ਹੁਸ਼ਿਆਰਪੁਰ – ਪੰਜਾਬ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ 12 ਜੂਨ ਨੂੰ ਜ਼ਿਲ੍ਹੇ ਦੀ ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਈ.ਵੀ.ਐੱਮ. ਰਾਹੀਂ ਵੋਟਾਂ ਪਾਈਆਂ ਜਾਣਗੀਆਂ।
ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਿੰਗ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਵਾਰਡਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਲਈ ਕੁੱਲ 9 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਰ ਆਪਣੇ ਵੋਟਰ ਕਾਰਡ ਨਾਲ ਵੋਟ ਪਾ ਸਕਣਗੇ। ਜੇਕਰ ਕਿਸੇ ਵੋਟਰ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਉਹ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਵਾਲਾ ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਵਾਲਾ ਅਸਲਾ ਲਾਇਸੈਂਸ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਫੋਟੋ ਸਮੇਤ ਆਜ਼ਾਦੀ ਘੁਲਾਟੀਆਂ ਦਾ ਪਛਾਣ ਪੱਤਰ ਅਤੇ ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਦਿਖਾ ਕੇ ਵੀ ਵੋਟ ਪਾ ਸਕਦੇ ਹਨ। ਇਸੇ ਤਰ੍ਹਾਂ ਕਿਰਤ ਮੰਤਰਾਲੇ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਸੰਸਦ ਮੈਂਬਰਾਂ ਜਾਂ ਵਿਧਾਇਕਾਂ ਨੂੰ ਜਾਰੀ ਪਛਾਣ ਪੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਯੂ.ਡੀ.ਆਈ.ਡੀ. ਕਾਰਡ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਰੀ ਵਿਭਾਗੀ ਪਛਾਣ ਪੱਤਰ ਅਤੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਜਾਰੀ ਫੋਟੋ ਵਾਲਾ ਪਛਾਣ ਪੱਤਰ ਦਿਖਾ ਕੇ ਵੀ ਵੋਟ ਪਾਈ ਜਾ ਸਕੇਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਵੋਟਿੰਗ ਸਮਾਪਤ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ।
