ਪਟਿਆਲਾ – ਵੱਖ- ਵੱਖ ਥਾਈਂ ਅੱਠ ਵਿਆਹ ਕਰਵਾ ਕੇ ਲੁੱਟਾਂ ਕਰਨ ਵਾਲੀ ਲਾੜੀ ਨੂੰ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲਾੜੀ ਪਟਿਆਲਾ ਨੇੜਲੇ ਪਿੰਡ ਵਿਚ ਨੌਵਾਂ ਵਿਆਹ ਕਰਵਾਉਣ ਦੀ ਤਿਆਰੀ ਵਿਚ ਸੀ ਪਰ ਪੁਲਿਸ ਨੂੰ ਭਿਣਕ ਲੱਗਦਿਆਂ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਜ਼ਿਰਕਯੋਗ ਹੈ ਕਿ ਇਹ ਲੜਕੀ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਸੀ। ਐਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਜੁਲਕਾਂ ਐਸਐਚਓ ਜੁਲਕਾ ਪਰਦੀਪ ਬਾਜਵਾ ਵਲੋਂ ਲਾੜੀ ਬਨਣ ਵਾਲੀ ਵੀਰਪਾਲ ਕੌਰ ਤੇ ਉਸਦੇ ਰਿਸ਼ਤੇਦਾਰ ਬਨਣ ਵਾਲੀ ਊਮਾ, ਪਰਮਜੀਤ ਕੌਰ ਤੇ ਰਾਣਾ ਸਿੰਘ ਨੂੰ ਖਿਲਾਫ ਮਾਲਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਪੀ ਵਰੁਣ ਸ਼ਰਮਾ ਨੇ ਦੱਸਿਆ ਵੀਰਪਾਲ ਕੌਰ ਕੋਲ ਪਹਿਲੇ ਵਿਆਹ ਤੋਂ ਬਾਅਦ ਤਿੰਨ ਬੱਚੇ ਹਨ। ਜਿਸ ਤੋਂ ਬਾਅਦ ਇਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਆਹ ਦੇ ਬਹਾਨੇ ਲੁੱਟਣ ਵਾਲਾ ਗਿਰੋਹ ਬਣਾ ਲਿਆ। ਵੀਰਪਾਲ ਦੇ ਸਾਥੀ, ਜਿਸ ਦਾ ਵਿਆਹ ਨਾ ਹੁੰਦਾ ਹੋਵੇ ਜਾਂ ਵੱਧ ਉਮਰ ਵਾਲੇ ਮੁੰਡਿਆਂ ਦੀ ਪਿੰਡ ਪਿੰਡ ਜਾ ਕੇ ਭਾਲ ਕਰਦੇ ਸਨ। ਜਿਸਤੋਂ ਬਾਅਦ ਸਬੰਧਤ ਘਰ ਜਾ ਕੇ ਮੁੰਡੇ ਕੁੜੀ ਦੇ ਵਿਆਹ ਦੀ ਗੱਲ ਤੋਰਦੇ ਤੇ ਇਹ ਰਿਸ਼ਤਾ ਕਰਵਾਉਣ ਦੇ ਵੀ ਪੈਸੇ ਲੈ ਲੈਂਦੇ। ਰਿਸ਼ਤੇ ਗੱਲ ਪੱਕੀ ਹੋਣ ਤੋਂ ਬਾਅਦ ਕਿਸੇ ਵੀ ਧਾਰਮਿਕ ਸਥਾਨ ’ਤੇ ਸ਼ਗਨ ਕਰਦੇ ਤੇ ਵਿਆਹ ਕਿਸੇ ਨਿੱਜੀ ਸਥਾਨ ’ਤੇ ਕਰਦੇ ਸਨ। ਵੀਰਪਾਲ ਵਿਆਹ ਤੋਂ ਬਾਅਦ ਹਫਤਾ ਜਾਂ ਦਸ ਦਿਨ ਉਸ ਘਰ ਵਿਚ ਰਹਿੰਦੀ ਸੀ ਤੇ ਇਸੇ ਦੌਰਾਨ ਹੀ ਸਹੁਰੇ ਪਰਿਵਾਰ ਨੂੰ ਡਰਾ ਧਮਕਾ ਕੇ ਨਗਦੀ ਤੇ ਗਹਿਣੇ ਆਦਿ ਲੈ ਕੇ ਅਗਲਾ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦੀ ਸੀ। ਇਸ ਗਿਰੋਹ ਦੇ ਸਾਰੇ ਮੈਂਬਰਾਂ ਨੇ ਕਈ ਅਧਾਰ ਤੇ ਵੋਟਰ ਕਾਰਡ ਵੀ ਤਿਆਰ ਕੀਤੇ ਹੋਏ ਹਨ। ਹਰ ਨਵੇਂ ਰਿਸ਼ਤੇ ਦੀ ਗੱਲ ਤੋਰਣ ਮੌਕੇ ਇਨਾ ਵਲੋਂ ਆਪਣਾ ਨਵਾਂ ਕਾਰਡ ਦਿੱਤਾ ਜਾਂਦਾ ਸੀ ਤਾਂ ਜੋ ਕਿਸੇ ਨੂੰ ਪਿਛਲੇ ਵਿਆਹ ਬਾਰੇ ਕੁਝ ਪਤਾ ਨਾ ਲੱਗ ਸਕੇ। ਹੁਣ ਤਕ ਦੀ ਜਾਂਚ ਵਿਚ ਇਨਾਂ ਵਲੋਂ ਪਟਿਆਲਾ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਿਆਹ ਕਰਵਾਉਣ ਸਬੰਧੀ ਜਾਣਕਾਰੀ ਮਿਲੀ ਹੈ। ਐਸਪੀ ਅਨੁਸਾਰ ਇਸ ਗਿਰੋਹ ਕੋਲ ਕੁਝ ਗਹਿਣੇ ਤੇ ਕੱਪੜੇ ਬਰਾਮਦ ਕੀਤੇ ਗਏ ਹਨ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਜਾਣਕਾਰੀਆਂ ਹਸਾਲ ਕੀਤੀਆਂ ਜਾਣਗੀਆਂ।