IndiaSport

6 ਹਾਰਾਂ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੀ ਬੈਂਗਲੁਰੂ ‘ਤੇ ਜਿੱਤ !

ਲਖਨਊ ਸੁਪਰ ਜਾਇੰਟਸ।

ਟਾਟਾ ਆਈਪੀਐਲ 2026 ਦੇ 50ਵੇਂ ਰੋਮਾਂਚਿਕ ਮੈਚ ਦੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਲਗਾਤਾਰ ਛੇ ਆਈਪੀਐਲ ਹਾਰਾਂ ਤੋਂ ਬਾਅਦ ਰੌਇਲ ਚੈਲੇਂਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਮੀਂਹ ਕਾਰਨ 19-19 ਓਵਰਾਂ ਦਾ ਕਰ ਦਿੱਤਾ ਗਿਆ ਸੀ।

ਲਖਨਊ ਸੁਪਰ ਜਾਇੰਟਸ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ ਓਵਰਾਂ ਵਿੱਚ 3 ਵਿਕਟਾਂ ‘ਤੇ 209 ਦੌੜਾਂ ਬਣਾਈਆਂ ਜਦਕਿ ਇਸ ਦੇ ਜਵਾਬ ਵਿੱਚ ਰੌਇਲ ਚੈਲੇਂਜਰਜ਼ ਬੰਗਲੁਰੂ 6 ਵਿਕਟਾਂ ‘ਤੇ ਸਿਰਫ਼ 203 ਦੌੜਾਂ ਹੀ ਬਣਾ ਸਕਿਆ।

ਇਸ ਮੈਚ ਦੇ ‘ਪਲੇਅਰ ਆਫ਼ ਦ ਮੈਚ’ ਬਣੇ ਮਿਸ਼ੇਲ ਮਾਰਸ਼ ਨੇ 9 ਚੌਕੇ ਅਤੇ 9 ਛੱਕਿਆਂ ਦੇ ਨਾਲ ਸੈਂਕੜਾ ਲਾਇਆ। ਇਸ ਮੈਚ ਦੌਰਾਨ ਨਿਕੋਲਸ ਪੂਰਨ ਨੇ 38 ਦੌੜਾਂ ਬਣਾਈਆਂ ਅਤੇ ਕਪਤਾਨ ਰਿਸ਼ਭ ਪੰਤ 32 ਦੌੜਾਂ ਬਣਾ ਕੇ ਨਾਟ-ਆਊਟ ਰਹੇ। ਬੈਂਗਲੁਰੂ ਲਈ ਜੋਸ਼ ਹੇਜ਼ਲਵੁੱਡ, ਕਰੁਣਾਲ ਪੰਡਯਾ ਅਤੇ ਰਸਿਖ ਸਲਾਮ ਨੇ ਇੱਕ-ਇੱਕ ਵਿਕਟ ਲਈ।

ਰੌਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਨੇ 5.4 ਓਵਰਾਂ ਦੇ ਪਾਵਰਪਲੇਅ ਵਿੱਚ 40 ਦੌੜਾਂ ਬਣਾਉਂਦੇ ਹੋਏ ਜੈਕਬ ਬੈਥਲ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਗੁਆ ਦਿੱਤੀਆਂ। ਕਪਤਾਨ ਰਜਤ ਪਾਟੀਦਾਰ ਨੇ ਦੇਵਦੱਤ ਪਾਡੀਕਲ ਨਾਲ 53 ਗੇਂਦਾਂ ਵਿੱਚ ਤੀਜੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਖੇਡ ਵਿੱਚ ਬਣਾਈ ਰੱਖਿਆ। ਮੈਚ ਦੇ ਦੌਰਾਨ ਟਿਮ ਡੇਵਿਡ (17 ਗੇਂਦਾਂ ਵਿੱਚ 40 ਦੌੜਾਂ), ਕਰੁਣਾਲ ਪਾਂਡਿਆ (16 ਗੇਂਦਾਂ ਵਿੱਚ 28 ਦੌੜਾਂ ਨਾਟ-ਆਊਟ) ਅਤੇ ਰੋਮਾਰੀਓ ਸ਼ੈਫਰਡ (15 ਗੇਂਦਾਂ ਵਿੱਚ 23 ਦੌੜਾਂ ਨਾਟ-ਆਊਟ) ਦੀਆਂ ਤੇਜ਼ ਪਾਰੀਆਂ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੀਆਂ।

ਮੈਚ ਦੌਰਾਨ ਪ੍ਰਿੰਸ ਯਾਦਵ ਨੇ 3 ਵਿਕਟਾਂ ਲਈਆਂ ਅਤੇ ਉਸਨੇ ਵਿਰਾਟ ਕੋਹਲੀ (0), ਜਿਤੇਸ਼ ਸ਼ਰਮਾ (1 ਦੌੜ) ਅਤੇ ਦੇਵਦੱਤ ਪਾਡੀਕਲ (34 ਦੌੜਾਂ) ਨੂੰ ਆਊਟ ਕੀਤਾ। ਸ਼ਾਹਬਾਜ਼ ਅਹਿਮਦ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਸ਼ਮੀ ਨੇ ਇੱਕ ਵਿਕਟ ਲਈ।

ਲਖਨਊ ਸੁਪਰ ਜਾਇੰਟਸ ਅਤੇ ਰੌਇਲ ਚੈਲੇਂਜਰਜ਼ ਬੰਗਲੁਰੂ ਟੀਮਾਂ ਦੇ ਖਿਡਾਰੀਆਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।

ਲਖਨਊ ਸੁਪਰ ਜਾਇੰਟਸ: ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਅਰਸ਼ਿਨ ਕੁਲਕਰਨੀ, ਨਿਕੋਲਸ ਪੂਰਨ, ਮਿਸ਼ੇਲ ਮਾਰਸ਼, ਏਡਨ ਮਾਰਕਰਮ, ਅਕਸ਼ਤ ਰਘੂਵੰਸ਼ੀ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਦਿਗਵੇਸ਼ ਰਾਠੀ, ਮੁਹੰਮਦ ਸ਼ਮੀ, ਅਤੇ ਪ੍ਰਿੰਸ ਯਾਦਵ। ਪ੍ਰਭਾਵੀ ਖਿਡਾਰੀ: ਮਯੰਕ ਯਾਦਵ।

ਰੌਇਲ ਚੈਲੇਂਜਰਜ਼ ਬੰਗਲੁਰੂ: ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਜੈਕਬ ਬੈਥਲ, ਦੇਵਦੱਤ ਪਡੀਕਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਅਤੇ ਸੁਯਸ਼ ਸ਼ਰਮਾ। ਪ੍ਰਭਾਵ ਵਿਕਲਪ: ਟਿਮ ਡੇਵਿਡ, ਜੌਰਡਨ ਕੌਕਸ, ਮੰਗੇਸ਼ ਯਾਦਵ, ਵਿੱਕੀ ਓਸਵਾਲ, ਅਤੇ ਵੈਂਕਟੇਸ਼ ਅਈਅਰ।

Related posts

‘ਪੈਨਸ਼ਨ ਯੋਜਨਾ’ : ਅਸੰਗਠਿਤ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ ਸੋਸ਼ਲ ਸਕਿਉਰਿਟੀ !

admin

ਵੰਦੇ ਮਾਤਰਮ ਦਾ ਅਪਮਾਨ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ !

admin

ਭਾਰਤ-ਪਾਕਿਸਤਾਨ ਵਿਚਕਾਰ ਦੁਵੱਲੇ ਮੈਚਾਂ ‘ਤੇ ਪਾਬੰਦੀ ਜਾਰੀ ਰਹੇਗੀ !

admin