵਾਂ ਵਿੱਚ ਗ਼ੈਰ-ਵਾਜਬ ਸਾਧਨਾਂ ’ਤੇ ਪੂਰੀ ਤਰ੍ਹਾਂ ਰੋਕ ਲੱਗੇ, ਪ੍ਰੀਖਿਆ ਪ੍ਰਣਾਲੀ ਹੋਰ ਵੀ ਪਾਰਦਰਸ਼ੀ ਅਤੇ ਨੌਜਵਾਨਾਂ ਲਈ ਸੁਰੱਖਿਅਤ ਅਤੇ ਭਰੋਸੇਮੰਦ ਹੋਵੇ।

ਸਰਕਾਰ ਦੇ ਯਤਨਾਂ ਅਤੇ ਨਵੀਆਂ ਆਰਥਿਕ ਗਤੀਵਿਧੀਆਂ ਨਾਲ ਨੌਜਵਾਨਾਂ ਲਈ ਅਨੇਕ ਤਰ੍ਹਾਂ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਅਜਿਹੇ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਾਡੇ ਨੌਜਵਾਨ ਸਫਲਤਾ ਦੇ ਨਵੇਂ ਰਾਹ ਚੁਣ ਸਕਦੇ ਹਨ।

ਸਾਡੇ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇਸ਼ ਦੇ ਭਵਿੱਖ ਦੀ ਬੁਨਿਆਦ ਹੈ। ਪਰਿਵਾਰ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿ ਸਾਡੇ ਨੌਜਵਾਨ ਉਤਸ਼ਾਹ ਨਾਲ ਅੱਗੇ ਵਧਦੇ ਰਹਿਣ।

ਖੇਡਾਂ ਨੂੰ ਨੌਜਵਾਨਾਂ ਦੇ ਵਿਕਾਸ ਅਤੇ ਰਾਸ਼ਟਰ-ਨਿਰਮਾਣ ਦੇ ਮਾਧਿਅਮ ਵਜੋਂ ਅਪਣਾਇਆ ਜਾ ਰਿਹਾ ਹੈ। ‘ਖੇਲੋ ਇੰਡੀਆ ਪ੍ਰੋਗਰਾਮ’ ਦੇ ਤਹਿਤ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦੇਸ਼ ਦੇ ਸਾਰੇ ਖੇਤਰਾਂ ਲਈ ‘ਸਪੋਰਟਸ ਇਕੋਸਿਸਟਮ’ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਇਨ੍ਹਾਂ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸਾਡੇ ਖਿਡਾਰੀ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਦੀਆਂ ਬੁਲੰਦੀਆਂ ਤੱਕ ਪਹੁੰਚ ਰਹੇ ਹਨ।

ਇੱਕ ਪਾਸੇ ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ ਤਾਂ ਦੂਜੇ ਪਾਸੇ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸਰਕਾਰ ਨੇ ਬਜ਼ੁਰਗ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਅਨੇਕ ਕਦਮ ਚੁੱਕੇ ਹਨ। 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 6 ਕਰੋੜ ਬਜ਼ੁਰਗ ਨਾਗਰਿਕਾਂ ਲਈ ਹਰ ਸਾਲ 5 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾ ਸਹੂਲਤਾਂ ਉਪਲਬਧ ਹਨ। ਬਜ਼ੁਰਗ ਨਾਗਰਿਕਾਂ ਪ੍ਰਤੀ ਆਪਣੇਪਣ ਦੀ ਭਾਵਨਾ ਅਤੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਬਣਾਈ ਰੱਖਣ ਲਈ ਸਮੁੱਚੇ ਸਮਾਜ ਨੂੰ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ।

ਪਿਆਰੇ ਦੇਸ਼-ਵਾਸੀਓ,

ਸੱਚ ਅਤੇ ਨਿਆਂ ਦੇ ਪੱਖ ਵਿੱਚ, ਮਨੁੱਖਤਾ ਵਿਰੋਧੀ ਸ਼ਕਤੀਆਂ ’ਤੇ ਜਿੱਤ ਹਾਸਲ ਕਰਨ ਦੀ ਭਾਰਤੀ ਪਰੰਪਰਾ ’ਤੇ ਅਸੀਂ ਮਾਣ ਕਰਦੇ ਹਾਂ। 26 ਜੁਲਾਈ ਨੂੰ ਅਸੀਂ ‘ਕਾਰਗਿਲ ਵਿਜੈ ਦਿਵਸ’ ਮਨਾਇਆ। ਇਸ ਤੋਂ ਪਹਿਲਾਂ, 7 ਮਈ ਨੂੰ ‘ਆਪਰੇਸ਼ਨ ਸਿੰਦੂਰ’ ਦੀ ਸ਼ੁਰੂਆਤ ਦਾ ਇੱਕ ਸਾਲ ਪੂਰਾ ਹੋਣ ’ਤੇ, ਅਸੀਂ ਆਪਣੀਆਂ ਫੌਜਾਂ ਦੀ ਅਦੁੱਤੀ ਬਹਾਦਰੀ ਨੂੰ ਯਾਦ ਕੀਤਾ। ਅੱਤਵਾਦ ਦੇ ਵਿਰੁੱਧ ਉਹ ਇਤਿਹਾਸਕ ਆਪਰੇਸ਼ਨ, ਭਾਰਤੀ ਫੌਜਾਂ ਦੀ ਸਟੀਕ ਸਮਰੱਥਾ ਦਾ ਪ੍ਰਮਾਣ ਹੈ। ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਕਰੜਾ ਸੁਨੇਹਾ ਦਿੱਤਾ ਗਿਆ ਕਿ ਉਹ ਭਾਵੇਂ ਕਿਤੇ ਵੀ ਜਾ ਕੇ ਲੁਕ ਜਾਣ, ਪਰ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਅੱਤਵਾਦ ਨੂੰ ਸੁਰੱਖਿਆ ਦੇਣ ਵਾਲੇ ਦੇਸ਼ ਨਾਲ ਅਤੀਤ ਵਿੱਚ ਕੀਤੀ ਗਈ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਸਾਡੇ ਦੇਸ਼ ਦੇ, ਵਿਸ਼ੇਸ਼ ਤੌਰ ’ਤੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਫ਼ੈਸਲਾਕੁਨ ਕਦਮ ਹੈ।

ਦਹਾਕਿਆਂ ਤੋਂ, ਨਕਸਲਵਾਦ ਦੇਸ਼ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਸੀ। ਭਾਰਤ ਨੂੰ ਨਕਸਲ-ਮੁਕਤ ਬਣਾਉਣਾ ਇੱਕ ਵੱਡੀ ਪ੍ਰਾਪਤੀ ਹੈ। ਹੁਣ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਵਿਕਾਸ ਦੀ ਸਭ ਨੂੰ ਛੂਹਣ ਵਾਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ। ਬਸਤਰ ਓਲੰਪਿਕਸ ਵਿੱਚ ਖਿਡਾਰੀਆਂ ਨੇ, ਬਸਤਰ ਪੰਡੁਮ ਵਿੱਚ ਕਲਾਕਾਰਾਂ ਨੇ ਅਤੇ ਇਨ੍ਹਾਂ ਸਮਾਗਮਾਂ ਵਿੱਚ ਦਰਸ਼ਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਰਾਸ਼ਟਰ-ਮਾਣ ਦੀ ਰਾਖੀ ਲਈ ਨਿਰਮਿਤ ਮਰਾਠਾ ਫੌਜੀ ਪਰੰਪਰਾ ਨਾਲ ਜੁੜੇ 12 ਕਿਲ੍ਹਿਆਂ ਨੂੰ ਪਿਛਲੇ ਸਾਲ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸਥਾਨ ਦਿੱਤਾ ਗਿਆ। ਅਤੇ ਇਸ ਸਾਲ, ਭਗਵਾਨ ਬੁੱਧ ਦੇ ਪਹਿਲੇ ਪ੍ਰਵਚਨ ਦੇ ਸਥਾਨ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ-ਭੂਮੀ ਵਿੱਚ ਇੱਕ ਪਾਸੇ ਭਗਵਾਨ ਬੁੱਧ ਨਾਲ ਜੁੜੇ ਅਧਿਆਤਮਕ ਸਮਾਰਕ ਹਨ ਤਾਂ ਦੂਜੇ ਪਾਸੇ ਆਤਮ-ਸਨਮਾਨ ਅਤੇ ਆਪਣੀਆਂ ਗੌਰਵਸ਼ਾਲੀ ਪਰੰਪਰਾਵਾਂ ਦੀ ਰਾਖੀ ਲਈ ਜੰਗ ਕਰਨ ਦੀ ਸਾਡੀ ਪ੍ਰਭਾਵਸ਼ਾਲੀ ਸਮਰੱਥਾ ਦੇ ਪ੍ਰਤੀਕ ਵੀ ਮੌਜੂਦ ਹਨ।

ਮੇਰੇ ਪਿਆਰੇ ਦੇਸ਼-ਵਾਸੀਓ,

ਸਾਰੇ ਭਾਰਤ-ਵਾਸੀਆਂ ਦਾ ਵਿਕਾਸ ਅਤੇ ਭਲਾਈ ਹੀ ਵਿਕਸਿਤ ਭਾਰਤ ਦੇ ਨਿਰਮਾਣ ਦਾ ਅਸਲ ਟੀਚਾ ਹੈ। ਤੇਲਗੂ ਭਾਸ਼ਾ ਵਿੱਚ ਰਚਨਾ ਕਰਨ ਵਾਲੇ ਮਹਾਨ ਰਾਸ਼ਟਰਵਾਦੀ ਸਾਹਿਤਕਾਰ, ਗੁਰਜਾਡਾ ਅੱਪਾਰਾਓ ਨੇ, ਆਪਣੇ ਇੱਕ ਗੀਤ ਵਿੱਚ, ਸਾਰੇ ਭਾਰਤਵਾਸੀਆਂ ਨੂੰ ਦੇਸ਼ ਪ੍ਰੇਮ ਦਾ ਅਣਮੁੱਲਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ:

ਦੇਸਮੁਨੁ ਪ੍ਰੇਮਿੰਚੁਮੰਨਾ, ਮੰਚਿ ਅੰਨਦਿ ਪੇਂਚੁਮੰਨਾ।
ਦੇਸਮੰਟੇ, ਮੱਟਿ ਕਾਦੋਯ, ਦੇਸਮੰਟੇ, ਮਨੁਸ਼ੁਲੋਯ।

ਇਨ੍ਹਾਂ ਸਤਰਾਂ ਦਾ ਭਾਵ ਹੈ:

ਦੇਸ਼ ਨਾਲ ਪਿਆਰ ਕਰੋ; ਭਲਾਈ ਨੂੰ ਵਧਾਓ;
ਦੇਸ਼ ਦਾ ਅਰਥ ਕੇਵਲ ਮਿੱਟੀ ਹੀ ਨਹੀਂ ਹੈ।
ਦੇਸ਼ ਦਾ ਅਰਥ ਸਮੁੱਚਾ ਲੋਕ ਭਾਈਚਾਰਾ ਹੈ।

ਮੈਨੂੰ ਵਿਸ਼ਵਾਸ ਹੈ ਕਿ ਸਮਾਜ ਦੀ ਭਾਗੀਦਾਰੀ ਅਤੇ ਸਰਕਾਰ ਦੇ ਯਤਨਾਂ ਨਾਲ ਪਿੰਡ-ਪਿੰਡ ਵਿੱਚ, ਸ਼ਹਿਰ-ਸ਼ਹਿਰ ਵਿੱਚ, ਭਾਰਤ ਦੇ ਘਰ-ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਸਿਹਤਮੰਦ, ਸੁਖੀ ਅਤੇ ਖ਼ੁਸ਼ਹਾਲ ਬਣਨਗੇ।

ਆਓ, ਦੇਸ਼ ਪ੍ਰੇਮ ਦੀ ਇਸੇ ਸਰਵ-ਸੰਮਲਿਤ ਭਾਵਨਾ ਨਾਲ ਅਸੀਂ ਸਾਰੇ ਆਜ਼ਾਦ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦੀ ਰਾਸ਼ਟਰੀ-ਸਾਧਨਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰੀਏ।

ਧੰਨਵਾਦ!
ਜੈ ਹਿੰਦ!
ਜੈ ਭਾਰਤ!

– ਪੀਆਈਬੀ।

Related posts

ਐੱਨ. ਆਈ. ਏ. ਵੱਲੋਂ ਦੇਸ਼ ਭਰ ’ਚ ਗੈਂਗਸਟਰਾਂ ਦੇ ਘਰਾਂ ’ਤੇ ਛਾਪੇ

Bunty

ਯੂਕਰੇਨ ਸੰਕਟ ‘ਤੇ ਭਾਰਤ ਦਾ ਰੁਖ ਸਪੱਸ਼ਟ – ਵਿਦੇਸ਼ ਸਕੱਤਰ

admin

ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ

admin