Punjab

ਹਵਾਰਾ ਵਲੋਂ ਦਿੱਲੀ ਜੇਲ੍ਹ ਵਿਭਾਗ ਵੱਲੋਂ ਮਨਜ਼ੂਰ ਦੋ ਰੋਜ਼ਾ ਪੈਰੋਲ ਲੈਣ ਤੋਂ ਨਾਂਹ

ਜਗਤਾਰ ਸਿੰਘ ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ’ਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਵਿਭਾਗ ਵੱਲੋਂ ਮਨਜ਼ੂਰ ਕੀਤੀ ਦੋ ਰੋਜ਼ਾ ਪੈਰੋਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਰਿਪੋਰਟਾਂ ਦੇ ਅਨੁਸਾਰ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਵਿਭਾਗ ਵੱਲੋਂ ਮਨਜ਼ੂਰ ਕੀਤੀ ਦੋ ਰੋਜ਼ਾ ਪੈਰੋਲ ਲੈਣ ਤੋਂ ਇਨਕਾਰ ਕਰਦਿਆਂ ਇਸ ਰਾਹਤ ਦਾ ਲਾਭ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਨਿਯਮਿਤ ਪੈਰੋਲ ਦੀ ਮੰਗ ਕੀਤੀ ਹੈ। ਹਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸ ਨੂੰ ਉੱਚ ਜੋਖ਼ਮ ਵਾਲੇ ਕੈਦੀਆਂ ਦੀ ਸ਼੍ਰੇੇਣੀ ’ਚ ਰੱਖਿਆ ਗਿਆ ਹੈ ਅਤੇ ਜੇਲ੍ਹ ਤੋਂ ਬਾਹਰ ਉਸ ਦੀ ਆਵਾਜਾਈ ਲਈ ਵਾਧੂ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨੇ ਪੈਣਗੇ।

ਮਾਂ ਦੀ ਸਿਹਤ ਬਣੀ ਮੁੱਖ ਵਜ੍ਹਾ

ਹਵਾਰਾ ਦੀ ਮਾਂ ਨਰਿੰਦਰ ਕੌਰ ਦੀ ਉਮਰ 80 ਸਾਲ ਤੋਂ ਵੱਧ ਦੱਸੀ ਗਈ ਹੈ ਅਤੇ ਉਹ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਹਵਾਰਾ ਨੂੰ ਮਾਂ ਨਾਲ ਮਿਲਣ ਲਈ ਨਿਯਮਿਤ ਪੈਰੋਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸਤੰਬਰ 2025 ਵਿੱਚ ਨਰਿੰਦਰ ਕੌਰ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕਰਦਿਆਂ ਆਪਣੇ ਪੁੱਤਰ ਨੂੰ ਨਿਯਮਿਤ ਪੈਰੋਲ ਦੇਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਮਾਮਲਾ ਦਿੱਲੀ ਦੇ ਗ੍ਰਹਿ ਮੰਤਰੀ ਅਸ਼ੀਸ਼ ਸੂਦ ਕੋਲ ਭੇਜਿਆ ਗਿਆ ਸੀ। ਇਸ ਮੰਗ ਨੂੰ ਧਾਰਮਿਕ ਅਤੇ ਸਮਾਜਿਕ ਪੱਧਰ ’ਤੇ ਵੀ ਸਮਰਥਨ ਮਿਲਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਵੀ ਸਰਕਾਰ ਨੂੰ ਮਨੁੱਖੀ ਆਧਾਰ ’ਤੇ ਹਵਾਰਾ ਨੂੰ ਉਸ ਦੀ ਬਿਮਾਰ ਮਾਂ ਨਾਲ ਮਿਲਣ ਲਈ ਪੈਰੋਲ ਦੇਣ ਦੀ ਅਪੀਲ ਕੀਤੀ ਸੀ। ਹਵਾਰਾ ਨੇ 11 ਜੂਨ 2025 ਨੂੰ ਨਿਯਮਿਤ ਪੈਰੋਲ ਲਈ ਅਰਜ਼ੀ ਦਾਇਰ ਕੀਤੀ ਸੀ। ਲੰਬੇ ਸਮੇਂ ਤੱਕ ਇਸ ’ਤੇ ਕੋਈ ਫ਼ੈਸਲਾ ਨਾ ਹੋਣ ਤੋਂ ਬਾਅਦ ਮਾਮਲਾ ਦਿੱਲੀ ਹਾਈ ਕੋਰਟ ਵਿੱਚ ਪਹੁੰਚਿਆ। ਜਨਵਰੀ 2026 ਵਿੱਚ ਦਿੱਲੀ ਹਾਈ ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਹਵਾਰਾ ਦੀ ਪੈਰੋਲ ਅਰਜ਼ੀ ’ਤੇ ਆਪਣਾ ਜਵਾਬ ਚਾਰ ਹਫ਼ਤਿਆਂ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਨੋਟ ਕੀਤਾ ਸੀ ਕਿ ਉਸ ਦੀ 11 ਜੂਨ 2025 ਦੀ ਅਰਜ਼ੀ ’ਤੇ ਲੰਬੇ ਸਮੇਂ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਪੰਜਾਬ ਦੇ ਕਈ ਪਿੰਡਾਂ ਤੋਂ ਵੀ ਸਮਰਥਨ ਮਿਲਿਆ। ਅਕਤੂਬਰ 2025 ਵਿੱਚ 66 ਪਿੰਡਾਂ ਦੀਆਂ ਪੰਚਾਇਤਾਂ ਨੇ ਦਿੱਲੀ ਸਰਕਾਰ ਨੂੰ ਪੱਤਰ ਭੇਜ ਕੇ ਉਸ ਨੂੰ ਪੈਰੋਲ ਦੇਣ ਦੀ ਅਪੀਲ ਕੀਤੀ ਸੀ। ਪੰਚਾਇਤਾਂ ਨੇ ਕਿਹਾ ਸੀ ਕਿ ਜੇ ਹਵਾਰਾ ਨੂੰ ਆਪਣੇ ਪਿੰਡ ਆਉਣ ਲਈ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਅਤੇ ਉਹ ਅਮਨ-ਕਾਨੂੰਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਲੈਣਗੇ।

ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਸੀ ਕਿ ਉਨ੍ਹਾਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕੇ। ਉਨ੍ਹਾਂ ਦਾ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਵਾਰਾ ਨੂੰ ਪੈਰੋਲ ਦਿਵਾਉਣ ਲਈ ਉਨ੍ਹਾਂ ਦੇ ਦਖ਼ਲ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਰਾਜਪਾਲ ਨੇ ‘ਹਰ ਘਰ ਤਿਰੰਗਾ-ਵਾਕਾਥੌਨ’ ਦੌਰਾਨ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ, ‘‘ਉਸ (ਹਵਾਰਾ) ਦੀ ਮਾਂ ਬਿਮਾਰ ਹੈ। ਅਸੀਂ ਮਨੁੱਖਤਾ ਦੇ ਆਧਾਰ ’ਤੇ ਮਾਮਲੇ ਦੀ ਸਿਫ਼ਾਰਸ਼ ਕੀਤੀ ਹੈ।’’ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਮਨੁੱਖੀ ਆਧਾਰ ’ਤੇ ਪੈਰੋਲ ਅਰਜ਼ੀ ਦੀ ਹਮਾਇਤ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਮਹੀਨੇ ਦਿੱਲੀ ਦੀ ਮੰਡੋਲੀ ਜੇਲ੍ਹ (ਜਿੱਥੇ ਹਵਾਰਾ ਬੰਦ ਹੈ) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਿਫ਼ਾਰਸ਼ਾਂ ਲੈਣ ਮਗਰੋਂ ਹਵਾਰਾ ਦੀ ਪੈਰੋਲ ਅਰਜ਼ੀ ’ਤੇ ਸਮਾਂਬੱਧ ਫ਼ੈਸਲਾ ਲੈਣ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਹਵਾਰਾ ਨੂੰ 2007 ਵਿੱਚ ਬੇਅੰਤ ਸਿੰਘ ਹੱਤਿਆ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।

Related posts

ਸੌਰਵ ਮੇਘ ਨੇ ਯੂ. ਜੀ. ਨੈਟ ਦੀ ਪ੍ਰੀਖਿਆ ਪਾਸ ਕੀਤੀ !

admin

ਮੱਛੀ ਪਾਲਣ ਵਿਭਾਗ ਵੱਲੋਂ ਸਰਦੀਆਂ ਦੌਰਾਨ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

Bunty

ਪਾਰਟੀ ਦੇ ਗੱਦਾਰਾਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ – ਰਾਜਾ ਵੜਿੰਗ

Bunty