ਨਵੀਂ ਦਿੱਲੀ – ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ, ਮਹਾਰਾਸ਼ਟਰ ਪੁਲਿਸ ਵੱਲੋਂ ਲੁੱਕ-ਆਊਟ ਸਰਕੂਲਰ (ਐੱਲਓਸੀ) ਜਾਰੀ ਕੀਤੇ ਜਾਣ ਤੋਂ ਪਹਿਲਾਂ ਜਾਂ ਫ਼ਰਜ਼ੀ ਪਾਸਪੋਰਟ ਜ਼ਰੀਏ ਦੇਸ਼ ਛੱਡ ਕੇ ਚਲੇ ਗਏ ਹੋਣਗੇ। ਅਧਿਕਾਰੀਆਂ ਮੁਤਾਬਕ ਪਰਮਬੀਰ ਸਿੰਘ ਦੇ ਛੁੱਟੀ ’ਤੇ ਜਾਣ ਤੋਂ ਦੋ ਮਹੀਨੇ ਬਾਅਦ ਮਹਾਰਾਸ਼ਟਰ ਪੁਲਿਸ ਨੇ ਐੱਲਓਸੀ ਜਾਰੀ ਕੀਤਾ ਸੀ।
ਪਰਮਬੀਰ ਨੇ ਸੱਤ ਮਈ ਨੂੰ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਛੁੱਟੀ ਲਈ ਅਰਜ਼ੀ ਦਿੱਤੀ ਸੀ। ਛੁੱਟੀ ਲੈ ਕੇ ਉਹ ਚੰਡੀਗੜ੍ਹ ਚਲੇ ਗਏ। ਉੱਥੋਂ ਉਨ੍ਹਾਂ ਆਪਣੀਆਂ ਛੁੱਟੀਆਂ ਵਧਾ ਦਿੱਤੀਆਂ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਖ਼ਿਲਾਫ਼ ਪਹਿਲੀ ਐੱਲਓਸੀ ਜੁਲਾਈ ਦੇ ਅੱਧ ’ਚ ਜਾਰੀ ਕੀਤੀ ਗਈ ਸੀ।
ਪਰਮਬੀਰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਐੱਫਆਈਆਰਜ਼ ’ਚ ਨਾਮਜ਼ਦ ਹਨ। ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਬਿਊਰੋ ’ਚ ਵੀ ਦੋ ਜਾਂਚਾਂ ਪੈਂਡਿੰਗ ਸਨ। ਉਨ੍ਹਾਂ ਨੂੰ ਅੰਟੀਲੀਆ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਵੀ ਤਲਬ ਕੀਤਾ ਸੀ ਪਰ ਉਹ ਕਦੇ ਵੀ ਜਾਂਚ ’ਚ ਸ਼ਾਮਲ ਨਹੀਂ ਹੋਏ।
ਇਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਪਰਮਬੀਰ ਸਿੰਘ ਖ਼ਿਲਾਫ਼ ਕਈ ਮਾਮਲੇ ਦਰਜ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐੱਲਓਸੀ ਜਾਰੀ ਕੀਤਾ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਜਿਸ ਵਿਅਕਤੀ ਖ਼ਿਲਾਫ਼ ਐੱਲਓਸੀ ਜਾਰੀ ਕੀਤਾ ਗਿਆ ਹੋਵੇ, ਉਹ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਨੂੰ ਪਾਰ ਕਰ ਜਾਵੇ।
ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਕੋਈ ਅਜਿਹਾ ਵਿਅਕਤੀ ਜਿਸ ਖ਼ਿਲਾਫ਼ ਐੱਲਓਸੀ ਜਾਰੀ ਕੀਤਾ ਗਿਆ ਹੋਵੇ, ਇਮੀਗ੍ਰੇਸ਼ਨ ਪਾਰ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਫੜਿਆ ਜਾਂਦਾ ਹੈ। ਪਾਸਪੋਰਟ ਵੇਰਵਾ ਅਪਲੋਡ ਕਰਦੇ ਹੀ ਕੰਪਿਊਟਰ ਸਿਸਟਮ ਅਲਰਟ ਕਰ ਦਿੰਦਾ ਹੈ ਤੇ ਉਸ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਅਟਕਲਾਂ ਵੀ ਸਨ ਕਿ ਉਹ ਨੇਪਾਲ ਤੋਂ ਵਿਦੇਸ਼ ਚਲੇ ਗਏ ਹੋਣ ਪਰ ਇਸ ਦੀ ਸੰਭਾਵਨਾ ਵੀ ਘੱਟ ਹੈ ਕਿਉਂਕਿ ਇਹ ਮਾਰਗ ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ’ਚ ਹੈ ਤੇ ਉੱਥੋਂ ਲੰਘਣਾ ਸੌਖਾ ਨਹੀਂ ਹੈ। ਦੇਸ਼ ’ਚੋਂ ਬਾਹਰ ਨਿਕਲਣ ਦੀ ਇਕਲੌਤੀ ਸੰਭਾਵਨਾ ਫ਼ਰਜ਼ੀ ਪਾਸਪੋਰਟ ਹੈ, ਜੋ ਪਰਮਬੀਰ ਨੇ ਕਿਸੇ ਹੋਰ ਵਿਅਕਤੀ ਦੀ ਆਈਡੀ ’ਤੇ ਹਾਸਲ ਕੀਤਾ ਹੋਵੇਗਾ। ਉਨ੍ਹਾਂ ਨੂੰ ਫੋਟੋ ਆਪਣੀ ਹੀ ਲਗਾਉਣੀ ਪਈ ਹੋਵੇਗੀ। 1988 ਬੈਚ ਦੇ ਆਈਪੀਐੱਸ ਅਧਿਕਾਰੀ ਪਰਮਬੀਰ (59) ਨੂੰ ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਡੀਜੀ (ਹੋਮਗਾਰਡਜ਼) ਵਜੋਂ ਤਾਇਨਾਤ ਕੀਤਾ ਗਿਆ ਸੀ।
