ਪੰਜਾਬ ਸਰਕਾਰ ਦੇ ਡੇਅਰੀ ਬ੍ਰਾਂਡ ਵੇਰਕਾ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਸ ਇਸ਼ਤਿਹਾਰ ਨੂੰ ਹਟਾ ਲਿਆ ਹੈ, ਜਿਸ ਵਿੱਚ ‘ਹਾਊ ਟੂ ਕਿਡਨੈਪ ਮੀ?’ (ਮੈਨੂੰ ਕਿਵੇਂ ਅਗਵਾ ਕਰਨਾ ਹੈ?) ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਇਹ ਇਸ਼ਤਿਹਾਰ ਵੇਰਕਾ ਵੱਲੋਂ ਮੈਂਗੋ ਲੱਸੀ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸੀ, ਪਰ ਇਸ ਦੇ ਸਿਰਲੇਖ ਨੇ ਵਿਵਾਦ ਖੜਾ ਕਰ ਦਿੱਤਾ, ਜਿਸ ਦਾ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ, ਜਿਸ ਕਾਰਨ ਕੰਪਨੀ ਨੇ ਇਸ ਨੂੰ ਵਾਪਸ ਲੈ ਲਿਆ।
ਡੇਅਰੀ ਬ੍ਰਾਂਡ ਵੇਰਕਾ ਦੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ ਇੱਕ ਰੀਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਇਸਨੂੰ ਹਟਾ ਦਿੱਤਾ ਗਿਆ। ਰੀਲ ਵਿੱਚ ਇੱਕ ਨੌਜਵਾਨ ਕੁੜੀ ਉੱਚੀਆਂ ਇਮਾਰਤਾਂ ਦੇ ਵਿਚਕਾਰ ਸਥਿਤ ਪਾਰਕਿੰਗ ਵਿੱਚ ਖੜ੍ਹੀ ਦਿਖਾਈ ਦਿੰਦੀ ਹੈ, ਜਦਕਿ ਪਿਛੋਕੜ ਵਿੱਚ ਇੱਕ ਹਿੰਦੀ ਫ਼ਿਲਮੀ ਗੀਤ ਚੱਲ ਰਿਹਾ ਹੁੰਦਾ ਹੈ। ਵੀਡੀਓ ਵਿੱਚ ਸਾਹਮਣੇ ਤੋਂ ਇੱਕ ਹੱਥ ਵੇਰਕਾ ਮੈਂਗੋ ਲੱਸੀ ਦਾ ਟੈਟਰਾਪੈਕ ਪੇਸ਼ ਕਰਦਾ ਹੈ ਅਤੇ ਸਕ੍ਰੀਨ ‘ਤੇ “ਹਾਊ ਟੂ ਕਿਡਨੈਪ ਮੀ?” ਲਿਖਿਆ ਦਿਖਾਈ ਦਿੰਦਾ ਹੈ। ਅੱਗੇ ਕੁੜੀ ਨੂੰ ਇੱਕ ਦਰੱਖਤ ਪਿੱਛੇ ਲੁਕਦੇ ਅਤੇ ਫਿਰ ਲੱਸੀ ਦਾ ਪੈਕ ਸਵੀਕਾਰ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਸਮੱਗਰੀ ਨੂੰ ਕਈ ਖਪਤਕਾਰਾਂ ਅਤੇ ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਆਵਾਜ਼ਾਂ ਨੇ ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰ ਕਰਾਰ ਦਿੱਤਾ। ਇਸਨੂੰ ਕਈ ਵੇਰਕਾ ਖਪਤਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਰੀਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਚੰਡੀਗੜ੍ਹ ਦੀ ਰਹਿਣ ਵਾਲੀ ਸਿਮਰਨ ਨੇ ਕਿਹਾ ਕਿ ਇੱਕ ਸਰਕਾਰੀ ਮਾਲਕੀ ਵਾਲੇ ਬ੍ਰਾਂਡ ਵੱਲੋਂ ਇੱਕ ਨੌਜਵਾਨ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਵਿੱਚ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੀਆਂ ਪੋਸਟਾਂ ਲਈ ਢੁੱਕਵੇਂ ਨਿਯੰਤਰਣ ਹੋਣੇ ਚਾਹੀਦੇ ਹਨ।
ਇਸ ਮਾਮਲੇ ‘ਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਉਹ ਇਸ ਰੀਲ ਬਾਰੇ ਪਹਿਲਾਂ ਜਾਣੂ ਨਹੀਂ ਸਨ, ਪਰ ਉਨ੍ਹਾਂ ਨੇ ਮੰਨਿਆ ਕਿ ਇਹ ਪੂਰੀ ਤਰ੍ਹਾਂ ਅਣਉਚਿਤ ਸੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਮੁਹਿੰਮਾਂ ਇੱਕ ਬਾਹਰੀ ਏਜੰਸੀ ਨੂੰ ਸੌਂਪੀਆਂ ਗਈਆਂ ਹਨ, ਪਰ ਇਸ ਤਰ੍ਹਾਂ ਦੀ ਸਮੱਗਰੀ ਕਿਸੇ ਵੀ ਹਾਲਤ ਵਿੱਚ ਕਬੂਲਯੋਗ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
