ਚੀਨ – 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਦੇ ਦੋ ਡੱਬੇ ਗੁਈਝੂ ਸੂਬੇ ‘ਚ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਅਤੇ 7 ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਬੁਲੇਟ ਟਰੇਨ ਚੀਨ ਦੇ ਦੱਖਣ-ਪੱਛਮੀ ਸੂਬੇ ਗੁਆਂਗਜ਼ੂ ਤੋਂ ਦੱਖਣੀ ਸੂਬੇ ਗੁਆਂਗਜ਼ੂ ਵੱਲ ਚੱਲ ਰਹੀ ਸੀ। ਸ਼ਨੀਵਾਰ ਸਵੇਰੇ 10.30 ਵਜੇ ਗੁਈਝੋਊ ਦੇ ਇਕ ਸਟੇਸ਼ਨ ‘ਤੇ ਜ਼ਮੀਨ ਖਿਸਕਣ ਕਾਰਨ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਟਰੇਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੀਨ ਦੇ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਟਰੇਨ ਦੇ ਸੱਤਵੇਂ ਅਤੇ ਅੱਠਵੇਂ ਡੱਬੇ ਉਸ ਸਮੇਂ ਪਟੜੀ ਤੋਂ ਉਤਰ ਗਏ ਜਦੋਂ ਟਰੇਨ ਯੂਜ਼ਾਈ ਸੁਰੰਗ ਦੇ ਪ੍ਰਵੇਸ਼ ਦੁਆਰ ‘ਤੇ ਪਹੁੰਚੀ। ਸਾਰੇ ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ ਅਤੇ ਹੋਰ 136 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਮੌਕੇ ‘ਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਇੱਕ ਟਰੇਨ ਪਟੜੀ ਤੋਂ ਉਤਰ ਗਈ ਸੀ। ਇਸ ਘਟਨਾ ਦੌਰਾਨ ਰੇਲਵੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ, 4 ਗੰਭੀਰ ਜ਼ਖ਼ਮੀ ਹੋ ਗਏ ਸਨ, ਜਦਕਿ 123 ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਦੋਂ ਵੀ ਹਾਦਸੇ ਦਾ ਕਾਰਨ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣਾ ਹੀ ਸੀ।
ਪਟੜੀ ਤੋਂ ਉਤਰਨ ਦੀ ਤਾਜ਼ਾ ਘਟਨਾ ਚੀਨ ਰੇਲਵੇ ਵੱਲੋਂ 13 ਮਈ ਨੂੰ ਐਲਾਨ ਕੀਤੇ ਜਾਣ ਤੋਂ ਬਾਅਦ ਆਈ ਹੈ ਕਿ ਬੀਜਿੰਗ ਨੂੰ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਨਾਲ ਜੋੜਨ ਵਾਲੇ ਹਾਈ-ਸਪੀਡ ਰੇਲਵੇ ਦੀ ਸੰਚਾਲਨ ਸਪੀਡ ਨੂੰ ਵਧਾ ਕੇ 350 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਜਾਵੇਗਾ। ਚੀਨੀ ਰੇਲਵੇ ਮੁਤਾਬਕ ਇਹ ਇੰਨੀ ਰਫਤਾਰ ਨਾਲ ਚੱਲਣ ਵਾਲੀ ਚੀਨ ਦੀ ਪੰਜਵੀਂ ਹਾਈ-ਸਪੀਡ ਰੇਲ ਬਣ ਜਾਵੇਗੀ।
ਦੱਸ ਦੇਈਏ ਕਿ 20 ਜੂਨ ਤੋਂ ਇਹ ਟ੍ਰੇਨ ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਨਾਲ ਬੀਜਿੰਗ ਨੂੰ ਜੋੜਨ ਵਾਲੇ ਸੈਕਸ਼ਨ ‘ਤੇ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ। ਸਪੀਡ ਵਧਾਉਣ ਤੋਂ ਬਾਅਦ, ਬੀਜਿੰਗ ਤੋਂ ਵੁਹਾਨ ਤੱਕ ਦਾ ਘੱਟੋ-ਘੱਟ ਟਰਾਂਸਪੋਰਟ ਸਮਾਂ ਘਟਾ ਕੇ 3 ਘੰਟੇ 48 ਮਿੰਟ ਰਹਿ ਜਾਵੇਗਾ, ਜੋ ਕਿ ਲਗਭਗ 1,330 ਕਿਲੋਮੀਟਰ ਦਾ ਸਫ਼ਰ ਹੈ।
ਵਰਤਮਾਨ ਵਿੱਚ, ਚੀਨ ਕੋਲ ਸਿਰਫ਼ ਚਾਰ ਹਾਈ-ਸਪੀਡ ਰੇਲ ਹਨ ਜੋ 350 km/h ਦੀ ਰਫਤਾਰ ਨਾਲ ਕੰਮ ਕਰਦੀਆਂ ਹਨ, ਜਿਆਦਾਤਰ ਛੋਟੀ ਦੂਰੀ ਦੀ ਯਾਤਰਾ ਲਈ। ਇਹ ਬੀਜਿੰਗ-ਸ਼ੰਘਾਈ ਹਾਈ-ਸਪੀਡ ਰੇਲ, ਬੀਜਿੰਗ-ਤਿਆਨਜਿਨ ਇੰਟਰਸਿਟੀ ਰੇਲ, ਚੇਂਗਡੂ-ਚੌਂਗਕਿੰਗ ਹਾਈ-ਸਪੀਡ ਰੇਲ ਅਤੇ ਬੀਜਿੰਗ-ਝਾਂਗਜੀਆਕੋਊ ਹਾਈ-ਸਪੀਡ ਰੇਲ ਦੇ ਹਿੱਸੇ ਹਨ। ਬੀਜਿੰਗ-ਗੁਆਂਗਜ਼ੂ ਰੇਲ ਯਾਤਰਾ ਦੂਰੀ ਦੇ ਲਿਹਾਜ਼ ਨਾਲ ਵੀ ਸਭ ਤੋਂ ਲੰਬੀ ਹੈ।
