StoryBreaking NewsLatest NewsPunjabWomen's World

ਸਿਰਜਣਾ – ਕਹਾਣੀ

ਸਾਡੇ ਸਮਾਜ ਵਿੱਚ ਔਰਤਾਂ ਦੇ ਪੱਲੇ ਪਹਿਲਾਂ ਕੇਵਲ ਗਰੀਬੀ ਸੀ, ਹੁਣ ਗੁਲਾਮੀ ਵੀ ਜੁੜ ਗਈ ਹੈ।
ਲੇਖਿਕਾ: ਪ੍ਰਿੰਸੀਪਲ ਪ੍ਰੇਮਲਤਾ ਧੂਰੀ, ਸਟੇਟ ਐਵਾਰਡੀ।

ਸਿਰਜਣਾ ਬੀ.ਏ. ਤੀਜੇ ਸਾਲ ਦੀ ਵਿਦਿਆਰਥਣ ਹੈ, ਜਦੋਂ ਮਾਪਿਆਂ ਨੇ ਨਾਮ ਹੀ ਸਿਰਜਣਾ ਧਰਿਆ ਹੈ ਤਾਂ ਸੁਭਾਵਿਕ ਤੌਰ ਤੇ ਘਰ ਦਾ ਮਹੌਲ ਵੀ ਚੇਤੰਨ ਬੁੱਧੀ ਦਾ ਹੋਵੇਗਾ। ਇਹੋ ਪ੍ਰਭਾਵ ਸਿਰਜਣਾ ਦੀ ਸਕਸ਼ੀਅਤ ਤੇ ਪਿਆ। ਬੀ.ਏ. ਵਿੱਚ ਉਸ ਦਾ ਹਰਮਨ ਪਿਆਰਾ ਵਿਸ਼ਾ ਸਮਾਜ ਵਿਗਿਆਨ ਹੀ ਹੈ। ਉਹ ਅਕਸਰ ਫੇਸਬੁਕ ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਉਸ ਨੇ ਇੱਕ ਪੋਸਟ ਰਾਹੀਂ ਲਿਖਿਆ, ਕੌਮਾਂ ਦੀ ਆਪਣੀ ਸੋਚਣ ਸ਼ਕਤੀ ਹੀ ਉਨ੍ਹਾਂ ਦੀ ਉਨਤੀ ਜਾਂ ਅਵਨਤੀ ਦਾ ਰਸਤਾ ਤਹਿ ਕਰਦੀ ਹੈ, ਜਿਹੜੀ ਕੌਮ ਦੀ ਸੋਚਣ ਸ਼ਕਤੀ ਕੁਦਰਤ ਨਾਲ ਇਕ ਸੁਰਤਾ ਵਿੱਚ ਹੁੰਦੀ ਹੈ, ਉਹ ਕੌਮ ਜਿੰਦਗੀ ਦੇ ਹਰ ਪੱਖੋ ਮੋਹਰੀ ਹੁੰਦੀ ਹੈ। ਜਿਹੜੀ ਕੌਮ ਆਪਣੀ ਸੋਚ ਨੂੰ ਝੂਠ ਤੇ ਕੇਂਦਰਤ ਕਰ ਲੈਂਦੀ ਹੈ, ਉਹ ਕੌਮ ਜਿੰਦਗੀ ਦੇ ਸਾਰੇ ਪੱਖਾਂ ਤੋਂ ਪੱਛੜ ਜਾਂਦੀ ਹੈ।

ਇਸ ਵਾਰ ਕੁਦਰਤੀ 8 ਮਾਰਚ ਦਾ ਦਿਨ ਐਤਵਾਰ ਨੂੰ ਆ ਗਿਆ ਸੀ। ਸਿਰਜਣਾ ਦੇ ਆਪਣੇ ਸ਼ਹਿਰ ਇੱਕ ਭਾਰੀ ਸਾਹਿਤ ਸਭਾ ਜੁੜਦੀ ਸੀ। ਆਪਣੀ ਸਹੇਲੀ ਗੁੱਕੀ ਨੂੰ ਲੈ ਕੇ ਸਾਹਿਤ ਸਭਾ ਵਿੱਚ ਪਹੁੰਚ ਗਈ। ਅੱਜ ਮੰਚ ਉੱਪਰ ਪ੍ਰਧਾਨ ਤੋਂ ਇਲਾਵਾ ਬਾਕੀ ਔਰਤਾਂ ਹੀ ਸਜੀਆਂ ਸਨ। ਮੰਚ ਸੰਚਾਲਕ ਨੇ ਗੁਰਕੀਰਤ ਕੌਰ ਨਾਂ ਬੋਲਿਆ, ਗੁੱਕੀ ਮੰਚ ‘ਤੇ ਪਹੁੰਚ ਗਈ, ਆਪਣੀ ਸੁਰੀਲੀ ਅਵਾਜ ਵਿੱਚ ਇੱਕ ਗੀਤ ਪੇਸ਼ ਕੀਤਾ, ਸਰੋਤਿਆਂ ਦੀਆਂ ਤਾਲੀਆਂ ਦੱਸਦੀਆਂ ਸਨ, ਪੇਸ਼ਕਾਰੀ ਵਿੱਚ ਦਮ ਸੀ। ਦੋ ਹੋਰ ਬੁਲਾਰੇ ਬੁਲਾ ਕੇ ਮੰਚ ਸੰਚਾਲਕ ਨੇ ਸਿਰਜਣਾ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ।

‘ਮੇਰੇ ਸਤਿਕਾਰ ਯੋਗ ਸਾਹਿਤਕਾਰ ਭੈਣੋ, ਭਰਾਵੋ ਅਤੇ ਬਜੁਰਗੋ ਅੱਜ ਮੈਂ ਆਪ ਜੀ ਦੇ ਸਾਹਮਣੇ 8 ਮਾਰਚ ਔਰਤ ਦਿਵਸ ਤੇ ਇੱਕ ਬੇਹੱਦ ਗੰਭੀਰ ਮਸਲਾ ਰੱਖਣ ਜਾ ਰਹੀ ਹਾਂ। ਅੱਜ ਅਸੀਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਵੀਡੀਓਜ ਦੇਖਦੇ ਹਾਂ ਕਿ ਕਿਵੇਂ ਸਾਡਾ ਆਪਣਾ ਔਰਤ ਸਮਾਜ ਆਪਣੀਆਂ ਪੀੜਾਂ ਖੁਦ ਪੈਦਾ ਕਰ ਰਿਹਾ ਹੈ। ਔਰਤ ਜਾਤੀ ਦੇ ਸੰਬੰਧ ਵਿੱਚ ਇਸ ਗੰਭੀਰ ਮਸਲੇ ਨੂੰ ਸਾਡੇ ਲੇਖਕ ਵਰਗ ਨੇ ਸਰਸਰੀ ਸਮਝ ਕੇ ਅਣਗੌਲਿਆ ਹੀ ਰੱਖਿਆ ਹੈ।

ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦੀ ਹਾਂ, ਰਾਜਾ ਰਾਮ ਮੋਹਨ ਰਾਇ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਤਾਂ ਅੱਜ ਅਸੀਂ ਸਾਡੇ ਵਿੱਦਿਅਕ ਸਿਲੇਬਸ ਵਿੱਚ ਉਹਨਾਂ ਬਾਰੇ ਪੜ੍ਹਦੇ ਹਾਂ ਅਤੇ ਇਸ ਕਦਮ ਲਈ ਉਹਨਾਂ ਦੀ ਪ੍ਰਸੰਸ਼ਾ ਕਰਦੇ ਹਾਂ। ਕੀ ਸਾਡੇ ਵਿੱਚੋਂ ਕੋਈ ਨਹੀਂ ਹੈ, ਜਿਹੜਾ ਰਾਜਾ ਰਾਮ ਮੋਹਨ ਰਾਇ ਵਾਂਗ ਔਰਤ ਜਾਤੀ ਦੀ ਪੀੜਾ ਨੂੰ ਸਮਝ ਸਕੇ? ਕੀ ਹੋ ਰਿਹਾ ਹੈ? ਨਿਰਾਕਾਰ ਈਸ਼ਵਰ ਦੇ ਨਾਮ ਉੱਪਰ ਔਰਤ ਜਾਤੀ ਨੂੰ ਗੁਲਾਮੀ ਦੇ ਕਾਕਰੋਚਾਂ ਵਾਂਗ ਉਨ੍ਹਾਂ ਦੀ ਬੁੱਧੀ ਨੂੰ ਪੁੱਠਾ ਕਰ ਦਿੱਤਾ ਜਾਂਦਾ ਹੈ। ਫੇਰ ਉਹ ਪੁੱਠੇ ਹੋਏ ਕਾਕਰੋਚਾਂ ਵਾਂਗ ਧਰਤੀ ਤੇ ਰੇਂਗਦੀਆਂ ਹਨ। ਪ੍ਰੀਸਟ ਪਹਿਲੀ ਔਰਤ ਦੇ ਸਿਰ ‘ਤੇ ਹੱਥ ਰਖਦਾ ਹੈ, ਉਹ ਧਰਤੀ ਤੇ ਮੇਲ੍ਹਣ ਲੱਗ ਜਾਂਦੀ ਹੈ, ਫੇਰ ਦੂਜੀ ਤੇ ਹੱਥ ਰੱਖਦਾ ਹੈ ਉਹ ਵੀ ਮੇਲ੍ਹਣ ਲੱਗ ਜਾਂਦੀ ਹੈ, ਇਸ ਤਰ੍ਹਾਂ ਉਹ ਪੰਦਰਾ-ਵੀਹ ਔਰਤਾਂ ਦੇ ਸਿਰਾਂ ਤੇ ਹੱਥ ਰੱਖ ਦਿੰਦਾ ਹੈ, ਸਾਰੀਆਂ ਹੀ ਫਰਸ਼ ਤੇ ਮੇਲ੍ਹਣ ਲੱਗ ਜਾਂਦੀਆਂ ਹਨ। ਕੌਣ ਹਨ ਉਹ ਔਰਤਾਂ, ਉਹ ਸਾਡੇ ਆਪਣੇ ਸਮਾਜ ਵਿੱਚੋਂ ਹਨ। ਪਹਿਲਾਂ ਉਨ੍ਹਾਂ ਦੇ ਪੱਲੇ ਕੇਵਲ ਗਰੀਬੀ ਸੀ ਹੁਣ ਗੁਲਾਮੀ ਵੀ ਜੁੜ ਗਈ। ਇੱਕ ਦਿਨ ਗੁਰਬਤ ਤਾਂ ਠੀਕ ਹੋ ਸਕਦੀ ਹੈ, ਪਰ ਗੁਲਾਮੀ ਵਿੱਚ ਡੁੱਬੀ ਮਾਨਸਿਕਤਾ ਕਦੇ ਨਹੀਂ ਠੀਕ ਹੋਵੇਗੀ। ਗੁਲਾਮੀ ਦੇ ਨਾਲ ਅਣਖ ਮਰੇਗੀ, ਸੱਭਿਆਚਾਰ ਮਰੇਗਾ, ਫੇਰ ਗੁਰ ਪਰਿਵਰਤਨ ਹੋਵੇਗਾ ਅਤੇ ਹੌਲੀ-ਹੌਲੀ ਪੰਜਾਬ ਮਨੀਪੁਰ ਬਣ ਜਾਵੇਗਾ। ਧੰਨਵਾਦ! ਆਪ ਜੀ ਦੀ ਸਿਰਜਣਾ।

ਸਭਾ ਦੇ ਪ੍ਰਧਾਨ ਡਾ. ਤੇਜਵੰਤ ਬੋਲੇ, ‘ਬੀਬਾ ਤੇਰੀ ਗੱਲ ਤਾਂ ਠੀਕ ਹੈ, ਪਰ ਇਹ ਮਸਲਾ ਰਾਜਨੀਤਿਕ ਹੈ। ਸਾਡੇ ਸੰਵਿਧਾਨ ਵਿੱਚ ਹਰ ਕਿਸੇ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਕੋਈ ਵੀ ਰੀਲਿਜ਼ਨ ਧਾਰਨ ਕਰ ਸਕਦਾ ਹੈ ਜਾਂ ਬਦਲ ਸਕਦਾ ਹੈ।’

ਇਹ ਉੱਤਰ ਸੁਣਕੇ ਸਿਰਜਣਾ ਨੂੰ ਜੋ ਅਹਿਸਾਸ ਹੋਇਆ ਉਸਨੇ ਗੁੱਕੀ ਸਾਹਮਣੇ ਪ੍ਰਗਟ ਕੀਤਾ, ਬੋਲੀ, ‘ਪੰਜਾਬ ਵਿੱਚ ਬਹੁਤੇ ਲੇਖਕ ਰਾਜਨੀਤੀ ਤੋਂ ਪ੍ਰੇਰਿਤ ਹਨ। ਮੈਂ ਤਾਂ ਸਾਹਿਤ ਸਭਾ ਤੋਂ ਇਹੋ ਮੰਗ ਕੀਤੀ ਸੀ, ਅਜਿਹੇ ਕਾਰਨਾਮਿਆਂ ਨਾਲ ਔਰਤ ਜਾਤੀ ਦਾ ਸਤੀ ਪ੍ਰਥਾ ਵਾਂਗ ਸੋਸ਼ਨ ਹੋ ਰਿਹਾ ਹੈ, ਮਾਸ ਪੱਧਰ ਤੇ ਲੋਕਾਂ ਦੀ ਆਸਥਾ ਨੂੰ ਬਦਲਿਆ ਜਾ ਰਿਹਾ ਹੈ। ਸਾਹਿਤ ਸਭਾ ਨੇ ਕੋਈ ਐਕਸ਼ਨ ਥੋੜੀ ਕਰਨਾ ਹੁੰਦੈ, ਸਾਹਿਤ ਸਭਾ ਦਾ ਕੰਮ ਤਾਂ ਕੇਵਲ ਲੋਕਾਈ ਨੂੰ ਜਾਗ੍ਰਿਤ ਕਰਨਾ ਹੁੰਦਾ ਹੈ। ਇਹ ਮਸਲਾ ਉਸ ਦੀ ਕਲਾਸ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ। ਉਸ ਦੇ ਸਹਿਪਾਠੀ ਗੋਗੀ ਨੇ ਦੱਸਿਆ, ‘ਸਾਡੇ ਆਪਣੇ ਸ਼ਹਿਰ ਦੇ ਇੱਕ ਸੰਸਥਾਨ ਵਿੱਚ ਆਏ ਐਤਵਾਰ ਔਰਤਾਂ ਦੇ ਫਰਸ਼ ਉੱਪਰ ਮੇਲ੍ਹਣ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।’

ਅਗਲੇ ਹੀ ਦਿਨ ਐਤਵਾਰ ਸੀ, ਸਿਰਜਣਾ, ਗੋਗੀ ਅਤੇ ਗੁੱਕੀ ਇੱਕ ਕਾਰ ਰਾਹੀਂ ਸੰਸਥਾਨ ਵਿੱਚ ਪਹੁੰਚ ਗਏ। ਤਿੰਨਾਂ ਨੇ ਸੰਸਥਾਨ ਵਿੱਚ ਰੱਖੇ ਰਜਿਸਟਰ ਉੱਪਰ ਦਸਤਖਤ ਕੀਤੇ, ਫੋਨ ਨੰਬਰ ਸਮੇਤ ਪਤਾ ਵੀ ਲਿਖਿਆ। ਤਿੰਨ ਨਵੇਂ ਨੌਜਵਾਨਾਂ ਨੂੰ ਦੇਖ ਕੇ ਸੰਸਥਾਨ ਦਾ ਪ੍ਰੀਸਟ ਬਹੁਤ ਖੁਸ਼ ਹੋਇਆ, ਤਿੰਨਾਂ ਨੂੰ ਮੂਹਰਲੀਆਂ ਕੁਰਸੀਆਂ ਤੇ ਬਿਠਾਇਆ ਗਿਆ। ਪ੍ਰੀਸਟ ਅਤੇ ਕੁਰਸੀਆਂ ਵਿਚਕਾਰ ਕੋਈ ਵੀਹ ਫੁੱਟ ਦੇ ਲਗਭਗ ਖਾਲੀ ਜਗ੍ਹਾ ਸੀ।

ਪ੍ਰੀਸਟ ਦੇ ਸੰਬੋਧਨ ਬਾਦ ਉਹੀ ਸਿਲਸਿਲਾ ਚੱਲ ਪਿਆ। ਇੱਕ ਔਰਤ ਉੱਠੀ, ਪ੍ਰੀਸਟ ਨੇ ਸਿਰ ਤੇ ਹੱਥ ਰੱਖਿਆ, ਉਹ ਪੁੱਠੇ ਕਾਕਰੋਚ ਵਾਂਗ ਤੜਪਨ ਲੱਗੀ, ਫੇਰ ਦੂਜੀ, ਤੀਜੀ ਦੇਖਦੇ-ਦੇਖਦੇ ਕੋਈ ਪੰਦਰਾਂ ਦੇ ਲਗਭਗ ਔਰਤਾਂ ਫਰਸ਼ ਤੇ ਮੇਲ੍ਹਣ ਲੱਗੀਆਂ। ਸਿਰਜਣਾ ਦਾ ਦਿਮਾਗ ਗੁੱਸੇ ਨਾਲ ਭਰ ਰਿਹਾ ਸੀ, ਪਰ ਆਪਣੇ ਆਪ ਨੂੰ ਸ਼ਾਂਤ ਰੱਖਿਆ। ਸੰਸਥਾਨ ਦਾ ਫੰਡਾ ਸਾਫ ਸੀ, ਜਿਹੜੀ ਔਰਤ ਸਿਰ ਤੇ ਹੱਥ ਰੱਖਣ ਤੇ ਮੇਲ੍ਹਣ ਲੱਗ ਜਾਂਦੀ ਸੀ ਆਪਣੇ ਧਰਮ ਅਤੇ ਸੰਸਕ੍ਰਿਤੀ ਤੋਂ ਟੁੱਟ ਕੇ ਬਾਹਰੀ ਰਿਲੀਜਨ ਦੀ ਗੁਲਾਮੀ ਵਿੱਚ ਜਕੜੀ ਜਾਂਦੀ ਸੀ। ਸਮਾਗਮ ਦੇ ਅੰਤ ਵਿੱਚ ਤਿੰਨਾ ਨੇ ਕੜ੍ਹੀ ਚਾਵਲ ਖਾਧੇ ਅਤੇ ਮਨਾਂ ਵਿੱਚ ਨਵੀਂ ਯੋਜਨਾ ਲੈ ਕੇ ਵਾਪਿਸ ਆ ਗਏ।

ਤਿੰਨੋ ਜਣੇ ਇੱਕ ਸਮਾਂ ਜਿੰਮ ਵਿੱਚ, ਦੂਜੇ ਸਮੇਂ ਜੂਡੋ ਕਰਾਟੇ ਸਿੱਖਣ ਜਾਣ ਲੱਗੇ। ਇੱਕ ਮਹੀਨੇ ਵਿੱਚ ਲੋਹੇ ਵਰਗੇ ਸ਼ਰੀਰ ਬਣ ਗਏ। ਐਤਵਾਰ ਦਾ ਦਿਨ ਸੀ, ਮੋਬਾਇਲ ਤੇ ਪ੍ਰੀਸਟ ਦਾ ਸੱਦਾ ਵੀ ਆ ਗਿਆ ਸੀ, ਤਿੰਨੋ ਜਣੇ ਸੰਸਥਾਨ ਵਿੱਚ ਪਹੁੰਚ ਗਏ। ਪ੍ਰੀਸਟ ਦਾ ਭਾਸ਼ਨ ਮੁੱਕਿਆ, ਫੇਰ ਚੱਲ ਪਈ ਉਹੀ ਖੇਡ। ਹੁਣ ਲਾਈਨ ਵਿੱਚ ਸਿਰਜਣਾ ਅਤੇ ਗੁੱਕੀ ਵੀ ਲੱਗ ਗਈਆਂ। ਕੋਈ ਦਸਵੇਂ-ਗਿਆਰਵੇਂ ਸਥਾਨ ਤੇ ਪ੍ਰੀਸਟ ਨੇ ਸਿਰਜਣਾ ਤੇ ਗੁੱਕੀ ਦੇ ਸਿਰਾਂ ਤੇ ‘ਹੱਥ ਰੱਖਿਆ। ਸਿਰਜਣਾ ਲੱਗ ਪਈ ਮੇਲ੍ਹਣ ਉਸ ਦੇ ਪਿੱਛੇ ਹੀ ਗੁੱਕੀ ਲੱਗ ਪਈ। ਸਿਰਜਣਾ ਨੇ ਖਿਸਕਦੇ-ਖਿਸਕਦੇ ਪ੍ਰੀਸਟ ਨੂੰ ਟੰਗਾਂ ਤੋਂ ਚੁੱਕ ਕੇ ਕੰਧ ਨਾਲ ਮਾਰਿਆ, ਫੇਰ ਉਸਨੂੰ ਆਪਣੇ ਮੋਢੇ ਤੇ ਚੁੱਕ ਲਿਆ ਅਤੇ ਮੇਲ੍ਹ ਰਹੀਆਂ ਔਰਤਾਂ ਦੇ ਉੱਪਰ ਸੁੱਟ ਦਿੱਤਾ, ਉੱਧਰ ਗੁੱਕੀ ਨੇ ਵੀ ਮੇਲ੍ਹ ਰਹੀਆਂ ਔਰਤਾਂ ਨੂੰ ਚੁੱਕ ਚੁੱਕ ਕੇ ਕੰਧਾ ਨਾਲ ਮਾਰਿਆ। ਸਿਰਜਣਾ ਉੱਚੀ ਆਵਾਜ ਵਿੱਚ ਬੋਲੀ ‘ਰੁਦਰ ਆ ਗਿਆ ਮੇਰੇ ਵਿੱਚ, ਮੈਂ ਆਪਣੇ ਵਸ਼ ਵਿੱਚ ਨਹੀਂ ਹਾਂ, ਅੱਜ ਮੈਂ ਕਿਸੇ ਨੂੰ ਨਹੀਂ ਛੱਡਣਾ, ਗੋਗੀ ਦਾ ਹਾਸਾ ਰੁਕ ਨਹੀਂ ਰਿਹਾ ਸੀ। ਲੋਕ ਡਰਦੇ ਮਾਰੇ ਸੰਸਥਾਨ ਛੱਡ ਕੇ ਭੱਜ ਗਏ। ਤਿੰਨੋ ਨੋਜਵਾਨ ਆਪਣੇ-ਆਪਣੇ ਘਰ ਪਹੁੰਚ ਗਏ।

ਅਗਲੇ ਦਿਨ ਕਾਲਜ ਵਿੱਚ ਤਿੰਨਾਂ ਨੂੰ ਆਸ ਸੀ ਕਿ ਪੁਲਿਸ ਜਰੂਰ ਆਵੇਗੀ। ਪਰ ਨਹੀਂ ਆਈ। ਹੁਣ ਅਗਲੇ ਐਤਵਾਰ ਸਿਰਜਣਾ ਆਪਣੇ ਸਾਥੀਆਂ ਨਾਲ ਸਾਹਿਤ ਸਭਾ ਪਹੁੰਚ ਗਈ ਅਤੇ ਮੰਚ ਉੱਪਰ ਸਾਰੀ ਆਪ ਬੀਤੀ ਸੁਣਾਈ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮੁਸਕਰਾ ਰਹੇ ਸਨ।

Related posts

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

Bunty

ਚੰਡੀਗੜ੍ਹ ‘ਚ ਭਾਰੀ ਮੀਂਹ ਨੇ ਵਧਾਈ ਠੰਢ, ਹਵਾ ਵੀ ਸਾਫ਼, ਪ੍ਰਦੂਸ਼ਣ ਦਾ ਪੱਧਰ ਘਟਿਆ

Bunty

8 ਮਾਰਚ ਤੱਕ ਜੇਲ੍ਹ ਭੇਜੇ ਗਏ ਬਿਕਰਮ ਸਿੰਘ ਮਜੀਠੀਆ

admin