Punjab

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੂਰੀ ਸ਼ਿੱਦਤ ਨਾਲ ਕੋਸ਼ਿਸ਼ਾਂ ਕਰਨ ਦੇ ਨਿਰਦੇਸ਼

ਚੰਡੀਗੜ – ਪੰਜਾਬ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਸਰਕਾਰ ਦੀ ਦਿ੍ਰੜ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ ਨਿਰਦੇਸ਼ ਦਿੱਤਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੂਰੀ ਸ਼ਿੱਦਤ ਨਾਲ ਕੋਸ਼ਿਸ਼ਾਂ ਕੀਤੀਆਂ ਜਾਣ।
ਇੱਥੇ ਸਰਕਾਰੀ ਗ੍ਰਹਿ ਵਿਖੇ ਵੀਰਵਾਰ ਨੂੰ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸੰਭਵ ਤਰੀਕੇ ਨਾਲ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨਾ ਪੀ.ਪੀ.ਸੀ.ਬੀ. ਦਾ ਫ਼ਰਜ਼ ਬਣਦਾ ਹੈ।ਉਨਾਂ ਕਿਹਾ ਕਿ ਇਸ ਲੋਕ ਭਲਾਈ ਦੇ ਕੰਮ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੀ.ਪੀ.ਸੀ.ਬੀ. ਨੂੰ ਭੌਂ, ਪਾਣੀ ਜਾਂ ਹਵਾਈ ਪ੍ਰਦੂਸ਼ਣ ਦਾ ਘੱਟ ਤੋਂ ਘੱਟ ਹੋਣਾ ਯਕੀਨੀ ਬਣਾਉਣ ਲਈ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਆਗਾਮੀ ਪੀੜੀਆਂ ਲਈ ਪੰਜਾਬ ਨੂੰ ਬਚਾਉਣ ਲਈ ਇਹ ਕੰਮ ਸਮੇਂ ਦੀ ਲੋੜ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ।
ਇਕ ਹੋਰ ਮਸਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪੀ.ਪੀ.ਸੀ.ਬੀ. ਨੂੰ ਸੂਬੇ ਭਰ ਵਿੱਚ ਭੱਠਿਆਂ ਉਤੇ ਪ੍ਰਦੂਸ਼ਣ ਮੁਕਤ ਜ਼ਿਗ-ਜ਼ੈਗ ਤਕਨਾਲੋਜੀ ਲਾਗੂ ਕਰਨ ਲਈ ਫੌਰੀ ਵੱਡੇ ਪੱਧਰ ਉਤੇ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਉਨਾਂ ਕਿਹਾ ਕਿ ਭੱਠਾ ਮਾਲਕਾਂ ਨੂੰ ਪ੍ਰਦੂਸ਼ਣ ਨੂੰ ਬਿਲਕੁੱਲ ਖ਼ਤਮ ਕਰਨ ਲਈ ਨਵੀਂ ਤਕਨੀਕ ਅਪਨਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲੇ ਭੱਠਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਉਨਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੀ.ਪੀ.ਸੀ.ਬੀ. ਦੀ ਇਹ ਕਾਰਵਾਈ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਭਿ੍ਰਸ਼ਟਾਚਾਰ ਮੁਕਤ ਹੋਵੇ।
  ਮੁੱਖ ਮੰਤਰੀ ਨੇ ਪੀ.ਪੀ.ਸੀ.ਬੀ. ਅਧਿਕਾਰੀਆਂ ਨੂੰ ਵੱਡੇ ਸਨਅਤਕਾਰਾਂ ਨਾਲ ਤਾਲਮੇਲ ਕਰਨ ਅਤੇ ਉਨਾਂ ਨੂੰ ਆਪਣੀਆਂ ਇਕਾਈਆਂ ਵਿੱਚ ਪ੍ਰਦੂਸ਼ਣ ਖ਼ਤਮ ਕਰਨ ਲਈ ਇਹ ਪ੍ਰਦੂਸ਼ਣ ਮੁਕਤ ਤਕਨਾਲੋਜੀ ਅਪਨਾਉਣ ਲਈ ਪ੍ਰੇਰਨ ਵਾਸਤੇ ਆਖਿਆ। ਉਨਾਂ ਕਿਹਾ ਕਿ ਮੁੱਖ ਉਦੇਸ਼ ਪ੍ਰਦੂਸ਼ਣ ਰੋਕਣ ਦੀ ਇਸ ਮੁਹਿੰਮ ਵਿੱਚ ਸਨਅਤਕਾਰਾਂ ਨੂੰ ਭਾਈਵਾਲ ਬਣਾਉਣ ਉਤੇ ਹੋਣਾ ਚਾਹੀਦਾ ਹੈ। ਭਗਵੰਤ ਮਾਨ ਨੇ ਪੀ.ਪੀ.ਸੀ.ਬੀ. ਨੂੰ ਪ੍ਰਦੂਸ਼ਣ ਖ਼ਿਲਾਫ਼ ਇਸ ਮੁਹਿੰਮ ਵਿੱਚ ਪੂਰੇ ਸਹਿਯੋਗ ਤੇ ਸਮਰਥਨ ਦਾ ਭਰੋਸਾ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਆਦਰਸ਼ ਪਾਲ ਵਿੱਗ ਅਤੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ ਮੌਜੂਦ ਸਨ।

Related posts

ਬਸੰਤ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ : ਡਾ. ਮਹਿਲ ਸਿੰਘ

admin

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ

admin

ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਦੀ ਚੌਣ ਹੋਈ

admin