ArticlesPunjab

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ

ਪੰਜਾਬ ਦੇ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖਮੰਤਰੀ, ਸੁਖਜਿੰਦਰ ਸਿੰਘ ਰੰਧਾਵਾ।

ਪੰਜਾਬ ਸਰਕਾਰ ਦੇ ਵਲੋਂ ਪਿਛਲੇ ਦਿਨੀਂ ਆਯੋਜਿਤ ਕੀਤੇ ਗਏ ਇੱਕ ਸਰਕਾਰੀ ਸਮਾਗਮ ਦੀ ਵਰਤੋਂ ਰਾਜਨੀਤਕ ਹਿੱਤਾਂ ਦੇ ਲਈ ਕਰਨ ਅਤੇ ਇਸ ਵਿੱਚ ਸਿਵਲ ਸੇਵਾ ਅਧਿਕਾਰੀਆਂ ਦੀ ਮੌਜੂਦਗੀ ‘ਤੇ ਜਿਥੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ, ਉਥੇ ਹੀ ਇਸ ਸਮਾਗਮ ਦੀਆਂ ਬੇਨਿਯਮੀਆਂ ਦੇ ਖਿਲਾਫ਼ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ ਵੀ ਕੀਤੀ ਗਈ ਹੈ।

ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਦਫ਼ਤਰ, ਇੱਕ ਕੇਂਦਰੀ ਮੰਤਰੀ ਅਤੇ ਕੈਬਨਿਟ ਸਕੱਤਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਮੋਗਾ ਦੇ ਕਿਲੀ ਚਹਿਲਾਂ ਵਿੱਚ ਹੋਈ ‘ਨਸ਼ਾ ਵਿਰੋਧੀ ਜੰਗ’ ਰੈਲੀ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦੀ ਮੌਜੂਦਗੀ ਬਾਰੇ ਰਿਪੋਰਟ ਮੰਗੀ ਹੈ। ਰੰਧਾਵਾ ਦੇ ਅਨੁਸਾਰ, ਸਰਕਾਰੀ ਮੁਹਿੰਮ ਦੇ ਨਾਮ ‘ਤੇ ਆਯੋਜਿਤ ਇਹ ਸਮਾਗਮ ਪੂਰੀ ਤਰ੍ਹਾਂ ਰਾਜਨੀਤਿਕ ਸੀ, ਜਿਸ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ ਅਤੇ ਪਾਰਟੀ ਦੇ ਝੰਡਿਆਂ ਦੇ ਨਾਲ-ਨਾਲ ਰਾਜਨੀਤਿਕ ਨਾਅਰੇ ਲਗਾਏ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਰੈਲੀ ਵਿੱਚ ਸਿਵਲ ਸੇਵਾ ਅਧਿਕਾਰੀਆਂ ਦੀ ਸ਼ਮੂਲੀਅਤ ਆਲ ਇੰਡੀਆ ਸਰਵਿਸਿਜ਼ (ਆਚਰਣ) ਨਿਯਮਾਂ, 1968 ਦੀ ਸ਼ਰੇਆਮ ਉਲੰਘਣਾ ਹੈ। ਇਸ ਸ਼ਿਕਾਇਤ ਰਾਹੀਂ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਅਤੇ ਪ੍ਰਸ਼ਾਸਕੀ ਨਿਰਪੱਖਤਾ ਬਣਾਈ ਰੱਖਣ ਲਈ ਜਾਂਚ ਦੀ ਮੰਗ ਕੀਤੀ ਹੈ।

ਸੰਸਦ ਮੈਂਬਰ ਰੰਧਾਵਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਿਲੀ ਚਾਹਲ ਰੈਲੀ ਨੂੰ ਸਰਕਾਰੀ ਰੈਲੀ ਦੱਸਿਆ ਗਿਆ ਸੀ, ਪਰ ਉੱਥੇ ਮਾਹੌਲ ਪੂਰੀ ਤਰ੍ਹਾਂ ਪੱਖਪਾਤੀ ਸੀ। ਪਾਰਟੀ ਦੇ ਝੰਡੇ, ‘ਆਪ’ ਆਗੂਆਂ ਦੀ ਸ਼ਮੂਲੀਅਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਰਾਜਨੀਤਿਕ ਬਿਆਨਬਾਜ਼ੀ ਸਾਬਤ ਕਰਦੀ ਹੈ ਕਿ ਇਸਨੂੰ ਜਾਣਬੁੱਝ ਕੇ ਇੱਕ ਰਾਜਨੀਤਿਕ ਪਲੇਟਫਾਰਮ ਵਜੋਂ ਵਰਤਿਆ ਗਿਆ ਸੀ। ਇਹ ਸੰਵਿਧਾਨ ਦੀ ਭਾਵਨਾ ਦੇ ਉਲਟ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਮਜ਼ਾਕ ਦੱਸਿਆ। ਸ਼ਿਕਾਇਤ ਵਿੱਚ ਸਭ ਤੋਂ ਗੰਭੀਰ ਦੋਸ਼ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਨਾਲ ਸਬੰਧਤ ਹੈ। ਰੰਧਾਵਾ ਦਾ ਮੰਨਣਾ ਹੈ ਕਿ ਮੁੱਖ ਸਕੱਤਰ ਅਤੇ ਡੀਜੀਪੀ ਦੀ ਸ਼ਮੂਲੀਅਤ ਨੇ ਪ੍ਰਸ਼ਾਸਕੀ ਨਿਰਪੱਖਤਾ ਦੇ ਸਿਧਾਂਤ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਇਸ ਨਾਲ ਪੁਲਿਸ ਅਤੇ ਸਿਵਲ ਸੇਵਾ ਦੀ ਨਿਰਪੱਖਤਾ ਵਿੱਚ ਜਨਤਾ ਦਾ ਵਿਸ਼ਵਾਸ ਕਮਜ਼ੋਰ ਹੋਇਆ ਹੈ।

ਸਰਕਾਰੀ ਪ੍ਰੋਗਰਾਮ ਦੇ ਨਾਂ ’ਤੇ ਪਾਰਟੀ ਝੰਡੇ ਲਹਿਰਾਉਣੇ, ਪੱਖਪਾਤੀ ਨਾਅਰੇ ਲਗਾਉਣੇ, ਅਰਵਿੰਦ ਕੇਜਰੀਵਾਲ ਦੀ ਮੁੱਖ ਹਾਜ਼ਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨੇਤਾਵਾਂ ਦੇ ਸਿਆਸੀ ਬਿਆਨ ਇਹ ਸਾਫ਼ ਕਰਦੇ ਹਨ ਕਿ ਇਹ ਮੰਚ ਰਾਜਨੀਤਿਕ ਲਾਭ ਲਈ ਵਰਤਿਆ ਗਿਆ। ਮੁੱਖ ਸਕੱਤਰ ਅਤੇ ਡੀਜੀਪੀ ਦੀ ਭਾਗੀਦਾਰੀ ਵੀ ਆਲ ਇੰਡੀਆ ਸਰਵਿਸਿਜ਼ ਨਿਯਮਾਂ ਦੀ ਭਾਵਨਾ ਦੇ ਉਲਟ ਹੈ। ਜਦੋਂ ਪ੍ਰਸ਼ਾਸਨਕ ਅਧਿਕਾਰੀ ਸਿਆਸੀ ਮੰਚਾਂ ਨਾਲ ਜੋੜੇ ਜਾਣ, ਤਾਂ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ। ਰੰਧਾਵਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਲਿਆ ਜਾਵੇ। ਸਰਕਾਰ ਅਤੇ ਸਿਆਸਤ ਵਿਚਕਾਰ ਦੀ ਲਕੀਰ ਸਪਸ਼ਟ ਰਹਿਣੀ ਚਾਹੀਦੀ ਹੈ, ਇਹੀ ਲੋਕਤੰਤਰ ਦੀ ਮਰਿਆਦਾ ਹੈ।

ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਪੂਰੇ ਮਾਮਲੇ ਦੀ ਸਹੀ ਜਾਂਚ ਕੀਤੇ ਜਾਣ ਦੀ ਅਪੀਲ ਕੀਤੀ ਹੈ।

ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਦਿਲਚਸਪ ਸਤਰਾਂ ਵੀ ਲਿਖੀਆਂ ਹਨ ਕਿ:
ਜਦੋਂ ਕੁਰਸੀ ਦੀ ਵੰਡ ਬਟਵਾਰਾ ਬਣਜੇ,
ਹਸਪਤਾਲ ਦਾਖ਼ਲ ਹੋਣਾ ਪਏ,
ਜਦੋਂ ਸ਼ਰਾਬ ਸਰੂਰ ਨਹੀਂ ਪਰਿਵਾਰ ਲਈ ਪੁਆੜਾ ਬਣ ਜਾਏ,
ਓਸ ਪੰਜਾਬ ਦਾ ਫਿਰ ਰੱਬ ਹੀ ਰਾਖਾ,
ਜਿੱਥੇ ਚੀਫ਼ ਸੈਕਟਰੀ ਅਤੇ ਡੀ ਜੀ ਪੀ ਪੰਜਾਬ
ਕਿਸੇ ਇੱਕ ਪਾਰਟੀ ਦਾ ਬੁਲਾਰਾ ਬਣ ਜਾਏ,
ਜਦੋਂ ਕਾਨੂੰਨ ਕਿਤਾਬਾਂ ਵਿੱਚ ਰਹਿ ਜਾਏ
ਅਤੇ ਇਨਸਾਫ਼ ਫਾਈਲਾਂ ਵਿੱਚ ਕੈਦ ਹੋ ਜਾਏ,
ਜਦੋਂ ਸੱਚ ਬੋਲਣਾ ਜੁਰਮ ਬਣ ਜਾਏ
ਅਤੇ ਚਾਪਲੂਸੀ ਤਰੱਕੀ ਦਾ ਰਸਤਾ ਬਣ ਜਾਏ,
ਜਦੋਂ ਅਫ਼ਸਰ ਲੋਕਾਂ ਦੇ ਨਹੀਂ, ਸਿਆਸਤ ਦੇ ਵਫ਼ਾਦਾਰ ਹੋ ਜਾਣ
ਅਤੇ ਲੋਕਤੰਤਰ ਸਿਰਫ਼ ਚੋਣਾਂ ਤੱਕ ਸੀਮਿਤ ਰਹਿ ਜਾਏ,
ਤਾਂ ਸਮਝ ਲਓ ਸੂਬਾ ਰਾਹ ਭੁੱਲ ਗਿਆ,
ਉਥੇ ਲੋਕਾਂ ਦੀ ਨਹੀਂ, ਲਾਠੀ ਦੀ ਚਲਦੀ ਹੈ,
ਫਿਰ ਲੋਕ ਹੀ ਉੱਠਣਗੇ, ਸਵਾਲ ਵੀ ਕਰਨਗੇ,
ਕਿਉਂਕਿ ਇਤਿਹਾਸ ਗਵਾਹ ਹੈ ਪੰਜਾਬ ਝੁਕਦਾ ਨਹੀਂ,
ਜਦੋਂ ਜ਼ੁਲਮ ਹੱਦਾਂ ਲੰਘ ਜਾਏ।

Related posts

ਤਲਵੰਡੀ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ‘ਚ ਮਿਲੀ ਵੱਡੀ ਜਿੰਮੇਵਾਰੀ

Bunty

Julia Morris Opens Up About Shingles to Spotlight Australia’s ‘Hidden Health Baggage’

admin

ਕੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਮੁੜ ਉਭਰੇਗਾ ?

admin