ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਪਰਾਲੀ ਸੰਭਾਲਣ ’ਤੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਕਿਉਂ ਭੱਜ ਰਹੇ ਹਨ, ਜਦੋਂ ਇਸਦਾ ਵਾਅਦਾ ਉਨ੍ਹਾਂ ਆਪ ਕੀਤਾ ਸੀ ਤੇ ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਆਮ ਆਦਮੀ ਸਰਕਾਰ ਕਿਸਾਨਾਂ ਦੇ ਮਾਲ ਖਾਤਿਆਂ ਵਿਚ ਰੈਡ ਐਂਟਰੀ ਵਰਗੀਆਂ ਬਹੁਤ ਖਤਰਨਾਕ ਕਾਰਵਾਈਆਂ ਕਿਉਂ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਇਹ ਤਜਵੀਜ਼ ਦਿੱਤੀ ਸੀ ਕਿ ਜੇਕਰ ਕਿਸਾਨ ਪਰਾਲੀ ਨਾ ਸਾੜਨਗੇ ਤਾਂ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਮੁੱਖ ਮੰਤਰੀ ਨੇ ਹੀ ਦਿੱਤੀ ਸੀ ਕਿ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਤੇ ਪੰਜਾਬ ਦੇ ਨਾਲ
ਕੇਂਦਰ ਸਰਕਾਰਾਂ ਮਿਲ ਕੇ ਯੋਗਦਾਨ ਪਾਉਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਤੇ ਦਿੱਲੀ ਸਰਕਾਰਾਂ ਜੋ ਆਮ ਆਦਮੀ ਪਾਰਟੀ ਦੀਆਂ ਹਨ, ਇਕ ਰੁਪਿਆ ਵੀ ਯੋਗਦਾਨ ਦੇਣ ਤੋਂ ਕਿਉਂ ਭੱਜ ਰਹੀਆਂ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਸਿਰਫ ਪਬਲੀਸਿਟੀ ਵਾਸਤੇ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੂੰਗੀ ਦੀ ਫਸਲ ਬੀਜਣ ਜੋ ਕਿਸਾਨ ਐੱਮਐੱਸਪੀ ਅਨੁਸਾਰ ਖ਼ਰੀਦੇਗੀ ਪਰ ਸਰਕਾਰ ਨੇ ਕੁੱਲ ਫਸਲ ਦਾ ਸਿਰਫ 10 ਫੀਸਦੀ ਹੀ ਐੱਮਐੱਸਪੀ ਅਨੁਸਾਰ ਖ਼ਰੀਦਿਆ ਉਨ੍ਹਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਰਾਜ ਸਰਕਾਰ 2500 ਰੁਪਏ ਪ੍ਰਤੀ ਏਕੜਾ ਮੁਆਵਜ਼ਾ ਦੇਵੇਗੀ ਪਰ ਸਰਕਾਰ ਸਮਾਂ ਆਉਣ ’ਤੇ ਇਹ ਵਾਅਦਾ ਪੂਰਾ ਕਰਨ ਤੋਂ ਵੀ ਮੁਕਰ ਗਈ।
ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਜ਼ਿਲ੍ਹਾ ਕਮਿਸ਼ਨਰਾਂ ਨੂੰ ਉਨ੍ਹਾਂ ਕਿਸਾਨਾਂ ਦੇ ਮਾਲ ਖਾਤਿਆਂ ਵਿਚ ਰੈਡ ਐਂਟਰੀ ਕਰਨ ਵਾਸਤੇ ਆਖ ਰਹੀ ਹੈ ਜੋ ਪਰਾਲੀ ਸਾੜਦੇ ਹਨ। ਉਨ੍ਹਾਂ ਕਿਹਾਕਿ ਕਿਸਾਨ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦੇਣ ਕਾਰਨ ਗੰਭੀਰ ਸੰਕਟ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਛੋਟੇ ਕਿਸਾਨ ਜੋ ਸਭ ਤੋਂ ਵੱਧ ਪ੍ਰਭਾਵਤ ਹਨ, ਨੂੰ ਰੈਡ ਐਂਟਰੀ ਨਾਲ ਕਰਜ਼ੇ ਲੈਣ ਜਾਂ ਜ਼ਮੀਨ ਗਹਿਣੇ ਰੱਖਣ ਤੋਂ ਅਸਮਰਥ ਬਣਾਇਆ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਉਨ੍ਹਾਂ ਦੀ ਸਸਤੇ ਭਾਅ ਪਰਾਲੀ ਸੰਭਾਲਣ ਮਸ਼ੀਨਰੀ ਲੈਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਅਜਿਹੀਆਂ ਮਸ਼ੀਨਾਂ ਨੂੰ ਚਲਾਉਣ ਵਾਸਤੇ ਭਾਰੀ ਟਰੈਕਟਰਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਤੇ ਅੰਸ਼ਕ ਕਿਸਾਨ ਇਹ ਮਸ਼ੀਨਾਂ ਨਾ ਤਾਂ ਆਪ ਖਰੀਦ ਸਕਦੇ ਹਨ ਤੇ ਨਾ ਹੀ ਆਪ ਚਲਾ ਸਕਦਾ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਇਹ ਮਸ਼ੀਨਾਂ ਖਰੀਦੀਆਂ ਸਨ, ਉਹ ਸਰਕਾਰ ਵੱਲੋਂ ਮਸ਼ੀਨਾਂ ਦੀ ਲਾਗਤ ’ਤੇ ਸਬਸਿਡੀ ਨਾ ਦੇਣ ਕਾਰਨ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਗਏ ਸਨ।
ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇਾ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਨੂੰ ਰਾਹਤ ਦੇਣ ਜਾਂ ਫਿਰ ਰਾਜ ਸਰਕਾਰ ਪਰਾਲੀ ਪ੍ਰਬੰਧਨ ਦੀ ਜ਼ਿੰਮੇਵਾਰੀ ਆਪਣੀ ਸਿਰ ਲਵੇ। ਉਨ੍ਹਾਂ ਕਿ ਕਿਸਾਨ ਜੋ ਪਹਿਲਾਂ ਹੀ ਵਿੱਤੀ ਸੰਕਟ ਵਿਚ ਹਨ ਤੋਂ ਪਰਾਲੀ ਸੰਭਾਲਣ ’ਤੇ ਹੋਰ ਪੈਸੇ ਖਰਚਣ ਦੀ ਆਸ ਰੱਖਣਾ ਹੀ ਗਲਤ ਹੋਵੇਗਾ।
