ਜਲੰਧਰ /ਗੁਰਾਇਆ, (ਪਰਮਿੰਦਰ ਸਿੰਘ) – ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਜਲੰਧਰ ਵਲੋਂ ਸਿਮਰਨਜੀਤ ਕੌਰ ਪਾਸਲਾ ਅਤੇ ਚਰਨਜੀਤ ਕੌਰ ਸਰਹਾਲੀ ਮੁੰਡੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮੇਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦਿਨ ਔਰਤਾਂ ਦੇ ਸੰਘਰਸ਼ ਅਤੇ ਜਿੱਤਾਂ ਦੇ ਪ੍ਰਤੀਕ ਵਜੋਂ ਔਰਤ ਜਾਤੀ ਨੂੰ ਸਮਰਪਿਤ ਕੀਤਾ ਗਿਆ ਹੈ। 19 ਮਾਰਚ 1908 ਨੂੰ ਜਰਮਨੀ,ਹਾਲੈਂਡ, ਡੈਨਮਾਰਕ ਅਤੇ ਹੋਰ ਦੇਸ਼ਾਂ ਵਿੱਚ ਲੱਖਾਂ ਹੀ ਔਰਤਾਂ ਨੇ ਰੈਲੀਆਂ ਅਤੇ ਹੋਰ ਮੁਹਿੰਮਾਂ ਰਾਹੀਂ ਪਬਲਿਕ ਦਫ਼ਤਰਾਂ ਵਿੱਚ ਅਤੇ ਹੋਰ ਕੰਮਕਾਜੀ ਥਾਵਾਂ ਤੇ ਹੁੰਦੇ ਵਿਤਕਰਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। 1910 ਵਿੱਚ ਸਤਾਰਾਂ ਦੇਸ਼ਾਂ ਦੀਆਂ ਔਰਤਾਂ ਨੇ ਜਰਮਨ ਦੀ ਕਲਾਰਾ ਜੈਕਟਨ ਦੀ ਅਗਵਾਈ ਵਿੱਚ ਕਾਨਫਰੰਸ ਕਰਕੇ 08 ਮਾਰਚ 1911 ਤੋਂ ਇਹ ਦਿਨ ਮਨਾਉਣ ਦਾ ਫ਼ੈਸਲਾ ਕੀਤਾ ਅਤੇ ਔਰਤਾਂ ਦੇ ਕੰਮ ਦੇ ਘੰਟੇ ਘਟਾਉਣ, ਤਨਖਾਹ ਵਧਾਉਣ, ਬਿਹਤਰ ਕੰਮ ਸਹੂਲਤਾਂ ਦੀਆਂ ਮੰਗਾਂ ਨੂੰ ਲੈ ਕੇ ਘੋਲ਼ ਆਰੰਭਿਆ ਅਤੇ ਉਦੋਂ ਤੋਂ ਹਰ ਸਾਲ 08 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਸਮੇਂ ਮਿੱਡ-ਡੇ-ਮੀਲ ਵਰਕਰਜ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਸੁਖਵਿੰਦਰ ਰਾਮ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ-ਡੇ-ਮੀਲ ਵਰਕਰਾਂ ਨੂੰ ਘੱਟੋਂ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000/-ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਸਮੂਹ ਮਿੱਡ -ਡੇ- ਮੀਲ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ,ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ, ਸਰਵਿਸ ਬੁੱਕਾਂ ਲਗਾਈਆਂ ਜਾਣ,ਹਰ ਮਹੀਨੇ ਦੀ ਪੰਜ ਤਰੀਕੇ ਤੱਕ ਮਾਣ ਭੱਤਾ ਸਿੱਧਾ ਬੈਂਕ ਖਾਤਿਆਂ ਵਿੱਚ ਭੇਜਿਆ ਜਾਵੇ,ਮਿੱਡ-ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਅਤੇ ਬੱਚਿਆਂ ਨੂੰ ਖਵਾਉਣ ਤੋਂ ਬਿਨਾਂ ਵਾਧੂ ਜ਼ਬਰੀ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਆਦਿ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਸਮੇਂ ਸਵੀਟੀ ਤੱਖਰ, ਨਰਿੰਦਰ ਕੌਰ,ਕਿਰਨ, ਬਖਸ਼ੋ ਮਨਜੋਤ ਕੌਰ, ਹਰਪ੍ਰੀਤ ਕੌਰ, ਰਾਜ,ਭੋਲੀ, ਪਰਮਜੀਤ ਕੌਰ, ਪਰਵੀਨ, ਕੁਲਵਿੰਦਰ ਕੌਰ, ਅਨੀਤਾ, ਮਨਜੀਤ ਕੌਰ, ਬਲਜੀਤ ਕੌਰ, ਸਤਿੰਦਰ ਜੀਤ, ਜਸਵਿੰਦਰ ਕੌਰ, ਜਸਵੀਰ ਕੌਰ,ਸੁਬਨਭ, ਸਿਮਰਜੀਤ, ਅਮਰਜੀਤ, ਕੁਲਦੀਪ ਪਾਸਲਾਤੋਂ ਇਲਾਵਾ ਸੁਖਵਿੰਦਰ ਰਾਮ , ਧਰਮਿੰਦਰ ਕੁਮਾਰ , ਅਮਨਦੀਪ ਸਿੰਘ, ਜੀਵਨ ਲਾਲ, ਕਮਲਜੀਤ ਸਿੰਘ ਅਤੇ ਹਰੀਪਾਲ ਆਦਿ ਹਾਜ਼ਰ ਹੋਏ।