ਵਾਸ਼ਿੰਗਟਨ – ਅਮਰੀਕਾ ਵਿਚ ਇਕ ਟੈਕਨਾਲੌਜੀ ਕੰਪਨੀ ਦੇ ਸਾਬਕਾ ਭਾਰਤੀ ਮੂਲ ਦੇ ਸੀਈਓ ਮਨੀਸ਼ ਲੱਛਵਾਨੀ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ 80 ਮਿਲੀਅਨ ਡਾਲਰ (ਲਗਪਗ 600 ਕਰੋੜ ਰੁਪਏ) ਦੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ।
ਨਿਆਂ ਵਿਭਾਗ ਅਨੁਸਾਰ 45 ਸਾਲਾ ਮਨੀਸ਼ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਮੋਬਾਈਲ ਐਪ ਟੈਸਟਿੰਗ ਪਲੇਟਫਾਰਮ ਹੈਡਸਪਿਨ ਦਾ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਉਸਨੇ 2015 ਤੋਂ ਮਾਰਚ 2020 ਦੌਰਾਨ ਨਿਵੇਸ਼ਕਾਂ ਤੋਂ 100 ਮਿਲੀਅਨ ਡਾਲਰ (ਲਗਪਗ 740 ਕਰੋੜ ਰੁਪਏ) ਇਕੱਠੇ ਕੀਤੇ।
ਉਸਨੇ ਨਿਵੇਸ਼ਕਾਂ ਨੂੰ ਨਾ ਸਿਰਫ਼ ਕੰਪਨੀ ਦੀ ਸਾਲਾਨਾ ਕਮਾਈ ਬਾਰੇ ਗਲਤ ਜਾਣਕਾਰੀ ਦਿੱਤੀ ਬਲਕਿ ਵਿੱਤੀ ਸਥਿਤੀ ਬਾਰੇ ਵੀ ਵਧਾ ਚੜ੍ਹਾ ਕੇ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਜਦੋਂ ਸਾਲ 2020 ਦੇ ਮੱਧ ਵਿਚ ਕੰਪਨੀ ਦੀ ਵਿੱਤੀ ਸਥਿਤੀ ਦੀ ਸਮੀਖਿਆ ਕੀਤੀ ਗਈ ਤਾਂ ਇਸਦੀ ਆਮਦਨ ਸਿਰਫ਼ 263 ਮਿਲੀਅਨ ਡਾਲਰ (ਲਗਪਗ 195 ਕਰੋੜ ਰੁਪਏ) ਪਾਈ ਗਈ। ਜਦਕਿ ਕੰਪਨੀ ਨੇ 9.53 ਕਰੋੜ (ਲਗਪਗ 700 ਕਰੋੜ ਰੁਪਏ) ਦੀ ਆਮਦਨ ਦੱਸੀ ਸੀ। ਇਨ੍ਹਾਂ ਦੋਸ਼ਾਂ ਵਿਚ ਮਨੀਸ਼ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ।