ਢਾਕਾ – ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਜੀਬ ਵਾਜੇਦ ਜੋਏ ਨੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਬੰਗਲਾਦੇਸ਼ ਵਿਚ ਤਣਾਅ ਅਤੇ ਹਿੰਸਾ ਲਈ ਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਸਾ ਅਤੇ ਸਿਆਸੀ ਉਥਲ -ਪੁਥਲ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਹੈ। ਪੀਟੀਆਈ ਨਾਲ ਗੱਲ ਕਰਦਿਆਂ ਵਾਜੇਦ ਨੇ ਕਿਹਾ, ਸਾਡੇ ਕੋਲ ਬਹੁਤ ਸਾਰੇ ਸਬੂਤ ਹਨ। ਸਾਨੂੰ ਸ਼ੱਕ ਹੈ ਕਿ ਇਸ ਪੂਰੀ ਘਟਨਾ ਵਿੱਚ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਸੀ।ਉਨ੍ਹਾਂ ਕਿਹਾ ਕਿ ਹਮਲੇ ਅਤੇ ਅੰਦੋਲਨ ਦੋਵਾਂ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵੀ ਖ਼ੂਬ ਚਿਗਾਰੀ ਭੜਕਾਈ ਗਈ। ਵਾਜੇਦ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਉਹ ਸਥਿਤੀ ਨੂੰ ਬਦਤਰ ਕਰਦੇ ਚਲੇ ਗਏ। ਸਾਜੀਬ ਵਾਜੇਦ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਥਿਆਰਾਂ ਨਾਲ ਪ੍ਰਦਰਸ਼ਨਕਾਰੀ ਪੁਲਿਸ ‘ਤੇ ਹਮਲਾ ਕਰ ਰਹੇ ਸਨ, ਉਹ ਵਿਦੇਸ਼ੀ ਤਾਕਤਾਂ ਜਾਂ ਅੱਤਵਾਦੀ ਸੰਗਠਨ ਹੀ ਮੁਹੱਈਆ ਕਰਵਾ ਸਕਦੇ ਸਨ।ਜੋਏ ਨੇ ਆਪਣੀ ਮਾਂ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਬੰਗਲਾਦੇਸ਼ ਵਿੱਚ ਜਮਹੂਰੀਅਤ ਬਹਾਲ ਕਰਨ ਦੀ ਵਕਾਲਤ ਕਰਨੀ ਚਾਹੀਦੀ ਹੈ।ਉਨ੍ਹਾਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਕਿਹਾ ਕਿ ਬੰਗਲਾਦੇਸ਼ ਅਫਗਾਨਿਸਤਾਨ ਬਣਨ ਦੇ ਰਾਹ ‘ਤੇ ਹੈ।
