
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੇ ਵੱਲੋਂ ਅੱਜ ਵਿਆਜ ਦਰਾਂ ਵਿੱਚ 0.25 ਫੀਸਦੀ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਕੈਸ਼ ਰੇਟ ਵਧ ਕੇ 4æ85 ਫੀਸਦੀ ਹੋ ਗਿਆ ਹੈ ਜੋ ਪਿਛਲੇ 18 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪੁੱਜ ਗਿਆ ਹੈ। ਰਿਜ਼ਰਵ ਬੈਂਕ ਦੇ ਵਲੋਂ ਇਸ ਸਾਲ ਇਹ ਪੰਜਵੀਂ ਵਾਰ ਹੈ ਜਦੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਬਾਰੇ ਫੈਸਲਾ ਅੱਜ ਦੁਪਹਿਰ 2:30 ਵਜੇ ਐਲਾਨਿਆ ਗਿਆ। RBA ਮੁਤਾਬਕ, 2027 ਦੇ ਜ਼ਿਆਦਾਤਰ ਸਮੇਂ ਦੌਰਾਨ ਮਹਿੰਗਾਈ ਉੱਚੀ ਰਹਿ ਸਕਦੀ ਹੈ। ਰਿਜ਼ਰਵ ਬੈਂਕ ਦਾ ਇਹ ਫੈਸਲਾ ਬਹੁਮਤ ਵੋਟ ਨਾਲ ਲਿਆ ਗਿਆ। ਵਿਆਜ ਦਰਾਂ ਵਧਾਉਣ ਦੇ ਹੱਕ ਵਿੱਚ 9 ਵਿੱਚੋਂ 6 ਮੈਂਬਰਾਂ ਨੇ ਵੋਟ ਪਾਈ, ਜਦਕਿ 3 ਮੈਂਬਰ ਵਿਆਜ ਦਰਾਂ ਨੂੰ ਪਹਿਲਾਂ ਵਾਲੇ 4.60 ਫੀਸਦੀ ਪੱਧਰ ‘ਤੇ ਹੀ ਰੱਖਣ ਦੇ ਹੱਕ ਵਿੱਚ ਸਨ।
ਰਿਜ਼ਰਵ ਬੈਂਕ ਦੇ ਵਲੋਂ ਅੱਜ ਵਿਆਜ ਦਰਾਂ ਵਿੱਚ 0.25 ਦਾ ਹੋਰ ਫੀਸਦੀ ਵਾਧੇ ਦੇ ਨਾਲ ਘਰਾਂ ਦੇ ਕਰਜ਼ੇ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਘੱਟੋ-ਘੱਟ 456 ਡਾਲਰ ਦਾ ਵਾਧਾ ਹੋ ਸਕਦਾ ਹੈ। ਭਾਵੇਂ ਆਸਟ੍ਰੇਲੀਆ ਵਿੱਚ ਵਿਆਜ ਦਰਾਂ 2008 ਵਰਗੇ ਪੱਧਰ ਵੱਲ ਵਧ ਰਹੀਆਂ ਹਨ, ਪਰ ਅੱਜ ਘਰ ਖਰੀਦਣ ਵਾਲਿਆਂ ਦੇ ਉਪਰ ਕਰਜ਼ੇ ਉਸ ਸਮੇਂ ਨਾਲੋਂ ਕਾਫ਼ੀ ਵੱਡੇ ਹਨ। ਅੰਕੜਿਆਂ ਮੁਤਾਬਕ, ਨਵਾਂ ਘਰ ਖਰੀਦਣ ਵਾਲੇ ਵਿਅਕਤੀ ਦਾ ਔਸਤ ਕਰਜ਼ਾ ਨਵੰਬਰ 2008 ਵਿੱਚ 254,000 ਡਾਲਰ ਸੀ, ਜੋ ਹੁਣ ਵਧ ਕੇ ਲਗਭਗ 731,000 ਡਾਲਰ ਹੋ ਗਿਆ ਹੈ। ਇਸ ਵਿੱਚ 188 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਦੌਰਾਨ ਘਰਾਂ ਦੀ ਦਰਮਿਆਨੀ ਕੀਮਤ ਵੀ 129 ਫੀਸਦੀ ਵਧ ਕੇ 884,855 ਡਾਲਰ ਤੱਕ ਪਹੁੰਚ ਗਈ ਹੈ। ਅੱਜ ਵਿਆਜ ਦਰਾਂ ਵਿੱਚ ਹੋਰ 0.25 ਫੀਸਦੀ ਦੇ ਵਾਧੇ ਦੇ ਨਾਲ 600,000 ਦੇ ਘਰ ਦੇ ਕਰਜ਼ੇ ਵਾਲੇ ਵਿਅਕਤੀ ਲਈ ਮਹੀਨਾਵਾਰ ਘੱਟੋ-ਘੱਟ ਕਿਸ਼ਤਾਂ ਦਾ ਕੁੱਲ ਵਾਧਾ ਫਰਵਰੀ ਤੋਂ 456 ਹੋ ਜਾਵੇਗਾ।
ਰਿਜ਼ਰਵ ਬੈਂਕ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਧਾਉਂਦਾ ਹੈ। ਇਸ ਦਾ ਮੁੱਖ ਮਕਸਦ ਲੋਕਾਂ ਦੇ ਖਰਚੇ ਘਟਾਉਣਾ ਹੁੰਦਾ ਹੈ ਤਾਂ ਜੋ ਬਾਜ਼ਾਰ ਵਿੱਚ ਚੀਜ਼ਾਂ ਅਤੇ ਸੇਵਾਵਾਂ ਦੀ ਮੰਗ ਘਟੇ ਅਤੇ ਕੀਮਤਾਂ ਵਧਣ ਦੀ ਰਫ਼ਤਾਰ ਹੌਲੀ ਹੋਵੇ। ਹਾਲ ਹੀ ਵਿੱਚ ਮਹਿੰਗਾਈ ਦੇ ਅੰਕੜੇ ਉਮੀਦ ਨਾਲੋਂ ਵੱਧ ਆਉਣ ਤੋਂ ਬਾਅਦ ਵਿਆਜ ਦਰਾਂ ਦੇ ਵਧਣ ਦੀ ਸੰਭਾਵਨਾ ਹੋਰ ਮਜ਼ਬੂਤ ਹੋਈ ਸੀ। ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਮਹਿੰਗਾਈ ਅਜੇ ਵੀ ਕਾਫ਼ੀ ਉੱਚੀ ਹੈ ਅਤੇ ਇਸ ਨੂੰ ਕਾਬੂ ਕਰਨ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਪਰ ਇਸ ਨੀਤੀ ਦਾ ਅਸਰ ਸਾਰੇ ਲੋਕਾਂ ‘ਤੇ ਇੱਕੋ ਜਿਹਾ ਨਹੀਂ ਪੈਂਦਾ। ਆਸਟ੍ਰੇਲੀਆ ਵਿੱਚ ਵਧਦੀਆਂ ਵਿਆਜ ਦਰਾਂ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਮੱਧ ਵਰਗੀ ਪਰਿਵਾਰਾਂ ‘ਤੇ ਪੈ ਰਿਹਾ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਘਰ ਖਰੀਦੇ ਹਨ ਅਤੇ ਜਿਨ੍ਹਾਂ ਦੇ ਘਰਾਂ ਦੇ ਕਰਜ਼ੇ ਕਾਫ਼ੀ ਵੱਡੇ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਉਮਰ ਦੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਕਰਜ਼ੇ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ, ਰਹਿਣ-ਸਹਿਣ ਅਤੇ ਹੋਰ ਪਰਿਵਾਰਕ ਖਰਚੇ ਵੀ ਵੱਧ ਹੁੰਦੇ ਹਨ।
ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਵਿਆਜ ਦਰਾਂ ਦਾ ਅਸਰ ਸਿਰਫ਼ ਕਰਜ਼ਾ ਲੈਣ ਵਾਲਿਆਂ ਤੱਕ ਸੀਮਤ ਨਹੀਂ ਰਹਿੰਦਾ। ਦੂਜੇ ਪਾਸੇ, ਜਿਨ੍ਹਾਂ ਲੋਕਾਂ ਨੇ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਵਾਇਆ ਹੋਇਆ ਹੈ, ਉਨ੍ਹਾਂ ਨੂੰ ਵਿਆਜ ਦਰਾਂ ਵਧਣ ਨਾਲ ਵਧੇਰੇ ਵਿਆਜ ਮਿਲਦਾ ਹੈ। ਇਸ ਫੈਸਲੇ ਦਾ ਅਸਰ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ, ਕਿਰਾਏਦਾਰਾਂ, ਬੱਚਤ ਕਰਨ ਵਾਲਿਆਂ ਅਤੇ ਰਿਟਾਇਰਮੈਂਟ ਦੀ ਆਮਦਨ ‘ਤੇ ਨਿਰਭਰ ਲੋਕਾਂ ਉੱਤੇ ਵੀ ਪਵੇਗਾ। ਵਿਆਜ ਦਰਾਂ ਵਿੱਚ ਇਸ ਵਾਧੇ ਦਾ ਸਿੱਧਾ ਅਸਰ ਜਿਥੇ ਘਰਾਂ ਦੇ ਕਰਜ਼ੇ ਲੈਣ ਵਾਲਿਆਂ ਦੀਆਂ ਮਹੀਨਾਵਾਰ ਕਿਸ਼ਤਾਂ ‘ਤੇ ਪਵੇਗਾ, ਉਥੇ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਵਧੇਰੇ ਵਿਆਜ ਮਿਲੇਗਾ। ਕਈ ਬਜ਼ੁਰਗ ਲੋਕ ਆਪਣੇ ਘਰਾਂ ਦੇ ਕਰਜ਼ੇ ਪਹਿਲਾਂ ਹੀ ਚੁਕਾ ਚੁੱਕੇ ਹਨ ਅਤੇ ਉਨ੍ਹਾਂ ਕੋਲ ਬੈਂਕਾਂ ਵਿੱਚ ਬੱਚਤ ਵੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਵਧੇਰੇ ਵਿਆਜ ਮਿਲਣ ਦਾ ਫਾਇਦਾ ਹੋ ਸਕਦਾ ਹੈ। ਅੰਕੜਿਆਂ ਮੁਤਾਬਕ, 2022 ਤੋਂ ਵਿਆਜ ਦਰਾਂ ਵਧਣ ਤੋਂ ਬਾਅਦ ਘਰਾਂ ਦੇ ਕਰਜ਼ਿਆਂ ‘ਤੇ ਦਿੱਤੇ ਗਏ ਹਰ ਇੱਕ ਡਾਲਰ ਦੇ ਵਾਧੂ ਵਿਆਜ ਦੇ ਮੁਕਾਬਲੇ ਪਰਿਵਾਰਾਂ ਨੂੰ ਲਗਭਗ 72 ਸੈਂਟ ਵਾਧੂ ਵਿਆਜ ਆਮਦਨ ਵਜੋਂ ਮਿਲੇ ਹਨ।
ਆਸਟ੍ਰੇਲੀਆ ਦੀ ਆਰਥਿਕਤਾ ਨੂੰ ਲੈ ਕੇ ਇੱਕ ਹੋਰ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਅਰਥਸ਼ਾਸਤਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਧ ਕੇ 5.1 ਫੀਸਦੀ ਹੋ ਸਕਦੀ ਹੈ। ਅਰਥਸ਼ਾਸਤਰੀਆਂ ਮੁਤਾਬਕ, ਲਗਾਤਾਰ ਵਿਆਜ ਦਰਾਂ ਵਧਣ ਕਾਰਨ ਆਰਥਿਕ ਵਿਕਾਸ ਦੀ ਰਫ਼ਤਾਰ ਵੀ ਹੌਲੀ ਹੋ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰਜ਼ੇ ਵਾਲੇ ਪਰਿਵਾਰਾਂ ਦੇ ਖਰਚੇ ਘਟਾ ਸਕਦਾ ਹੈ। ਇਸ ਨਾਲ ਕਾਰੋਬਾਰਾਂ ਦੀ ਵਿਕਰੀ ਅਤੇ ਨਵੇਂ ਰੁਜ਼ਗਾਰ ਦੇ ਮੌਕਿਆਂ ‘ਤੇ ਵੀ ਅਸਰ ਪੈ ਸਕਦਾ ਹੈ। ਜਦੋਂ ਵਿਆਜ ਦਰਾਂ ਵਧਦੀਆਂ ਹਨ ਤਾਂ ਘਰਾਂ ਦੇ ਕਰਜ਼ੇ ਵਾਲੇ ਲੋਕਾਂ ਨੂੰ ਬੈਂਕਾਂ ਨੂੰ ਹਰ ਮਹੀਨੇ ਵੱਧ ਕਿਸ਼ਤਾਂ ਦੇਣੀਆਂ ਪੈਂਦੀਆਂ ਹਨ। ਇਸ ਕਾਰਨ ਉਨ੍ਹਾਂ ਕੋਲ ਗਰੋਸਰੀ, ਬੱਚਿਆਂ ਦੀ ਪੜ੍ਹਾਈ, ਬਿਜਲੀ, ਪੈਟਰੋਲ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਘੱਟ ਪੈਸੇ ਬਚਦੇ ਹਨ। ਆਰਬੀਏ ਗਵਰਨਰ ਮਿਸ਼ੇਲ ਬੁਲੌਕ ਨੇ ਵੀ ਮੰਨਿਆ ਹੈ ਕਿ ਵਧਦੀਆਂ ਵਿਆਜ ਦਰਾਂ ਕਾਰਨ ਘਰਾਂ ਦੇ ਕਰਜ਼ੇ ਵਾਲੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
