ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਆਦਰਸ਼, ਸੰਘਰਸ਼, ਸਪਿਰਿਟ ਤੇ ਸੰਦੇਸ਼ ਦਾ ਨਿਰਪੱਖ ਅਧਿਐਨ ਤੇ ਸਰਵੇਖਣ ਕੇਵਲ ਸਿੱਖਾਂ ਜਾਂ ਪੰਜਾਬੀਆਂ ਨੂੰ ਹੀ ਨਹੀਂ, ਸਗੋਂ ਸਮੁੱਚੇ ਭਾਰਤ ਤੇ ਸਮੂਹ ਸੰਸਾਰ ਨੂੰ ਵੀ ਅਜੋਕੀ ਅਸ਼ਾਂਤ ਤੇ ਘਾਤਕ ਸਥਿਤੀ ਵਿੱਚ ਸੁਖ ਦਾ ਸਾਹ ਦੁਆਣ ਅਤੇ ਚੜ੍ਹਦੀ ਕਲਾ ਵੱਲ ਲਿਜਾਣ ਲਈ ਬੜਾ ਸਹਾਇਕ ਤੇ ਲਾਭਦਾਇਕ ਸਿੱਧ ਹੋ ਸਕਦਾ ਹੈ।
ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਸ਼ਖਸੀਅਤ ਸੀ ਕਿ ਜਿੰਨਾ 42 ਵਰ੍ਹੇ ਦੀ ਅਲਪ ਅਵਸਥਾ ਵਿੱਚ ਕੌਮ, ਦੇਸ਼ ਤੇ ਮਨੁੱਖਤਾ ਦੀ ਦਰਵੱਟੜੀ ਉੱਤੇ, ਸਹਿਤ ਪਰਿਵਾਰ , ਨਿਛਾਵਰ ਵੀ ਹੋ ਗਏ ਸਨ।
ਇਹ ਇਸ ਲਈ ਵੀ ਕਿ ਗੁਰੂ ਗੋਬਿੰਦ ਸਿੰਘ, ਖੁਦ ਆਪ ਅਜਿਹੇ ਦ੍ਰਿੜ ਨਿਸਚੇ, ਨਿਰਭੈਤਾ ਤੇ ਚੜਦੀ ਕਲਾ ਦੇ ਪੁੰਜ ਸਨ : ਅਜਿਹੇ ਅਨੂਠੇ ਸਵੈਮਾਣ, ਸਵੈ ਵਿਸ਼ਵਾਸ ਤੇ ਸਵੈ ਸਮਰਪਣ ਦੇ ਮੁਜੱਸਮਾ ਸਨ, ਜਿੰਨਾ ਦਾ ਮੁਕਾਬਲਾ ਸਿਰਫ ਉਦੋਕੀ ਸਥਿਤੀ ਲਈ ਹੀ ਨਹੀਂ, ਸਗੋਂ ਅਜੋਕੀ ਤੇ ਅਗੋਕੀ ਸਥਿਤੀ ਲਈ ਵੀ ਕਿਸੇ ਪੱਖੋਂ ਵੀ ਘੱਟ ਲੁੜੀਂਦਾ, ਲਾਭਦਾਇਕ ਤੇ ਪ੍ਰੇਰਣਾਜਨਕ ਨਹੀਂ ਹੈ।
ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਅਤੇ ਉਸ ਦੀ ਹਰ ਗੱਲ, ਹਰ ਕਿਰਿਆ, ਹਰ ਕਰਤਵ ਹੀ ਉਸ ਉੱਤਮ ਤੇ ਉੱਚਤਮ ਦਰਜੇ ਦੀ ਚੜ੍ਦੀ ਕਲਾ ਦਾ ਸਾਕਾਰ ਰੂਪ ਸੀ।
ਉਹ ਜਿੱਥੇ ਸਹਿਜ ਤੇ ਸੱਚਾਈ ਅਤੇ ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ ਸਨ, ਉੱਥੇ ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ ਅਤੇ ਕਲਮ ਦੇ ਤਲਵਾਰ ਦੇ ਧਨੀ ਵੀ ਸਨ। ‘ਤੇਗ -ਫਤਹਿ ਉਨ੍ਹਾਂ ਦਾ ਨਾਅਰਾ ਅਤੇ ‘ਸਤਿ ਸ਼੍ਰੀ ਅਕਾਲ ‘ ਜੈਕਾਰਾ ਸੀ। ਹੱਥ ਉੱਤੇ ਬਾਜ਼ ਅਤੇ ਸੀਸ ਉੱਤੇ ਕਲਗੀ ਸਜਾਉਣ ਕਰਕੇ ਕੋਈ ਉਨ੍ਹਾਂ ਨੂੰ ‘ ‘ਬਾਜਾਂ ਵਾਲੇ ‘ ਤੇ ਕੋਈ ‘ਕਲਗੀਆਂ ਵਾਲੇ ‘ ਗੁਰੂ ਆਖਣ ਵਿੱਚ ਮਾਣ ਤੇ ਖੁਸ਼ੀ ਮਹਿਸੂਸ ਕਰਦਾ ਹੈ । ਪਰ ਅਸੀਂ ਤਾਂ ਉਨ੍ਹਾਂ ਦੀ ਅਜਿਹੀ ਭਰਵੀਂ ਤੇ ਅਨੂਠੀ ਸ਼ਖਸੀਅਤ, ਬਹੁਪੱਖੀ ਤੇ ਕਲਾਧਾਰੀ ਪ੍ਰਤਿਭਾ ਅਤੇ ਨਰੋਈ ਤੇ ਨਿਰਭੈ ਸਪਿਰਿਟ ਨੂੰ ਮੁੱਖ ਰੱਖਦਿਆਂ, ਉਨ੍ਹਾਂ ਨੂੰ ਖਾਸ ਤੌਰ ਤੇ ਚੜ੍ਦੀ ਕਲਾ ਵਾਲੇ ਗੁਰੂ ਕਹਿਣ ਤੇ ਮੰਨਣ ਵਿੱਚ ਹੀ ਉਨ੍ਹਾਂ ਦੀ ਉਤਮ ਤੇ ਸਮੁੱਚੀ ਮਨੁੱਖਤਾ ਦਾ ਮਾਣ ਸਮਝਦੇ ਹਾਂ।
ਮਨੁੱਖੀ ਜਾਮੇ ਵਿੱਚ ਕੁਦਰਤ ਦੀਆਂ ਜਿੰਨੀਆਂ ਅਪੂਰਬ ਤੇ ਭਰਪੂਰ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਪਤ ਹੋਈਆਂ ਸਨ, ਸ਼ਾਇਦ ਹੀ ਕਿਸੇ ਨੂੰ ਨਸੀਬ ਹੋਈਆਂ ਹੋਣ। ਤੇ ਫਿਰ ਜਿਸ ਸਿਆਣਪ, ਪਰਸੁਆਰਥ ਤੇ ਖੁਲ੍ਹਦਿਲੀ ਨਾਲ ਉਨ੍ਹਾਂ ਨੇ ਇਨ੍ਹਾਂ ਨੂੰ ਲੋਕਾਂ ਵਿੱਚ ਵੰਡਿਆ ਤੇ ਉਨ੍ਹਾਂ ਲਈ ਵਰਤਿਆ ਸੀ, ਉਸ ਦਾ ਸੁਭਾਗ ਵੀ, ਮੈਨੂੰ ਨਹੀਂ ਲੱਗਦਾ ਕਿਸੇ ਵਿਰਲੇ ਨੂੰ ਹੀ ਹਾਸਲ ਹੋਇਆ ਹੋਵੇਗਾ।
ਇਉਂ ਹੀ, ਸੰਖੇਪ ਜਿਹੀ ਜੀਵਨ ਯਾਤਰਾ ਦੌਰਾਨ ਜਿੰਨੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਨੇ ਆਪ ਨੂੰ ਘੇਰੀ ਰੱਖਿਆ ਸੀ, ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਈਆਂ ਹੋਣ। ਜਿਸ ਸਬਰ, ਸਿਦਕ ਅਤੇ ਸੂਰਬੀਰਤਾ ਤੇ ਸੁਆਰਥਹੀਨਤਾ ਨਾਲ ਆਪ ਨੇ ਇਨ੍ਹਾਂ ਨਾਲ ਭਰਵੀਂ ਟੱਕਰ ਲਈ ਅਤੇ ਜਿੱਤ ਪ੍ਰਾਪਤ ਕੀਤੀ ਸੀ। ਮਾਪਿਆਂ ਦੀ ਪਵਿੱਤਰ ਧਰਤੀ ਅਨੰਦਪੁਰ ਵਿੱਚ ਪਾਰ ਧਰਦਿਆਂ ਹੀ ਸਮੇਂ ਦੀ ਪੁਕਾਰ ਨੇ ਬਾਲ ਵਰੇਸ ਵਿੱਚ ਹੀ ਵਿਚਰਦੇ ਇਸ ਇੱਕਲੌਤੇ ਪੁੱਤਰ ਨੂੰ ਆਪਣੇ ਗੁਰੂ ਪਿਤਾ ਦਾ ਬਲੀਦਾਨ ਦੇਣ ਲਈ ਇੱਕ ਬੜੀ ਭਿਆਨਕ ਤੇ ਹਿਰਦਾਵੇਦਕ ਵੰਗਾਰ ਪਾਪ ਸੀ । ਇਹ ਉਹ ਭਿੰਅਕਰ ਸਮਾਂ ਸੀ ਜਦੋਂ ਮੁਗਲਈ ਤੁਅੱਸਬ ਤੇ ਔਰੰਗਜ਼ੇਬੀ ਜਬਰ ਹਿੰਦੂ ਧਰਮ ਕਰਮ ਅਤੇ ਭਾਰਤੀ ਸੱਭਿਆਚਾਰ ਦਾ ਮਲੀਆਮੇਟ ਕਰ ਰਿਹਾ ਸੀ।
ਸੋ ਗੁਰੂ ਤੇਗ ਬਹਾਦੁਰ ਸਮੁੱਚੇ ਹਿੰਦ ਦੀ ਪੱਤ ਪਰਤੀਤ ਅਤੇ ਸੱਭਿਆਚਾਰ ਦੀ ਰਾਖੀ ਲਈ, ਧਰਮ ਕਰਮ ਦੀ ਅਜ਼ਾਦੀ ਅਤੇ ਮਾਨਵੀ ਹੱਕਾਂ ਦੀ ਬਰਕਰਾਰੀ ਲਈ ਬੜੀ ਦਲੇਰੀ ਤੇ ਦ੍ਰਿੜਤਾ ਨਾਲ, ਸਿਰ ਤਲੀ ਉੱਤੇ ਰੱਖ ਕੇ ਤੁਰ ਪਏ ਸਨ।
ਐਨ ਅਜਿਹੇ ਬਿਖੜੇ, ਦੁਖਾਵੇਂ ਤੇ ਸਾਹ ਸਤ ਹੀਣ ਹਾਲਾਤ ਵਿੱਚ ਲੱਗਭੱਗ ਨੌਂ ਵਰ੍ਹੇ ਦੇ ਬਾਲ, ਗੋਬਿੰਦ ਦਾਸ ਜੀ, ਨੂੰ ਗੁਰੂ ਨਾਨਕ ਦੇਵ ਜੀ ਦੀ ਮਹਾਨ ਤੇ ਪਾਵਨ ਗੱਦੀ ਅਤੇ ਉਸ ਦੀ ਬੜੀ ਭਾਰੀ ਜਿੰਮੇਵਾਰੀ ਸੰਭਾਲਣੀ ਪੈ ਗਈ ਸੀ। ਇਹ ਜਿਸ ਸਮੇਂ ਵਿਚੋਂ ਅਸੀ ਹੁਣ ਨਿਕਲ ਰਹੇ ਹਾਂ ਇਹ ਸ਼ਹਾਦਤਾਂ ਦੇ ਦਿਨ ਸਨ। ਪਿਤਾ ਦੇ ਬਲਿਦਾਨ ਉਪਰੰਤ, ਪਰਿਵਾਰ ਵਿਛੋੜਾ, ਵੱਡੇ ਪੁੱਤਰਾਂ ਦੀਆਂ ਸ਼ਹਾਦਤ, ਛੋਟੇ ਫਰਜੰਦਾਂ ਦੀ ਨੀਹਾਂ ਵਿੱਚ ਚਿਣਨਾ , ਮਾਤਾ ਗੁਜ਼ਰ ਕੌਰ ਦਾ ਠੰਡੇ ਬੁਰਜ ਦੀ ਸੀਤ ਸਹਿਣੀ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੀ ਸੇਜ ਅਤੇ ਟਿੰਡ ਦਾ ਸਹਾਰਾ ਕੋਈ ਕਹਿਣ ਸੁਣਨ ਦੀਆਂ ਗੱਲਾਂ ਨਹੀਂ ਬਲਕਿ ਹੰਡਈਆਂ ਹੋਈਆਂ ਦਾਸਤਾਨਾਂ ਨੇ।
ਇਤਹਾਸ ਇਸ ਅਸਲੀਅਤ ਦਾ ਵੀ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਉਮਰ ਬੱਸ ਅਨੂਠੇ ਆਦਰਸ਼ ਦੀ ਪੈਰਵੀ ਕਰਦਿਆਂ ਉਸੇ ਵਿਲੱਖਣ ਸਿਧਾਂਤ ਉੱਤੇ ਪਹਿਰਾ ਦਿੰਦਿਆਂ, ਚੜ੍ਦੀ ਕਲਾ ਪੂਰਤੀ ਉਸੇ ਸੰਦੇਸ਼ ਨੂੰ ਪ੍ਰਸਾਰਦਿਆਂ ਅਤੇ ਉਨ੍ਹਾਂ ਮੁਤਾਬਿਕ ਹੀ ਧਰਮ ਨਿਆਂ, ਦੇਸ਼ ਕੌਮ ਤੇ ਸਮੂਹ ਮਨੁੱਖਤਾ ਦੇ ਹਿਤਾਂ ਹੱਕਾਂ ਲਈ ਨਿਸ਼ਕਾਮ ਤੇ ਨਿਰੰਤਰ ਸੰਘਰਸ਼ ਕਰਦਿਆਂ ਗੁਜ਼ਾਰ ਦਿੱਤੀ ਸੀ। ਗੁਰੂ ਸਾਹਿਬ ਨੇ ਅੰਤਮ ਸੁਆਸਾਂ ਤੱਕ ਅਜਿਹੀ ਅਦੁੱਤੀ ਚੜ੍ਦੀ ਕਲਾ ਵਿੱਚ ਵਿਚਰਦੇ ਅਤੇ ਵਿਗਸਦੇ ਰਹੇ ਸਨ ਜੋ ਕੇਵਲ ਉਦੋਂ ਦੇ ਤੇ ਹੁਣ ਦੇ ਹੀ ਨਹੀਂ ਸਗੋਂ ਆਉਦੇ ਸਮਿਆਂ ਦੇ ਮਨੁੱਖ ਨੂੰ ਵੀ ਉਵੇਂ ਹੀ ਪ੍ਰੇਰਦੀ , ਉਤਸ਼ਾਹਿਤ ਕਰਦੀ ਅਤੇ ਵਿਗਸਾਉਂਦੀ ਰਹੇਗੀ।