ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਤੇ ਸਿਹਤ ਮਾਹਿਰਾਂ ਨਾਲ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਪੰਜ ਚੋਣ ਸੂਬਿਆਂ ’ਚ ਸਾਰੇ ਯੋਗ ਲੋਕਾਂ ਦੇ ਟੀਕਾਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਕਮਿਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਯਕੀਨੀ ਕੀਤੇ ਜਾਣ ਵਾਲੇ ਜ਼ਰੂਰੀ ਸੁਰੱਖਿਆ ਉਪਾਵਾਂ ਨੂੰ ਲੈ ਕੇ ਵੀ ਮਾਹਿਰਾਂ ਤੋਂ ਸੁਝਾਅ ਲਏ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨ ਨੇ ਇਕ ਹੋਰ ਬੈਠਕ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਪੰਜ ਸੂਬਿਆਂ – ਯੂਪੀ, ਉੱਤਰਾਖੰਡ, ਗੋਆ, ਪੰਜਾਬ ਤੇ ਮਨੀਪੁਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਨ੍ਹਾਂ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕਮਿਸ਼ਨ ਵੱਲੋਂ ਅਗਲੇ ਕੁਝ ਦਿਨਾਂ ’ਚ ਮਤਦਾਨ ਦੀਆਂ ਤਰੀਕਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਈ ਬੈਠਕ ’ਚ ਸਿਹਤ ਸਕੱਤਰ ਰਾਜੇਸ਼ ਭੂਸ਼ਣ ਤੋਂ ਇਲਾਵਾ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਤੇ ਭਾਰਤੀ ਆਯੁਰਵਿਗਿਆਨ ਸ਼ੋਧ ਕੌਂਸਲ (ਆਈਸੀਐੱਮਆਰ) ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਵੀ ਹਿੱਸਾ ਲਿਆ।ਸੂਤਰਾਂ ਨੇ ਕਿਹਾ ਕਿ ਕਮਿਸ਼ਨ ਨੇ ਕੋਰੋਨਾ ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ ਤੇ ਚੋਣ ਪ੍ਰਚਾਰ ਤੇ ਮਤਦਾਨ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਇੰਤਜ਼ਾਮਾਂ ਸਬੰਧੀ ਸਿਹਤ ਮਾਹਿਰਾਂ ਤੋਂ ਸੁਝਾਅ ਲਏ। ਕਮਿਸ਼ਨ ਨੇ ਸਿਹਤ ਸਕੱਤਰ ਤੋਂ ਸਾਰੇ ਯੋਗ ਵਿਅਕਤੀਆਂ ਲਈ ਪੂਰਨ ਟੀਕਾਕਰਨ ਯਕੀਨੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਇਸ ਤੋਂ ਪਹਿਲਾਂ, ਚੋਣ ਕਮਿਸ਼ਨ ਨੇ 27 ਦਸੰਬਰ ਨੂੰ ਕੇਂਦਰੀ ਸਿਹਤ ਸਕੱਤਰ ਨਾਲ ਬੈਠਕ ਕੀਤੀ ਸੀ। ਚਰਚਾ ਦੌਰਾਨ ਚੋਣ ਕਮਿਸ਼ਨ ਨੇ ਸਰਕਾਰ ਨੂੰ ਚੋਣਾਂ ਵਾਲੇ ਸੂਬਿਆਂ ’ਚ ਟੀਕਾਕਰਨ ਪ੍ਰੋਗਰਾਮ ਤੇਜ਼ ਕਰਨ ਲਈ ਕਿਹਾ ਸੀ।