ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਹਿਲਾਂ ਝੂਠੇ ਪਰਚੇ ਦਰਜ ਕਰ ਕੇ ਅਕਾਲੀ ਆਗੂਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਅਕਾਲੀ ਦਲ ਦੇ ਸੋਸ਼ਲ ਮੀਡੀਆ ਮੁਖੀਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾਵੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਸ੍ਰੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਦੀਆਂ ਇਹ ਦਬਾਅ ਬਣਾਉਣ ਵਾਲੀਆਂ ਤਰਕੀਬਾਂ ਨਾਲ ਨਾ ਤਾਂ ਅਕਾਲੀ ਦਲ ਤੇ ਨਾ ਹੀ ਇਸਦੇ ਵਰਕਰ ਡਰਨਗੇ। ਅਕਾਲੀ ਦਲ ਦਾ ਜ਼ੁਲਮ ਤੇ ਜ਼ਬਰ ਖਿਲਾਫ ਲੜਨ ਦਾ ਇਕ ਸ਼ਾਨਾਮੱਤਾ ਤੇ ਲੰਬਾ ਇਤਿਹਾਸਕ ਰਿਹਾ ਹੈ। ਜ਼ਿੰਨਾ ਸਾਨੂੰ ਦਬਾਓਗੇ, ਅਸੀਂ ਉਹਨਾਂ ਹੀ ਮਜ਼ਬੂਤ ਹੋ ਕੇ ਨਿਤਰਾਂਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਈਬਰ ਕ੍ਰਾਈਮ ਸੈਲ ਨੂੰ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਜਦੋਂ ਕਿ ਸਰਦਾਰ ਰੋਮਾਣਾ ਨੂੰ ਅਦਾਲਤ ਤੋਂ ਇਹ ਕਹਿੰਦਿਆਂ ਰਾਹਤ ਮਿਲ ਗਈ ਕਿ ਇਹ ਕੇਸ ਸਿਆਸੀ ਬਦਲਾਖੋਰੀ ਦਾ ਲੱਗਦਾ ਹੈ।
ਉਹਨਾਂ ਕਿਹਾ ਕਿ ਇਸ ਮਗਰੋਂ ਮਜੀਠਾ ਹਲਕੇ ਦੇ ਵਿਧਾਇਕ ਸਰਦਾਰਨੀ ਗਨੀਵ ਕੌਰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਜਿਸ ’ਤੇ ਵੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਉਸ ਕੇਸ ਵਿਚ ਸੰਮਨ ਜਾਰੀ ਕਰ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿਚ ਪੰਜਾਬ ਪੁਲਿਸ ਪਿਛਲੇ ਦੋ ਸਾਲਾਂ ਤੋਂ ਚਲਾਨ ਹੀ ਨਹੀਂ ਪੇਸ਼ ਕਰ ਸਕੀ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਅਕਾਲੀ ਦਲ ਨੂੰ ਨਹੀਂ ਡਰਾ ਸਕਦੀਆਂ ਤੇ ਅਕਾਲੀ ਦਲ ਮੁੱਖ ਮੰਤਰੀ ਨੇ ਹਰ ਮੰਚ ’ਤੇ ਵਾਰ-ਵਾਰ ਬੇਨਕਾਬ ਕਰੇਗਾ।
ਆਮ ਆਦਮੀ ਪਾਰਟੀ ਸਰਕਾਰ ਦੇ ਦਬਾਅ ਬਣਾਉਣ ਦੇ ਤਾਜ਼ਾ ਤਰੀਕਿਆਂ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹੁਣ ਪੰਜਾਬ ਦੇ ਸੀ ਆਈ ਡੀ ਮੁਖੀ ਨੂੰ ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਅਕਾਲੀ ਦਲ ਦੀ ਸੋਸ਼ਲ ਮੀਡੀਆ ’ਤੇ ਆਵਾਜ਼ ਬੰਦ ਕਰਵਾਈ ਜਾਵੇ ਕਿਉਂਕਿ ਉਹ ਰੋਜ਼ ਉਹਨਾਂ ਨੂੰ ਬੇਨਕਾਬ ਕਰਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀਗਈ ਹੈ ਕਿ ਅਕਾਲੀ ਦਲ ਦੇ ਸੋਸ਼ਲ ਮੀਡੀਆ ਮੁਖੀਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜਿੰਨੇ ਵੱਧ ਕੇਸ ਸਾਡੇ ਖਿਲਾਫ ਦਰਜ ਕਰੋਗੇ, ਅਸੀਂ ਤੁਹਾਨੂੰ ਉਨਾ ਹੀ ਬੇਨਕਾਬ ਕਰਾਂਗੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਹ ਸਾਰਾ ਮਾਮਲਾ ਆਪਣੇ ਨਿੱਜੀ ਅਕਾਊਂਟ ’ਤੇ ਸਾਂਝਾ ਕਰਨਗੇ ਤੇ ਜੇਕਰ ਉਹਨਾਂ ਵਿਚ ਜੁਰੱਅਤ ਹੈ ਤਾਂ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਵਿਖਾਉਣ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਆਪ ਵਿਧਾਇਕਾਂ ਨੇ ਸੂਬੇ ਵਿਚ ਹਿੰਸਾ ਤੇ ਧਮਕੀਆਂ ਦੇ ਦੌਰ ਦਾ ਹੜ੍ਹ ਲਿਆਂਦਾ ਪਿਆ ਹੈ ਤੇ ਉਹ ਕੇਬਲ ਕਾਰੋਬਾਰ ਦੇ ਨਾਲ-ਨਾਲ ਰੇਤ ਮਾਇਨਿੰਗ ’ਤੇ ਕਬਜ਼ਾ ਕਰਨ ਵਾਸਤੇ ਪੱਬਾਂ ਭਾਰਤ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਪਟਿਆਲਾ ਵਿਚ ਆਪ ਇਹਨਾਂ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਹੈ ਕਿ ਗੈਂਗਸਟਰ ਪੰਜਾਬ ਨੂੰ ਚਲਾ ਰਹੇ ਹਨ ਤੇ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਵਸੂਲਣ ਦਾ ਧੰਦਾ ਚਲਾ ਰਹੇ ਹਨ।
ਉਹਨਾਂ ਕਿਹਾ ਕਿ ਸੂਬਾ ਪੁਲਿਸ ਨੇ ਗੈਂਗਸਟਰਾਂ ਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਥਾਂ ’ਤੇ ਮੁੱਖ ਮੰਤਰੀ ਤੇ ਉਹਨਾਂ ਦੀ ਪਤਨੀ, ਭੈਣ ਤੇ ਮਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਰੱਖੀ ਹੈ।
