ਕਾਬੁਲ – ਜਿਵੇਂ ਹੀ ਅਫ਼ਗ਼ਾਨ ਸ਼ਰਣਾਰਥੀਆਂ ਨੂੰ ਪਾਕਿਸਤਾਨ ਭੇਜਣ ਦੀ ਅੰਤਿਮ ਤਾਰੀਖ ਨੇੜੇ ਆ ਰਹੀ ਹੈ, ਅੱਠ ਹਜ਼ਾਰ ਤੋਂ ਵੱਧ ਅਫ਼ਗ਼ਾਨ ਪ੍ਰਵਾਸੀਆਂ ਨੂੰ ਪਾਕਿਸਤਾਨ ਤੋਂ ਜ਼ਬਰਦਸਤੀ ਵਾਪਿਸ ਭੇਜ ਦਿੱਤਾ ਗਿਆ ਹੈ। ਖਾਮਾ ਪ੍ਰੈੱਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਤਾਲਿਬਾਨ ਦੀ ਅਗਵਾਈ ਵਾਲੇ ਅਫ਼ਗ਼ਾਨਿਸਤਾਨ ਦੇ ਸ਼ਰਣਾਰਥੀ ਅਤੇ ਵਾਪਸੀ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ ਲਗਭਗ 7, 910 ਅਫ਼ਗ਼ਾਨ ਪ੍ਰਵਾਸੀ ਸਪਿਨ ਬੋਲਦਾਕ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਪਣੇ ਦੇਸ਼ ਪਰਤ ਆਏ ਹਨ।
ਕੰਧਾਰ ਪ੍ਰਾਂਤ ’ਚ ਸਥਿਤ ਸਪਿਨ ਬੋਲਦਾਕ ’ਚ ਤਾਲਿਬਾਨ ਦੁਆਰਾ ਨਿਯੁਕਤ ਸਰਹੱਦੀ ਅਧਿਕਾਰੀ ਅਨੁਸਾਰ ਕੁੱਲ 1, 330 ਪਰਿਵਾਰਾਂ ਨੂੰ ਰਿਹਾਅ ਕੀਤਾ ਗਿਆ ਹੈ ਜਿਨ੍ਹਾਂ ’ਚ 7, 800 ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ’ਚ 110 ਨਜ਼ਰਬੰਦ ਹਨ ਜੋ ਪਹਿਲਾਂ ਪਾਕਿਸਤਾਨੀ ਜੇਲ੍ਹਾਂ ’ਚ ਬੰਦ ਸਨ। ਇਸ ਤੋਂ ਇਲਾਵਾ ਤਾਲਿਬਾਨ ਦੀ ਅਗਵਾਈ ਵਾਲੇ ਮੰਤਰਾਲੇ ਨੇ ਕਿਹਾ ਕਿ ਇਹ ਨਜ਼ਰਬੰਦ, ਜਿਨ੍ਹਾਂ ਨੂੰ ਪਾਕਿਸਤਾਨ ਦੁਆਰਾ ਉਨ੍ਹਾਂ ਦੀ ਇੱਛਾ ਵਿਰੁੱਧ ਅਫ਼ਗ਼ਾਨਿਸਤਾਨ ਵਾਪਿਸ ਭੇਜਿਆ ਗਿਆ ਸੀ, ਹੁਣ ਅਧਿਕਾਰਿਕ ਤੌਰ ’ਤੇ ਪ੍ਰਵਾਸੀ ਮੰਤਰਾਲੇ ਕੋਲ ਰੈਜਿਸਟਰਡ ਹਨ। ਉਹ ਲੋੜੀਂਦਾ ਸਮਰਥਨ ਪ੍ਰਾਪਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਸ਼ਰਣਾਰਥੀ ਹਾਈ ਕਮਿਸ਼ਨਰ ਅਤੇ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨਾਲ ਵੀ ਜੁੜੇ ਹੋਏ ਹਨ।ਹਾਲ ਹੀ ’ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਕਿਹਾ ਕਿ ਸਰਕਾਰ ਦੀ ਸਮਾਂ ਸੀਮਾ ਵਧਾਉਣ ਦੀ ਕੋਈ ਯੋਜਨਾ ਨਹੀਂ ਸੀ।
ਖਾਮਾ ਪ੍ਰੈੱਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਦਾ ਸੰਦੇਸ਼ ਹੈ, “ਅਸੀਂ ਗ਼ੈਰ-ਕਾਨੂੰਨੀ ਵਸਨੀਕਾਂ ਨੂੰ ਕੱਢਣ ਦੀ ਗੱਲ ਕੀਤੀ ਸੀ, ਪਰ ਸੰਦੇਸ਼ ਇਸ ਤਰ੍ਹਾਂ ਦਿੱਤਾ ਗਿਆ ਸੀ ਜਿਵੇਂ ਅਸੀਂ ਸਿਰਫ਼ ਅਫ਼ਗ਼ਾਨੀਆਂ ਨੂੰ ਕੱਢ ਰਹੇ ਹਾਂ। ਇਹ ਸਿਰਫ਼ ਅਫ਼ਗ਼ਾਨਾਂ ਲਈ ਨਹੀਂ ਸੀ, ਇਹ ਸਾਰੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਸੀ। ਪਾਕਿਸਤਾਨ ਆਧਾਰਿਤ ਦਾ ਐੱਕਸਪ੍ਰੈੱਸ ਟਿ੍ਰਬਿਊਨ ਦੀ ਰਿਪੋਰਟ ਅਨੁਸਾਰ ਦੇਸ਼ ’ਚ ਰਹਿ ਰਹੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਬਾਰੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਦਬਾਅ ਦਾ ਸਾਹਮਣਾ ਕਰਨ ਦੇ ਬਾਵਜੂਦ ਪਾਕਿਸਤਾਨ ਦਿ੍ਰੜ ਹੈ ਅਤੇ ਆਪਣਾ ਰੁਖ਼ ਬਦਲਣ ਲਈ ਤਿਆਰ ਨਹੀਂ। ਪਾਕਿਸਤਾਨ ਨੇ ਅੰਦਾਜ਼ਨ 1.7 ਮਿਲੀਅਨ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ, ਮੁੱਖ ਤੌਰ ’ਤੇ ਅਫ਼ਗ਼ਾਨ ਜੋ ਉੱਥੇ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ। ਉਨ੍ਹਾਂ ਕੋਲ ਜਲਦੀ ਹੀ ਦੇਸ਼ ਛੱਡਣ ਜਾਂ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਹੈ।
