International

ਟਰੂਡੋ ਸਰਕਾਰ ਨੇ ਹਰ ਸਾਲ ਪੱਕੇ ਕੀਤੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ’ਤੇ ਮੁੜ ਚਲਾਈ ਕੈਂਚੀ

ਵੈਨਕੂਵਰ – ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਅਵਾਸ ਨੀਤੀਆਂ ਵਿੱਚ ਇੱਕ ਹੋਰ ਫੇਰਬਦਲ ਕਰਕੇ ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਵਿਦੇਸ਼ੀ ਪਰਵਾਸੀ ਲੋਕਾਂ ਦੀ ਨਿਰਾਸ਼ਾ ਵਿੱਚ ਵਾਧਾ ਕੀਤਾ ਹੈ। ਪਿਛਲੇ 6 ਮਹੀਨਿਆਂ ਵਿੱਚ ਸਰਕਾਰ ਵਲੋਂ ਇਥੇ ਰਹਿੰਦੇ ਵਿਦੇਸ਼ੀਆਂ ਦੇ ਵੱਖ ਵੱਖ ਵਰਗਾਂ ਦੀ ਗਿਣਤੀ ਉੱਤੇ ਪੰਜਵੀਂ ਵਾਰ ਕੈਂਚੀ ਚਲਾਈ ਗਈ ਹੈ।
ਇਸਤੋਂ ਪਹਿਲਾਂ ਸਟੱਡੀ ਵੀਜ਼ਿਆਂ ਦੀ ਗਿਣਤੀ ਤਿੰਨ ਵਾਰ ਘਟਾਈ ਜਾ ਚੁੱਕੀ ਹੈ ਅਤੇ ਉਸਤੋਂ ਬਾਅਦ ਪਿਛਲੇ ਮਹੀਨੇ ਵਰਕ ਪਰਮਿਟ ਧਾਰਕਾਂ ਦੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ, ਹੁਣ ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ ਹੈ। ਆਪਣੇ ‘ਐਕਸ’ ਹੈਂਡਲ ’ਤੇ ਪਾਈ ਪੋਸਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਖਿਆ ਕਿ ਸਰਕਾਰ ਵਿਦੇਸ਼ੀ ਕਾਮਿਆਂ ’ਤੇ ਆਪਣੀ ਨਿਰਭਰਤਾ ਹੋਰ ਘਟਾ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਹੁਣ ਰੁਜ਼ਗਾਰ ਦਾਤਾ ਕੰਪਨੀਆਂ ਲਈ ਕੈਨੇਡੀਅਨ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਵਾਲੇ ਨਿਯਮ ਵਧੇਰੇ ਸਖ਼ਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਵਿਗੜੇ ਅਬਾਦੀ ਸੰਤੁਲਨ ਨੂੰ ਠੀਕ ਕਰਨ ਲਈ ਇਸ ਸਾਲ ਸਿਰਫ਼ ਪੰਜ ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ, ਜਦ ਕਿ 2025 ’ਚ ਇਹ ਗਿਣਤੀ 3 ਲੱਖ 95 ਹਜ਼ਾਰ ਹੋਵੇਗੀ। ਅਗਲੇ ਦੋ ਸਾਲਾਂ ਵਿੱਚ ਹਰ ਸਾਲ 15 -15 ਹਜ਼ਾਰ ਹੋਰ ਕਟੌਤੀਆਂ ਹੋਣਗੀਆਂ। ਭਾਵ 2027 ’ਚ ਗਿਣਤੀ ਘਟ ਕੇ 3 ਲੱਖ 65 ਹਜ਼ਾਰ ਰਹਿ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਹੋਰ ਸਮੱਸਿਆਵਾਂ ਨਾਲ ਜੂਝਦਿਆਂ ਅਬਾਦੀ ਸੰਤੁਲਨ ਨੂੰ ਕਾਇਮ ਨਹੀਂ ਰੱਖਿਆ ਜਾ ਸਕਿਆ, ਜਿਸਦੇ ਮਾਰੂ ਨਤੀਜੇ ਹੁਣ ਉਨ੍ਹਾਂ ਦੀ ਸਰਕਾਰ ਅਤੇ ਦੇਸ਼ ਦੇ ਲੋਕਾਂ ਦੀਆਂ ਔਕੜਾਂ ਵਿੱਚ ਵਾਧਾ ਕਰ ਰਹੇ ਹਨ। ਇਸ ਮੌਕੇ ਅਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਕਿ ਵਿਦੇਸ਼ਾਂ ’ਚੋਂ ਕਾਮੇ ਸੱਦਣ ਦੀ ਥਾਂ ਹੁਣ ਇੱਥੇ ਵੱਸਦੇ ਅਸਥਾਈ ਲੋਕਾਂ ਨੂੰ ਪੱਕੇ ਕਰਨ ਵਿੱਚ ਪਹਿਲ ਦਿੱਤੀ ਜਾਏਗੀ, ਜੋ ਕਿ ਘਰਾਂ ਦੀ ਘਾਟ ਪੂਰੀ ਕਰਨ ਅਤੇ ਸਭ ਲਈ ਰੁਜ਼ਗਾਰ ਦੇ ਮੌਕੇ ਬਣਾਉਣ ਲਈ ਜ਼ਰੂਰੀ ਹੈ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

admin

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

admin

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ

admin