ਚੰਡੀਗੜ੍ਹ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਗੱਡੀ ’ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਗੋਲੀ ਉਨ੍ਹਾਂ ਦੀ ਗੱਡੀ ਦੇ ਬੋਨਟ ’ਤੇ ਲੱਗੀ ਅਤੇ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਡਰਾਈਵਰ ਨੂੰ ਗੱਡੀ ਸਾਫ਼ ਕਰਦੇ ਸਮੇਂ ਗੋਲੀ ਲੱਗਣ ਦਾ ਪਤਾ ਲੱਗਾ। ਗੱਡੀ ਵਿੱਚ ਗੋਲੀ ਫਸੀ ਹੋਈ ਸੀ। ਇਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਪਣੇ ਪੱਧਰ ’ਤੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ 12 ਅਗਸਤ ਦੀ ਰਾਤ ਕਰੀਬ 11:04 ਵਜੇ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਬਾਅਦ ਉੱਥੇ ਮੌਜੂਦ ਪਹਿਰੇਦਾਰ ਵੀ ਉਸ ਪਾਸੇ ਦੇਖਦਾ ਹੈ। ਸੀਸੀਟੀਵੀ ਫੁਟੇਜ ਵਿੱਚ ਇੱਕ ਨੌਜਵਾਨ ਨਜ਼ਰ ਆ ਰਿਹਾ ਹੈ, ਜਿਸ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਉਹ ਚੌਂਕ ਵਿੱਚ ਆ ਕੇ ਫੋਨ ’ਤੇ ਗੱਲ ਕਰਦਾ ਅਤੇ ਕੁਝ ਸਮੇਂ ਤੱਕ ਉੱਥੇ ਗੇੜੇ ਲਾਉਂਦਾ ਦਿਖਾਈ ਦੇ ਰਿਹਾ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਪਹਿਲਾਂ ਕੋਈ ਧਮਕੀ ਭਰਿਆ ਫੋਨ ਨਹੀਂ ਆਇਆ ਸੀ। ਉਨ੍ਹਾਂ ਨੇ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਹੋਣ ਦੇ ਬਾਵਜੂਦ ਅਜਿਹੀ ਘਟਨਾ ਵਾਪਰਨ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ।
ਪੁਲੀਸ ਵੱਲੋਂ ਜਾਂਚ ਜਾਰੀ
ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਗਿਆਨੀ ਰਘਬੀਰ ਸਿੰਘ ਦੇ ਘਰ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਗੋਲੀ ਸ਼ਾਇਦ ਹਵਾ ਵਿੱਚ ਚਲਾਈ ਗਈ ਸੀ ਅਤੇ ਬਾਅਦ ਵਿੱਚ ਉੱਪਰੋਂ ਹੇਠਾਂ ਆ ਕੇ ਗੱਡੀ ਦੇ ਬੋਨਟ ’ਤੇ ਲੱਗੀ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਗੋਲੀ ਜਾਣਬੁੱਝ ਕੇ ਕਿਸੇ ਹਮਲੇ ਦੇ ਇਰਾਦੇ ਨਾਲ ਚਲਾਈ ਗਈ ਸੀ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਉਸ ਨੂੰ ਲੱਭ ਕੇ ਪੁੱਛਗਿੱਛ ਕਰੇਗੀ, ਜਿਸ ਤੋਂ ਬਾਅਦ ਘਟਨਾ ਦੀ ਅਸਲ ਸੱਚਾਈ ਸਾਹਮਣੇ ਆਉਣ ਦੀ ਉਮੀਦ ਹੈ।
ਸੁਖਜਿੰਦਰ ਰੰਧਾਵਾ ਨੇ ਕੀਤੀ ਨਿੰਦਾ
ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਘਟਨਾ ਨੂੰ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਦਾ ਵਧਣਾ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।
