ਨਾਗਪੁਰ – ਰਾਸ਼ਟਰੀ ਸਵੈਮਸੇਵੀ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਖੇਤੀ ਦੇ ਜੈਵਿਕ ਤੇ ਪੁਰਾਣੇ ਤਰੀਕੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਿਨਾਂ ਜਾਣਕਾਰੀ ਤੇ ਗ਼ੈਰ-ਵਿਗਿਆਨਕ ਤਰੀਕੇ ਨਾਲ ਇਸਨੂੰ ਸਵੀਕਾਰਨਾ ਗਲਤ ਹੈ। ਉਹ ਰਾਸ਼ਟਰੀ ਪਸ਼ੂ ਇਲਾਜ ਵਿਗਿਆਨ ਅਕਾਦਮੀ ਨਵੀਂ ਦਿੱਲੀ ਤੇ ਮਹਾਰਾਸ਼ਟਰ ਪਸ਼ੂ ਤੇ ਮੱਛੀ ਪਾਲਣ ਵਿਗਿਆਨ ਕਾਲਜ ਨਾਗਪੁਰ ਵੱਲੋਂ ਸਾਂਝੇ ਤੌਰ ’ਤੇ ਕਰਾਏ ਸਾਲਾਨਾ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭਾਗਵਤ ਨੇ ਕਿਹਾ ਕਿ ਭਾਰਤੀ ਖੇਤੀ ਤੇ ਪਸ਼ੂ ਪਾਲਣ ਦੇ ਤਰੀਕੇ ਸਭ ਤੋਂ ਪੁਰਾਣੇ ਹਨ। ਆਧੁਨਿਕ ਵਿਗਿਆਨ ਦੇ ਕੁਝ ਮਾਡ਼ੇ ਪ੍ਰਭਾਵ ਵੀ ਹੁੰਦੇ ਹਨ ਪਰ ਸਾਡੀ ਪ੍ਰਾਚੀਨ ਵਿਧੀਆਂ ਦਾ ਅਜਿਹਾ ਕੋਈ ਮਾਡ਼ਾ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਾਨਕ ਗਿਆਨ ਦੀ ਵਰਤੋਂ ਤੇ ਖੋਜ ਦੇ ਲਚੀਲੇਪਣ ’ਤੇ ਧਿਆਨ ਦੇਣਾ ਚਾਹੀਦਾ ਹੈ। ਸਥਾਨਕ ਗਿਆਨ ਨੂੰ ਗੈਰ-ਵਿਗਿਆਨਕ ਕਰਾਰ ਦੇ ਕੇ ਸਿਰੇ ਤੋਂ ਨਕਾਰਨਾ ਗਲਤ ਹੈ। ਸੰਘ ਮੁਖੀ ਨੇ ਕਿਹਾ ਕਿ ਮਸ਼ੀਨਾਂ ਵਾਲੀ ਖੇਤੀ ਲੰਮਾ ਸਮਾਂ ਚੱਲਣ ਵਾਲੀ ਨਹੀਂ। ਅੱਜ ਵੀ 65 ਫੀਸਦੀ ਕਿਸਾਨ ਛੋਟੇ ਜੋਤਾਂ ਦੀ ਖੇਤੀ ਕਰਦੇ ਹਨ। ਅਜਿਹੇ ’ਚ ਮਸ਼ੀਨ ਵਾਲੀ ਖੇਤੀ ਉਨ੍ਹਾਂ ਲਈ ਵੱਧ ਲਾਹੇਵੰਦ ਨਹੀਂ ਹੈ। ਖਾਦਾਂ ਤੇ ਹੋਰਨਾਂ ਸਾਧਨਾਂ ’ਤੇ ਵੱਧ ਖਰਚੇ ਕਰਕੇ ਕਿਸਾਨ ਕਰਜ਼ੇ ’ਚ ਡੁੱਬਦਾ ਜਾ ਰਿਹਾ ਹੈ ਤੇ ਕੁਝ ਕਿਸਾਨ ਖੁਦਕੁਸ਼ੀਆਂ ਵੀ ਕਰ ਲੈਂਦੇ ਹਨ। ਉਨ੍ਹਾਂ ਨੂੰ ਉਂਝ ਹੀ ਖੇਤੀ ਸਿਖਾਉਣੀ ਚਾਹੀਦੀ ਹੈ, ਜਿਵੇਂ ਉਹ ਸਮਝ ਸਕਦੇ ਹਨ।
ਕੇਂਦਰੀ ਮੰਤਰੀ ਰੂਪਾਲਾ ਨੇ ਸਹਿਕਾਰੀ ਖੇਤਰ ਜ਼ਰੀਏ ਆਤਮਨਿਰਭਰ ਬਣਨ ਦੇ ਨਾਲ ਹੀ ਮਿੱਟੀ ਬਚਾਉਣ ਦੇ ਤਰੀਕਿਆਂ ’ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਦੇਸੀ ਗਾਂ ਦੇ ਗੋਹੇ ਨਾਲ ਮਿੱਟੀ ਬਚਾਉਣ ਦੀ ਆਪਣੀ ਪੁਰਾਣੀ ਤਕਨੀਕ ’ਤੇ ਵਾਪਸ ਆਉਣਾ ਚਾਹੀਦਾ ਹੈ। ਇਹ ਸਾਡੀ ਅਰਥਵਿਵਸਥਾ ਤੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਦੌਰਾਨ ਭਾਗਵਤ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਪੁਰੂਸ਼ੋਤਮਨ ਰੂਪਾਲਾ ਤੇ ਸੂਬੇ ਦੇ ਮੰਤਰੀ ਸੁਨੀਲ ਕੇਦਾਰ ਨੂੰ ਆਨਰੇਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।
ਸੰਘ ਮੁਖੀ ਨੇ ਕਿਹਾ ਕਿ ਲਗਾਤਾਰ ਵਿਕਾਸ ਲਈ ਜਨਤਕ ਹਿੱਸੇਦਾਰੀ ਦੀ ਲੋਡ਼ ਹੈ ਕਿਉਂਕਿ ਸਰਕਾਰ ਸਾਰੇ ਵਿਭਾਗਾਂ ਨੂੰ ਪੈਸੇ ਮੁਹੱਈਆ ਨਹੀਂ ਕਰਾ ਸਕਦੀ। ਉਨ੍ਹਾਂ ਪਸ਼ੂਪਾਲਣ ਸਬੰਧੀ ਵਧੇਰੇ ਜਾਣਕਾਰੀ ਅੰਗਰੇਜ਼ੀ ’ਚ ਹੋਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਤਕਨੀਕੀ ਵਿਸ਼ਿਆਂ ’ਚ ਸਥਾਨਕ ਭਾਸ਼ਾ ਦੀ ਵਰਤੋਂ ’ਤੇ ਜ਼ੋਰ ਦਿੱਤਾ ਗਿਆ ਹੈ। ਸਾਨੂੰ ਇਸ ਗਿਆਨ ਨੂੰ ਸਥਾਨਕ ਭਾਸ਼ਾਵਾਂ ’ਚ ਫੈਲਾਉਣ ਦੀ ਲੋਡ਼ ਹੈ।
