ArticlesBreaking NewsIndiaLatest News

ਰਾਸ਼ਟਰਪਤੀ ਮੁਰਮੂ ਵੱਲੋਂ 6 ਸੂਬਿਆਂ ਦੇ ਰਾਜਪਾਲਾਂ ਦੀ ਨਿਯੁਕਤੀ ਅਤੇ ਤਬਾਦਲਿਆਂ ਨੂੰ ਮਨਜ਼ੂਰੀ

ਦਰੋਪਦੀ ਮੁਰਮੂ, ਭਾਰਤ ਦੇ ਰਾਸ਼ਟਰਪਤੀ, (ਫੋਟੋ: ਏ ਐਨ ਆਈ)।

ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਦੇ 6 ਸੂਬਿਆਂ ਵਿੱਚ ਰਾਜਪਾਲਾਂ ਦੀ ਨਿਯੁਕਤੀ ਅਤੇ ਤਬਾਦਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਭਵਨ ਵੱਲੋਂ 12 ਅਕਤੂਬਰ ਨੂੰ ਜਾਰੀ ਜਾਣਕਾਰੀ ਮੁਤਾਬਕ, ਚਾਰ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ, ਜਦਕਿ ਦੋ ਮੌਜੂਦਾ ਰਾਜਪਾਲਾਂ ਦੇ ਸੂਬੇ ਬਦਲੇ ਗਏ ਹਨ। ਇਹ ਨਿਯੁਕਤੀਆਂ ਨਵੇਂ ਰਾਜਪਾਲਾਂ ਵੱਲੋਂ ਆਪਣੇ ਅਹੁਦੇ ਦਾ ਕੰਮ ਸੰਭਾਲਣ ਦੀ ਤਾਰੀਖ ਤੋਂ ਲਾਗੂ ਹੋਣਗੀਆਂ।

ਓਮ ਪ੍ਰਕਾਸ਼ ਮਾਥੁਰ ਕੇਰਲ ਅਤੇ ਆਰਲੇਕਰ ਤਾਮਿਲਨਾਡੂ ਦੇ ਰਾਜਪਾਲ ਬਣੇ

ਸਿੱਕਮ ਦੇ ਮੌਜੂਦਾ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੂੰ ਕੇਰਲ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਤਾਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਬ੍ਰਜ ਮੋਹਨ ਰਾਮ ਨੂੰ ਓਡੀਸ਼ਾ, ਡਾ. ਸੁਧਾ ਯਾਦਵ ਨੂੰ ਕਰਨਾਟਕ, ਡਾ. ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਅਤੇ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਡਾ. ਸੁਧਾ ਯਾਦਵ ਨੂੰ ਕਰਨਾਟਕ ਦੀ ਜ਼ਿੰਮੇਵਾਰੀ

ਹਰਿਆਣਾ ਦੀ ਸੀਨੀਅਰ ਭਾਜਪਾ ਆਗੂ ਡਾ. ਸੁਧਾ ਯਾਦਵ ਨੂੰ ਕਰਨਾਟਕ ਦਾ ਰਾਜਪਾਲ ਬਣਾਇਆ ਗਿਆ ਹੈ। ਉਹ ਮਹਿੰਦਰਗੜ੍ਹ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਭਾਜਪਾ ਦੇ ਸੰਸਦੀ ਬੋਰਡ ਦੀ ਮੈਂਬਰ ਵੀ ਰਹੀ ਹਨ। ਡਾ. ਸੁਧਾ ਯਾਦਵ ਨੇ ਆਈਆਈਟੀ ਰੁੜਕੀ ਤੋਂ ਕੈਮਿਸਟਰੀ ਵਿੱਚ ਐੱਮਐੱਸਸੀ ਅਤੇ ਪੀਐੱਚਡੀ ਕੀਤੀ ਹੈ। ਉਹ 2019 ਤੋਂ 2022 ਤੱਕ ਕੌਮੀ ਪੱਛੜਾ ਵਰਗ ਕਮਿਸ਼ਨ ਦੀ ਮੈਂਬਰ ਵੀ ਰਹੀ। ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਯਾਦਵ ਬੀਐੱਸਐੱਫ ਵਿੱਚ ਡਿਪਟੀ ਕਮਾਂਡੈਂਟ ਸਨ ਅਤੇ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਏ ਸਨ।

ਦੁਸ਼ਯੰਤ ਗੌਤਮ ਬਣੇ ਸਿੱਕਮ ਦੇ ਰਾਜਪਾਲ

ਦਿੱਲੀ ਦੇ ਸੀਨੀਅਰ ਭਾਜਪਾ ਆਗੂ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਅਨੁਸੂਚਿਤ ਜਾਤੀ ਮੋਰਚੇ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੇ ਪਾਰਟੀ ਅਤੇ ਸਮਾਜਿਕ ਖੇਤਰ ਵਿੱਚ ਲੰਮੇ ਸਮੇਂ ਤੱਕ ਕੰਮ ਕੀਤਾ ਹੈ। ਉਹ ਨਗਰ ਨਿਗਮ ਦੇ ਕੌਂਸਲਰ ਤੋਂ ਲੈ ਕੇ ਰਾਜ ਸਭਾ ਦੇ ਮੈਂਬਰ ਤੱਕ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

ਡਾ. ਢਾਲ ਸਿੰਘ ਬਿਸੇਨ ਬਣੇ ਉੱਤਰਾਖੰਡ ਦੇ ਰਾਜਪਾਲ

ਮੱਧ ਪ੍ਰਦੇਸ਼ ਦੇ ਸੀਨੀਅਰ ਭਾਜਪਾ ਆਗੂ ਡਾ. ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਦਾ ਰਾਜਪਾਲ ਬਣਾਇਆ ਗਿਆ ਹੈ। ਉਹ ਬਾਲਾਘਾਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਚਾਰ ਵਾਰ ਵਿਧਾਇਕ ਵੀ ਚੁਣੇ ਗਏ ਸਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਸਰਕਾਰ ਵਿੱਚ ਸਕੂਲ ਸਿੱਖਿਆ, ਜੰਗਲਾਤ, ਆਵਾਜਾਈ ਅਤੇ ਖਣਨ ਵਰਗੇ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ ਹੈ। ਉਹ ਆਯੁਰਵੇਦ ਦੇ ਡਾਕਟਰ ਵੀ ਹਨ ਅਤੇ ਭਾਰਤੀ ਇਲਾਜ ਪ੍ਰਣਾਲੀ ਵਿੱਚ ਦਿਲਚਸਪੀ ਰੱਖਦੇ ਹਨ।

ਬ੍ਰਜ ਮੋਹਨ ਰਾਮ ਨੂੰ ਓਡੀਸ਼ਾ ਦੀ ਜ਼ਿੰਮੇਵਾਰੀ

ਝਾਰਖੰਡ ਦੇ ਸੀਨੀਅਰ ਆਗੂ ਬ੍ਰਜ ਮੋਹਨ ਰਾਮ ਨੂੰ ਓਡੀਸ਼ਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਾਮ ਅਣਵੰਡੇ ਬਿਹਾਰ ਵਿੱਚ ਵਿਧਾਇਕ ਰਹਿ ਚੁੱਕੇ ਹਨ। ਉਹ ਪਲਾਮੂ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਵੀ ਚੁਣੇ ਗਏ ਸਨ। ਉਨ੍ਹਾਂ ਨੇ ਅਨੁਸੂਚਿਤ ਜਾਤੀ ਮੋਰਚੇ ਅਤੇ ਧੋਬੀ ਮਹਾਸੰਘ ਵਿੱਚ ਵੀ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਯੋਗਦਾਨ ਪਾਇਆ ਹੈ।

ਛੇ ਸੂਬਿਆਂ ਵਿੱਚ ਨਵਾਂ ਪ੍ਰਸ਼ਾਸਨਿਕ ਪ੍ਰਬੰਧ

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕੇਰਲ, ਤਾਮਿਲਨਾਡੂ, ਓਡੀਸ਼ਾ, ਕਰਨਾਟਕ, ਉੱਤਰਾਖੰਡ ਅਤੇ ਸਿੱਕਮ ਵਿੱਚ ਰਾਜਪਾਲਾਂ ਦੀਆਂ ਨਵੀਆਂ ਨਿਯੁਕਤੀਆਂ ਤੈਅ ਹੋ ਗਈਆਂ ਹਨ। ਨਵੇਂ ਰਾਜਪਾਲਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਹੋਵੇਗੀ। ਸਾਰੀਆਂ ਨਿਯੁਕਤੀਆਂ ਸਬੰਧਤ ਰਾਜਪਾਲਾਂ ਵੱਲੋਂ ਅਹੁਦਾ ਸੰਭਾਲਣ ਦੀ ਤਾਰੀਖ ਤੋਂ ਲਾਗੂ ਹੋਣਗੀਆਂ।

Related posts

ਨਰਿੰਦਰ ਮੋਦੀ ਦੇ ਨਾਂ ਇਕ ਹੋਰ ਉਪਲਬਧੀ, ਸਰਵਉੱਚ ਨਾਗਰਿਕ ਐਵਾਰਡ ਨਾਲ ਸਨਮਾਨਿਤ ਕਰੇਗੀ ਭੂਟਾਨ ਸਰਕਾਰ

Bunty

ਦੇਸ਼ ’ਚ ਕੋਰੋਨਾ ਦੇ 761 ਨਵੇਂ ਮਾਮਲੇ ਦਰਜ, 12 ਮਰੀਜ਼ਾਂ ਦੀ ਹੋਈ ਮੌਤ

Bunty

ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਯੁੱਧਿਆ ’ਚ ਸਾਇਨਿੰਗ ਬੋਰਡ ਉੱਤੇ ਦੂਜੇ ਨੰਬਰ ’ਤੇ ਲਿਖੀ ਪੰਜਾਬੀ

Bunty