ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ IMF ਚੀਫ ਕ੍ਰਿਸਟਾਲੀਨਾ ਜਾਰਜੀਵਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰੂਸ ਅਤੇ ਯੂਕਰੇਨ ਦੀ ਜੰਗ ਦੇ ਵਿਸ਼ਵ ਅਰਥਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਵੀ ਚਰਚਾ ਕੀਤੀ ਗਈ। ਬੈਠਕ ‘ਚ IMF ਮੁਖੀ ਨੇ ਅਰਥਵਿਵਸਥਾ ‘ਚ ਤੇਜ਼ੀ ਲਿਆਉਣ ਲਈ ਭਾਰਤ ਦੀ ਰਣਨੀਤੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਮੋਦੀ ਸਰਕਾਰ ਦੀ ਸ਼ਾਨਦਾਰ ਰਣਨੀਤੀ ਕਾਰਨ ਭਾਰਤੀ ਅਰਥਚਾਰੇ ਨੇ ਸੀਮਤ ਸਾਧਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਵਿਕਾਸ ਕੀਤਾ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕ੍ਰਿਪਟੋਕਰੰਸੀ ਤੋਂ ਵਧਦੇ ਖ਼ਤਰੇ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ‘ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਾਰੇ ਦੇਸ਼ਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ‘ਤੇ ਗਲੋਬਲ ਰਣਨੀਤੀ ਬਣਾਉਣੀ ਪਵੇਗੀ।
ਨਿਰਮਲਾ ਸੀਤਾਰਮਨ ਨੇ ਆਪਣੇ ਟਵੀਟ ਵਿੱਚ ਇਸ ਮੁਲਾਕਾਤ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਮੁਤਾਬਕ ਆਈਐਮਐਫ ਮੁਖੀ ਨੇ ਸ੍ਰੀਲੰਕਾ ਦੇ ਆਰਥਿਕ ਸੰਕਟ ਵਿੱਚ ਮਦਦ ਕਰਨ ਲਈ ਭਾਰਤ ਦੀ ਤਾਰੀਫ਼ ਵੀ ਕੀਤੀ। ਨਾਲ ਹੀ ਕਿਹਾ ਕਿ IMF ਵੀ ਸ਼੍ਰੀਲੰਕਾ ਦੀ ਮਦਦ ਲਈ ਹਰ ਸੰਭਵ ਉਪਾਅ ਕਰੇਗਾ। ਇਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਟਕਰਾਅ ਦੇ ਵਿਸ਼ਵ ਅਰਥਚਾਰੇ ‘ਤੇ ਪੈਣ ਵਾਲੇ ਪ੍ਰਭਾਵ ਦਾ ਵੀ ਜ਼ਿਕਰ ਕੀਤਾ ਗਿਆ। ਖ਼ਾਸ ਤੌਰ ‘ਤੇ ਭਾਰਤ ਨੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ‘ਤੇ ਚਿੰਤਾ ਪ੍ਰਗਟਾਈ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਵਿਕਾਸ ਦਰ ਹਾਸਲ ਕਰੇਗਾ। ਆਰਥਿਕ ਸਰਵੇਖਣ ਮੁਤਾਬਕ ਮੌਜੂਦਾ ਵਿੱਤੀ ਸਾਲ ‘ਚ ਭਾਰਤ ਦੀ ਜੀਡੀਪੀ ਵਾਧਾ ਦਰ 8 ਤੋਂ 8.5 ਫੀਸਦੀ ਰਹਿ ਸਕਦੀ ਹੈ। ਉੱਚ ਵਿਕਾਸ ਦਰ ਲਈ, ਸਰਕਾਰ ਨੇ ਵਿੱਤੀ ਸਾਲ 2022-23 ਵਿੱਚ ਪੂੰਜੀ ਖ਼ਰਚ (ਕੈਪੈਕਸ) ਨੂੰ 35.4 ਫੀਸਦੀ ਵਧਾ ਕੇ 7.5 ਲੱਖ ਕਰੋੜ ਕਰ ਦਿੱਤਾ ਹੈ। ਪਿਛਲੇ ਸਾਲ ਦੇ ਬਜਟ ‘ਚ ਕੈਪੈਕਸ 5.5 ਲੱਖ ਕਰੋੜ ਰੁਪਏ ਰੱਖਿਆ ਗਿਆ ਸੀ। ਸੀਤਾਰਮਨ ਦੇ ਅਨੁਸਾਰ, IMF ਮੁਖੀ ਨੇ ਭਾਰਤ ਦੇ ਕੋਵਿਡ 19 ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ‘ਤੇ ਵਧਾਈ ਦਿੱਤੀ।
