ਨਵੀਂ ਦਿੱਲੀ – ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਦੇਸ਼ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ। ਹਾਲਾਂਕਿ ਜੇ ਸਾਡੇ ਦੇਸ਼ ਦੀਆਂ ਸਰਹੱਦਾਂ ਵੱਧ ਸੁਰੱਖਿਅਤ ਤੇ ਪ੍ਰਤੀਕੂਲ ਕਬਜ਼ੇ ਵਾਲੀਆਂ ਨਾ ਹੁੰਦੀਆਂ ਤਾਂ ਭਾਰਤ ਨੇ ਵੱਧ ਰਫ਼ਤਾਰ ਨਾਲ ਤਰੱਕੀ ਕੀਤੀ ਹੁੰਦੀ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਜੋ ਕਬਜ਼ਾ ਹੈ, ਉਹੀ ਆਪਣਾ ਹੈ, ਬਾਕੀ ਤਾਂ ਸਭ ਅਦਾਲਤ ਤੇ ਕਚਹਿਰੀ ਦਾ ਕੰਮ ਹੈ। ਉਸ ਨਾਲ ਫਰਕ ਨਹੀਂ ਪੈਂਦਾ। 21ਵੇਂ ਨਿਵੇਸ਼ ਸਮਾਰੋਹ ’ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਰਵਾਏ ਗਏ ਰੁਸਤਮਜੀ ਮੈਮੋਰੀਅਲ ਲੈਕਚਰ ’ਚ ਸ਼ੁੱਕਰਵਾਰ ਨੂੰ ਐੱਨ.ਐੱਸ.ਏ. ਡੋਭਾਲ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਰੱਕੀ ਵੱਧ ਰਫਤਾਰ ਫੜਦੀ ਜੇ ਦੇਸ਼ ਦੀਆਂ ਸਰਹੱਦਾਂ ਵੱਧ ਸੁਰੱਖਿਅਤ ਹੁੰਦੀਆਂ। ਨੇੜਲੇ ਭਵਿੱਖ ’ਚ ਸਾਨੂੰ ਨਹੀਂ ਲੱਗਦਾ ਕਿ ਸਾਡੀਆਂ ਸਰਹੱਦਾਂ ਇੰਨੀਆਂ ਸੁਰੱਖਿਅਤ ਹੋ ਜਾਣਗੀਆਂ ਕਿ ਅਸੀਂ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਸਕੀਏ। ਇਸ ਲਈ ਸਰਹੱਦਾਂ ’ਤੇ ਤਾਇਨਾਤ ਫੌਜੀ ਬਲਾਂ ਦੇ ਮੋਢਿਆਂ ’ਤੇ ਵਾਧੂ ਭਾਰ ਆ ਗਿਆ ਹੈ।
ਸਥਾਨਕ ਆਬਾਦੀ ਵਿਰੋਧੀ ਹੈ ਤਾਂ ਸਰਹੱਦ ’ਤੇ ਕਾਬੂ ਨਹੀਂ ਸੰਭਵ : ਦੋਭਾਲ ਨੇ ਸੀਮਾ ਸੁਰੱਖਿਆ ਫੋਰਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦਾ ਕੰਮ ਬਾਖੂਬੀ ਕਰ ਰਹੀ ਹੈ।
ਨਾਲ ਹੀ ਸਮੇਂ ਸਮੇਂ ’ਤੇ ਅੰਦਰੂਨੀ ਸੁਰੱਖਿਆ ’ਤੇ ਵੀ ਖਾਸ ਧਿਆਨ ਦੇ ਰਹੀ ਹੈ। ਉਨ੍ਹਾਂ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ, ਚਾਣੱਕਿਆ ਦਾ ਮੰਤਰ ਹੈ ਕਿ ਜੇ ਸਥਾਨਕ ਆਬਾਦੀ ਤੁਹਾਡੇ ਵਿਰੁੱਧ ਹੈ ਤਾਂ ਤੁਸੀਂ ਸਰਹੱਦ ’ਤੇ ਕਾਬੂ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਸੁਰੱਖਿਆ ਦਾ ਪ੍ਰਬੰਧ ਸਥਾਨਕ ਲੋਕਾਂ ਦਾ ਦਿਲ ਜਿੱਤ ਕੇ ਹੀ ਹੋ ਸਕਦਾ ਹੈ। ਸਥਾਨਕ ਲੋਕਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਵਰਦੀਧਾਰੀ ਉਨ੍ਹਾਂ ਨੂੰ ਕੰਟਰੋਲ ਕਰ ਰਹੇ ਹਨ। ਉਨ੍ਹਾਂ ਇਜ਼ਰਾਈਲ ਦੇ ਆਪਣੀ ਸਰਹੱਦ ਦੀ ਸੁਰੱਖਿਆ ਕਰਨ ਦੀ ਅੰਦਾਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਜ਼ਰਾਈਲ ’ਤੇ ਈਰਾਨ ਨੇ 1500 ਮਿਜ਼ਾਈਲਾਂ ਛੱਡੀਆਂ ਸਨ, ਜਿਨ੍ਹਾਂ ’ਚੋਂ 99 ਫ਼ੀਸਦੀ ਨੂੰ ਰੋਕ ਦਿੱਤਾ ਗਿਆ ਸੀ। ਇਹ ਰੱਖਿਆ ਖੇਤਰ ’ਚ ਉਨ੍ਹਾਂ ਦੀ ਤਕਨੀਕ ਦਾ ਕਮਾਲ ਹੈ।
previous post
