ਨਵੀਂ ਦਿੱਲੀ – ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਪਣੀ ਵੀਜ਼ਾ ਨੀਤੀ ‘ਚ ਕੁਝ ਬਦਲਾਅ ਕੀਤਾ ਹੈ। ਇਸ ਬਦਲਾਅ ਦਾ ਮਕਸਦ ਅਫ਼ਗਾਨਿਸਤਾਨ ‘ਚ ਫਸੇ ਲੋਕਾਂ ਦੀ ਮਦਦ ਕਰਨਾ ਹੈ। ਇਸ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ e-Emergency X-Misc Visa ਕੈਟਾਗਰੀ ਦੀ ਸ਼ੁਰੂਆਤ ਕੀਤੀ ਹੈ। ਇਹ ਕੈਟਾਗਰੀ ਖਾਸਤੌਰ ‘ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ ਜਿਹੜੇ ਤਾਲਿਬਾਨ ਤੋਂ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕਰ ਕੇ ਸੱਤਾ ‘ਤੇ ਕਾਬੂ ਕਰ ਲਿਆ ਹੈ। ਹੁਣ ਉਸ ਦਾ ਸੱਤਾ ‘ਚ ਕਾਬਿਜ਼ ਹੋਣਾ ਮਹਿਜ਼ ਇਕ ਰਸਮ ਹੀ ਰਹਿ ਗਈ ਹੈ। ਤਾਲਿਬਾਨ ਸਬੰਧੀ ਅਫ਼ਗਾਨ ਨਾਗਰਿਕਾਂ ‘ਚ ਦਹਿਸ਼ਤ ਭਰੀ ਹੋਈ ਹੈ। ਇਸ ਦੀ ਇਕ ਵੱਡੀ ਵਜ੍ਹਾ ਹੈ ਕਿ ਉਹ ਪਹਿਲਾਂ ਤਾਲਿਬਾਨ ਦਾ ਸ਼ਾਸਨ ਤੇ ਉਸ ਦੀ ਕਰੂਰਤਾ ਨੂੰ ਦੇਖ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਬਿਹਤਰ ਭਵਿੱਖ ਲਈ ਦੇਸ਼ ਛੱਡਣਾ ਚਾਹੁੰਦੇ ਹਨ। ਅਜਿਹੇ ਹੀ ਲੋਕਾਂ ਲਈ ਭਾਰਤ ਨੇ ਵੀਜ਼ਾ ਦੀ ਇਹ ਨਵੀਂ ਕੈਟਾਗਰੀ ਬਣਾਈ ਹੈ। ਕਾਬਿਲੇਗ਼ੌਰ ਹੈ ਕਿ ਸੋਮਵਾਰ ਨੂੰ ਸੰਯੁਕ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਜਨਰਲ ਸਕੱਤਰ ਐਂਟੋਨੀਅਨ ਗੁਤਰਸ ਨੇ ਦੁਨੀਆ ਨੂੰ ਅਪੀਲ ਕੀਤੀ ਸੀ ਕਿ ਉਹ ਅਫ਼ਗਾਨਿਸਤਾਨ ਨਾਗਰਿਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਇਹ ਵੀ ਅਪੀਲ ਕੀਤੀ ਸੀ ਕਿ ਅਫ਼ਗਾਨ ਸ਼ਰਨੜਾਤੀਆਂ ਨੂੰ ਆਪਣੇ ਇੱਥੇ ਪਨਾਹ ਦੇਣ ਤੋਂ ਕੋਈ ਵੀ ਪਿੱਛੇ ਨਾ ਰਹੇ। ਯੂਐੱਨ ਦੀ ਇਸ ਅਪੀਲ ਤੋਂ ਬਾਅਦ ਭਾਰਤ ਸਰਕਾਰ ਦੀ ਨਵੀਂ ਵੀਜ਼ਾ ਕੈਟਾਗਰੀ ਇਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਅਮਰੀਕਾ ਨੇ ਐਤਵਾਰ ਨੂੰ 600 ਤੋਂ ਜ਼ਿਆਦਾ ਅਫ਼ਗਾਨੀਆਂ ਨੂੰ ਆਪਣੀ ਹਵਾਈ ਫ਼ੌਜ ਦੇ ਜਹਾਜ਼ ਗਲੋਬਲ ਮਾਸਟਰ ਤੋਂ ਸੁਰੱਖਿਅਤ ਕਤਰ ਪਹੁੰਚਾਇਆ ਸੀ। ਹਾਲਾਂਕਿ ਹੁਣ ਉਸ ਦਾ ਧਿਆਨ ਪੂਰੀ ਤਰ੍ਹਾਂ ਨਾਲ ਆਪਣੇ ਨਾਗਰਿਕਾਂ ਤੇ ਜਵਾਨਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ‘ਤੇ ਲੱਗਾ ਹੋਇਆ ਹੈ। ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਹੱਥ ਖੜ੍ਹੇ ਕਰਨ ਤੋਂ ਬਾਅਦ ਉੱਥੋਂ ਦੇ ਹਾਲਾਤ ਤੇਜ਼ੀ ਨਾਲ ਬਦਲੇ ਹਨ। ਮਹਿਜ਼ ਚਾਰ ਮਹੀਨੇ ਦੇ ਅੰਦਰ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੇਜ਼ੀ ਨੇ ਅਮਰੀਕਾ ਨੂੰ ਵੀ ਹੈਰਾਨ ਕਰ ਦਿੱਤਾ ਹੈ।