ਚੰਡੀਗੜ੍ਹ – ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਹੁਣ ਕਾਂਗਰਸ ਹਾਈਕਮਾਨ ਵੀ ਖਾਸੀ ਪਰੇਸ਼ਾਨ ਹੋ ਗਈ ਹੈ। ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਅਜਿਹੇ ਸਲਾਹਕਾਰਾਂ ਦੀ ਕਾਂਗਰਸ ਨੂੰ ਕੋਈ ਲੋੜ ਨਹੀਂ ਹੈ। ਸਿੱਧੂ ਜਾਂ ਤਾਂ ਮਾਲੀ ਨੂੰ ਹਟਾ ਦੇਣ, ਨਹੀਂ ਤਾਂ ਉਹ ਇਹ ਕਰਨਗੇ। ਇਕ ਨਿੱਜੀ ਚੈਨਲ ’ਤੇ ਰਾਵਤ ਨੇ ਕਿਹਾ, ਮਾਲੀ ਨੇ ਕਸ਼ਮੀਰ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਹੈ, ਉਹ ਕਾਂਗਰਸ ਦੀ ਵਿਚਾਰਧਾਰਾ ਦੇ ਉਲਟ ਹੈ। ਰਾਵਤ ਨੇ ਮਾਲੀ ਦੇ ਜ਼ਰੀਏ ਸਿੱਧੂ ਨੂੰ ਵੀ ਸੰਦੇਸ਼ ਦਿੱਤਾ ਹੈ। ਰਾਵਤ ਨੇ ਕਿਹਾ ਕਿ ਮਾਲੀ ਕਾਂਗਰਸ ਦੇ ਨਹੀਂ, ਬਲਕਿ ਉਹ ਸਿੱਧੂ ਦੇ ਸਲਾਹਕਾਰ ਹਨ। ਅਜਿਹੇ ਸਲਾਹਕਾਰਾਂ ਦੀ ਕੋਈ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਮਾਲੀ ਨੇ ਕਸ਼ਮੀਰ ਨੂੰ ਲੈ ਕੇ ਆਪਣੇ ਫੇਸਬੁੱਕ ’ਤੇ ਲਿਖਿਆ ਸੀ ਕਿ ਭਾਰਤ ਨੇ ਕਸ਼ਮੀਰ ’ਤੇ ਕਬਜ਼ਾ ਕੀਤਾ ਹੋਇਆ ਹੈ, ਕਸ਼ਮੀਰ ਇਕ ਆਜ਼ਾਦ ਦੇਸ਼ ਸੀ। ਮਾਲੀ ਦੇ ਇਸ ਬਿਆਨ ’ਤੇ ਪੰਜਾਬ ਤੋਂ ਲੈ ਕੇ ਦਿੱਲੀ ਤਕ ਸਿਆਸਤ ਗਰਮਾਈ ਹੋਈ ਹੈ। ਕਾਂਗਰਸ ਨੇ ਖ਼ੁਦ ਨੂੰ ਇਸ ਬਿਆਨ ਤੋਂ ਅਲੱਗ ਕਰ ਲਿਆ ਹੈ। ਉੱਥੇ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਮਾਲੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਸੀ। ਚਾਰੇ ਪਾਸਿਓਂ ਦਬਾਅ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਹਾਲੇ ਤਕ ਮਾਲੀ ਦੇ ਬਿਆਨ ਨੂੰ ਲੈ ਕੇ ਮੂੰਹ ਨਹੀਂ ਖੋਲ੍ਹਿਆ। ਇਹੀ ਕਾਰਨ ਹੈ ਕਿ ਹੁਣ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੂੰ ਸਾਹਮਣੇ ਆ ਕੇ ਕਹਿਣਾ ਪਿਆ ਹੈ ਕਿ ਜੇਕਰ ਸਿੱਧੂ ਉਨ੍ਹਾਂ ਨੂੰ ਨਹੀਂ ਹਟਾਉਂਦੇ ਤਾਂ ਉਹ ਆਦੇਸ਼ ਦੇ ਕੇ ਸਲਾਹਕਾਰ ਨੂੰ ਹਟਾ ਦੇਣਗੇ। ਰਾਵਤ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਸਿਆਸੀ ਜਾਣਕਾਰ ਕਹਿੰਦੇ ਹਨ ਕਿ ਰਾਵਤ ਨੇ ਇਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਵੀ ਸੰਕੇਤ ਦਿੱਤਾ ਹੈ ਕਿ ਉਹ ਸਥਿਤੀ ਨੂੰ ਸੰਭਾਲ ਲੈਣ ਕਿਉਂਕਿ ਉਨ੍ਹਾਂ ਦੇ ਸਲਾਹਕਾਰ ਦੇ ਕਾਰਨ ਕਾਂਗਰਸ ਨੂੰ ਰਾਸ਼ਟਰੀ ਪੱਧਰ ’ਤੇ ਕਾਫ਼ੀ ਨੁਕਸਾਨ ਹੋ ਰਿਹਾ ਹੈ। ਮਾਲੀ ਦਾ ਬਿਆਨ ਪੰਜਾਬ ਤਕ ਹੀ ਸੀਮਤ ਨਹੀਂ ਹੈ ਕਿਉਂਕਿ ਇਹ ਕਸ਼ਮੀਰ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਦਾ ਅਸਰ ਪੂਰੇ ਦੇਸ਼ ’ਤੇ ਆਉਂਦਾ ਹੈ। ਉੱਥੇ, ਮਾਲੀ ਦਾ ਕਹਿਣਾ ਹੈ ਕਿ ਮੈਨੂੰ ਸਲਾਹਕਾਰ ਅਹੁਦੇ ਤੋਂ ਉਦੋਂ ਹਟਾਇਆ ਜਾ ਸਕਦਾ ਹੈ ਜਦੋਂ ਸਿੱਧੂ ਨੇ ਮੈਨੂੰ ਕੋਈ ਨਿਯੁਕਤੀ ਪੱਤਰ ਦਿੱਤਾ ਹੋਵੇ। ਮੈਨੂੰ ਤਾਂ ਸਲਾਹਕਾਰ ਬਣਾ ਕੇ ਸਿੱਧੂ ਨੇ ਸਿਰਫ਼ ਮਾਨਤਾ ਦਿੱਤੀ ਹੈ।