Punjab

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ: ‘ਗੁਰੂ ਸਾਹਿਬ ਦੀ ਕਿਰਪਾ ਸਦਕਾ ਸੁਰੱਖਿਅਤ ਹਾਂ’

ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ।

ਨਾਂਦੇੜ – ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੀਤੇ ਦਿਨ ਇੱਕ ਨਿਹੰਗ ਸਿੰਘ ਜਸਪਾਲ ਸਿੰਘ ਵੱਲੋਂ ਕਾਤਲਾਨਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ, ਮੌਕੇ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਤੁਰੰਤ ਦਬੋਚ ਲਿਆ। ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਹੱਥ ‘ਤੇ ਕਾਫੀ ਟਾਂਕੇ ਲੱਗੇ ਹਨ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਜਿਸਤੋਂ ਬਾਅਦ ਉਹ ਮੀਡੀਆ ਨਾਲ ਰੂ-ਬ-ਰੂ ਹੋਏ। ਮਹਾਰਾਸ਼ਟਰ ਦੇ ਨਾਂਦੇੜ ਵਿੱਚ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਦੀ ਪਤਨੀ ਅਤੇ ਸੁਰੱਖਿਆ ਕਰਮਚਾਰੀ ਵੀ ਉਨ੍ਹਾਂ ਦੇ ਨਾਲ ਸਨ।

ਹਸਪਤਾਲ ਤੋਂ ਬਾਹਰ ਆਉਂਦੇ ਸਮੇਂ 64 ਸਾਲਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, “ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਕਿਸੇ ਗੱਲ ਤੋਂ ਡਰੇ ਨਹੀਂ ਹਨ। ਕੁਝ ਤਾਕਤਾਂ ਪੰਜਾਬ ਅਤੇ ਦੇਸ਼ ਵਿੱਚ ਸ਼ਾਂਤੀ ਨਹੀਂ ਚਾਹੁੰਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਮਕਸਦ ਵਿੱਚ ਰੁਕਾਵਟ ਹੈ। ਅਕਾਲੀ ਦਲ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਲਈ ਕੰਮ ਕਰਦਾ ਰਹੇਗਾ ਅਤੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਪਣੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਅਜਿਹੀਆਂ ਤਾਕਤਾਂ ਅੱਗੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋ ਵਾਰ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ’ਤੇ ਨਿਸ਼ਾਨਾ ਬਣਾਇਆ ਗਿਆ। ਪਹਿਲੀ ਘਟਨਾ ਹਰਿਮੰਦਰ ਸਾਹਿਬ ਵਿੱਚ ਹੋਈ ਸੀ ਅਤੇ ਹੁਣ ਨਾਂਦੇੜ ਦੇ ਗੁਰਦੁਆਰੇ ਵਿੱਚ ਹਮਲਾ ਹੋਇਆ ਹੈ। ਦਸੰਬਰ 2014 ਵਿੱਚ ਵੀ ਸੁਖਬੀਰ ਬਾਦਲ ’ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਦੇ ਸਮੇਂ ਹਮਲਾ ਹੋਇਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ, “ਜਿਹਦੇ ਸਿਰ ’ਤੇ ਗੁਰੂ ਸਾਹਿਬ ਦਾ ਹੱਥ ਹੋਵੇ, ਓਹਨੂੰ ਕੋਈ ਆਂਚ ਨਹੀਂ ਆਉਂਦੀ। “ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥ ਉਨ੍ਹਾਂ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੱਥ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਸੁਰੱਖਿਅਤ ਹਨ। ਉਹ ਨਾ ਤਾਂ ਕਦੇ ਕਿਸੇ ਤੋਂ ਡਰੇ ਹਨ ਅਤੇ ਨਾ ਹੀ ਡਰਨਗੇ। ਉਨ੍ਹਾਂ ਕਿਹਾ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ‘ਤੇ ਹਮਲਾ ਹੋਇਆ ਸੀ ਅਤੇ ਹੁਣ ਫਿਰ ਇੱਕ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਹਮਲੇ ਧਾਰਮਿਕ ਅਸਥਾਨਾਂ ਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ਦਾ ਭਾਈਚਾਰਾ ਸਭ ਤੋਂ ਉੱਤੇ ਹੈ। ਅਕਾਲੀ ਦਲ ਪੰਜਾਬ ਵਿੱਚ ਧਾਰਮਿਕ ਭਾਈਚਾਰੇ, ਆਪਸੀ ਸਦਭਾਵਨਾ ਅਤੇ ਸ਼ਾਂਤੀ ਲਈ ਆਪਣੀ ਵਚਨਬੱਧਤਾ ਜਾਰੀ ਰੱਖੇਗਾ।”

ਹਮਲਾਵਰ ਦੀ ਜਾਂਚ ਜਾਰੀ

ਵੀਰਵਾਰ ਨੂੰ ਨਾਂਦੇੜ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਤ ਵਿੱਚ ਇੱਕ ਵਿਅਕਤੀ ਨੇ ਸੁਖਬੀਰ ਬਾਦਲ ’ਤੇ ਹਮਲਾ ਕੀਤਾ ਸੀ। ਹਮਲੇ ਦੌਰਾਨ ਉਨ੍ਹਾਂ ਦੇ ਹੱਥ ’ਤੇ ਸੱਟਾਂ ਲੱਗੀਆਂ। ਹਮਲੇ ਲਈ ਕਥਿਤ ਤੌਰ ’ਤੇ ਨਿਹੰਗ ਸਿੱਖ ਦੇ ਪਹਿਰਾਵੇ ਵਿੱਚ ਆਏ ਵਿਅਕਤੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਥਿਤ ਹਮਲਾਵਰ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਨੇ ਸੁਖਬੀਰ ਬਾਦਲ ’ਤੇ ਹਮਲਾ ਕਿਉਂ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਆਪ੍ਰੇਸ਼ਨ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

Related posts

ਸੰਧਵਾਂ ਨਾਲ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੇ ਕੀਤੀ ਮੁਲਾਕਾਤ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਪੰਜਾਬੀਆਂ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ

Bunty

ਫਿਰੋਜ਼ਪੁਰ ਦੀ ਜੇਲ੍ਹ ‘ਚ ਅੱਤਿਆਚਾਰ ਦਾ ਮਾਮਲਾ ਆਇਆ ਸਾਹਮਣੇ, ਕੈਦੀ ਦੀ ਪਿੱਠ ‘ਤੇ ਲਿਖਿਆ ‘ਗੈਂਗਸਟਰ’

Bunty

ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ

Bunty